Ad-Time-For-Vacation.png

ਜੰਗੀ ਧਮਕੀਆਂ ਤੋਂ ਪਾਰ ਸੋਚਣ ਦਾ ਵੇਲਾ

(ਹਰੀਸ਼ ਖਰੇ)

ਇਹ ਅਤਿਅੰਤ ਸ਼ਾਤਿਰ ਅਤੇ ਸਿਆਸੀ ਗ਼ੈਰਇਖ਼ਲਾਕੀ ਦਾ ਮਾਹਿਰ ਹੈਨਰੀ ਕਿਸਿੰਗਰ ਸੀ ਜਿਸ ਨੇ ਕਿਸੇ ਵਕਤ, ਤਾਕਤ ਦੀ ਵਰਤੋਂ ਦੀ ਤਰਜੀਹੀ ਰਣਨੀਤੀ ਨੂੰ ਘਰੇਲੂ ਪਸਾਰ ਦਿੱਤੇ ਸਨ। ਉਸ ਮੁਤਾਬਕ, ਜਮਹੂਰੀਅਤਾਂ ਆਪਣੀ ਹਮਲਾਵਰ ਅਤੇ ਫ਼ਰਕਦੇ ਡੌਲਿਆਂ ਵਾਲੀ ਵਿਦੇਸ਼ ਨੀਤੀ ਨਾਲ ਤਦ ਹੀ ਆਪਣੇ ਟੀਚਿਆਂ ਵੱਲ ਰਾਹ ਖੋਲ੍ਹ ਸਕਦੀਆਂ ਹਨ, ਜੇ ਘਰੇਲੂ ਪੱਧਰ ‘ਤੇ ਦ੍ਰਿੜਤਾ ਤੇ ਮਜ਼ਬੂਤੀ ਹੋਵੇ ਤੇ ਕੋਈ ਕਾਣ ਨਾ ਹੋਵੇ; ਨਹੀ ਤਾਂ, ਉਸ ਦੀ ਦਲੀਲ ਸੀ, ”ਵਿਹਾਰਕ ਪੱਧਰ ‘ਤੇ ਜਿਹੜੀਆਂ ਛੋਟਾਂ ਜ਼ਰੂਰੀ ਹੁੰਦੀਆਂ ਹਨ, ਉਹ ਘਰੇਲੂ ਵਿਰੋਧੀਆਂ ਵੱਲੋਂ ਕਮਜ਼ੋਰੀ ਵਜੋਂ ਉਭਾਰੀਆਂ ਜਾ ਸਕਦੀਆਂ ਹਨ।” ਅਜਿਹੀ ਸਹਿਮਤੀ ਬਾਝੋਂ ਇਸ ਦਾ ਮਤਲਬ ਇਹੀ ਹੈ ਕਿ ”ਅਗਾਂਹ ਵਾਲਾ ਰਸਤਾ ਖ਼ਤਰਿਆਂ ਵੱਲ ਹੀ ਖੁੱਲ੍ਹਦਾ ਹੈ।”

ਹੁਣ ਜਦੋਂ ਅਸੀਂ ਉੜੀ ਵਾਲੀ ਘਟਨਾ ਤੋਂ ਬਾਅਦ, ਪਾਕਿਸਤਾਨ ਤੋਂ ਬਦਲਾ ਲੈਣ ਦੇ ਢੰਗ-ਤਰੀਕਿਆਂ ਉੱਤੇ ਵਿਚਾਰਾਂ ਕਰ ਰਹੇ ਹਾਂ, ਤਾਂ ”ਖ਼ਤਰਿਆਂ ਦੇ ਰਾਹ ਪੈਣ” ਦੀ ਇਸ ਕਿਸਿੰਗਰੀ ਚਿਤਾਵਨੀ ਬਾਰੇ ਧਿਆਨ ਧਰਨਾ ਠੀਕ ਰਹੇਗਾ। ਬੜੇ ਜ਼ੋਰ-ਸ਼ੋਰ, ਰੋਹ ਅਤੇ ਰੋਸ ਨਾਲ ਇਹ ਮੰਗ ਉੱਠ ਰਹੀ ਹੈ, ਕਿ ਪ੍ਰਧਾਨ ਮੰਤਰੀ ਦਾ ਸਖ਼ਤ ਅਤੇ ਸਪਸ਼ਟ ”ਨਾਮੋ” ਵਾਲਾ ਜਿਹੜਾ ਅਕਸ ਉਸਾਰਿਆ ਗਿਆ ਸੀ, ਉਹ ਉਸ ਉੱਤੇ ਪੂਰੇ ਉੱਤਰਨ। ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਮੰਤਰੀ ਦੀ ਦਲੀਲ ਹੈ ਕਿ ਜੇ ਪਾਕਿਸਤਾਨ ਨੂੰ ਸਬਕ ਨਾ ਸਿਖਾਇਆ ਗਿਆ ਤਾਂ ਇਹ ”ਬੁਜ਼ਦਿਲੀ” ਦੇ ਬਰਾਬਰ ਹੋਵੇਗਾ। ਸਾਡਾ ਅਸਪਸ਼ਟ, ਭਾਵਹੀਣ ਤੇ ਤਰਕਹੀਣ ਰੱਖਿਆ ਮੰਤਰੀ,ਪ੍ਰਧਾਨ ਮੰਤਰੀ ਲਈ ਖ਼ਤਰੇ ਵਧਾਉਂਦਾ ਹੀ ਚਲਾ ਜਾ ਰਿਹਾ ਹੈ। ਨੈੱਟ ਉੱਪਰ ਬਲੌਗਾਂ ‘ਤੇ ਤਾਂ ਜਜ਼ਬਾਤ ਨੂੰ ਰੋਗ ਦੀ ਹੱਦ ਤਕ ਭੜਕਾਇਆ ਜਾ ਰਿਹਾ ਹੈ। ਤਾਅਨਿਆਂ-ਮਿਹਣਿਆਂ ਨਾਲ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਹੁੰਦਿਆਂ-ਸੁੰਦਿਆਂ ਪਹਿਲਾਂ ਦੀਨਾਨਗਰ, ਇਸ ਤੋਂ ਬਾਅਦ ਪਠਾਨਕੋਟ ਅਤੇ ਹੁਣ ਉੜੀ ਵਾਲਾ ਭਾਣਾ ਵਾਪਰ ਗਿਆ ਹੈ। ਸੰਕੇਤ ਇਹ ਹਨ ਕਿ ਪੁਰਾਣੇ ”ਨਾਮੋ” ਵਾਲੇ ਸਾਰੇ ਸੱਚ ਖੋਖਲੇ ਸਾਬਤ ਹੋਏ ਹਨ। ਤੇ ਹੁਣ ਹਰ ਦੇਸ਼ ਭਗਤ ਕੋਲ ਸੁਝਾਵਾਂ ਦੀ ਲੰਮੀ ਸੂਚੀ ਹੈ ਕਿ ਪਾਕਿਸਤਾਨ ਨੂੰ ਨੱਕ ਥੀਂ ਚਨੇ ਚਬਾਉਣ ਲਈ ਪ੍ਰਧਾਨ ਮੰਤਰੀ ਨੂੰ ਕੀ ਕਰਨਾ ਚਾਹੀਦਾ ਹੈ। ਕੀ ਪ੍ਰਧਾਨ ਮੰਤਰੀ ਆਪਣੇ ਵੱਲੋਂ ਹੀ ਪੈਦਾ ਕੀਤੀ ਭੀੜ ਵੱਲੋਂ ਵਿਛਾਏ ਜਾਲ ਤੋਂ ਬਚ ਸਕਦੇ ਹਨ? ਹਰ ਰਾਤ ਟੈਲੀਵਿਜ਼ਨੀ ਬਹਿਸਾਂ ਦੌਰਾਨ ਕਮਾਂਡਰਾਂ ਦਾ ਰੂਪ ਧਾਰੀ ਬੈਠੇ ਐਂਕਰ ਅਤੇ ਹੋਰ ਚੇਲੇ-ਚਾਟੜੇ ਅਜਿਹੇ ਜਜ਼ਬਾਤ ਨੂੰ ਹੋਰ ਹਵਾ ਦਿੰਦੇ ਆ ਰਹੇ ਹਨ। ਕੀ ਇਸ ”ਸਿਸਟਮ” ਵਿੱਚ ਅਜਿਹਾ ਕੋਈ ਸੰਜਮ ਅਤੇ ਸਮਝ ਬਾਕੀ ਬਚੇ ਹਨ ਜਿਹੜੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਜ਼ਾਰਤੀ ਤੇ ਸਿਆਸੀ ਸਾਥੀਆਂ ਨੂੰ ਇਸ ਜਾਲ ਦੀ ਫ਼ਿਤਰਤ ਬਾਰੇ ਸਮਝਾ ਸਕਣ? ਜਦੋਂ ਤੱਕ ਅਸੀਂ ਇਸ ਬਾਰੇ ਕੋਈ ਪੁਣ-ਛਾਣ ਨਹੀਂ ਕਰਦੇ ਅਤੇ ਸਥਿਤੀ ਨੂੰ ਸਹੀ ਪਰਿਪੇਖ ਵਿੱਚ ਦੇਖਣਾ ਨਹੀਂ ਸਿੱਖਦੇ, ਸਾਨੂੰ ਪਠਾਨਕੋਟ ਅਤੇ ਉੜੀ ਵਰਗੇ ਕਾਂਡਾਂ ਦਾ ਸਾਹਮਣਾ ਕਰਨਾ ਹੀ ਪਵੇਗਾ।

ਆਓ, ਰਤਾ ਇਹ ਸਮਝੀਏ ਕਿ ਇਹ ਜਾਲ ਆਪ-ਸਹੇੜਿਆ ਹੈ। ਅਸੀਂ ਆਪਣੇ ਦੁਆਲੇ ਇਹ ਜਾਲ ਪਿਛਲੇ ਤਿੰਨ ਦਹਾਕਿਆਂ ਤੋਂ ਬੁਣਦੇ ਆ ਰਹੇ ਹਾਂ। ਇਸ ਅਮਲ ਵਿੱਚ ਕਈ ਤੱਥ, ਆਧਾਰ ਬਣ ਕੇ ਜੁੜ ਗਏ ਹਨ। ਪਹਿਲਾ, ਇਹ ਪੁਰਾਣੀ ਗੁਸੈਲ ਹਿੰਦੂ ਸੋਚ ਬਣੀ ਹੋਈ ਹੈ ਕਿ ਪੰਜ ਸਦੀਆਂ ਤੋਂ ਵੀ ਵੱਧ ਸਮੇਂ ਤੱਕ ”ਮੁਗਲਾਂ” ਨੇ ”ਸਾਡੇ” ਉੱਤੇ ਰਾਜ ਕੀਤਾ। ਇਸ ਸੋਚ ਦੇ ਮੁਰੀਦ ਪਾਕਿਸਤਾਨ ਨੂੰ ਇਨ੍ਹਾਂ ਦਰਦਨਾਕ ਇਤਿਹਾਸਕ ਯਾਦਾਂ ਦਾ ਅਗਲਾ ਵਿਸਥਾਰ ਮੰਨਦੇ ਹਨ। ਜਦੋਂ ਵੀ ਸਾਡੇ ਅੰਦਰੂਨੀ ਸਿਆਸੀ ਕਲੇਸ਼ਾਂ ਲਈ ਮੁਆਫ਼ਕ ਹੁੰਦਾ ਹੈ, ਉਦੋਂ ਇਹ ਇਤਿਹਾਸਕ ਕਿੱਸੇ ਗਾਹੇ-ਬਗਾਹੇ ਉਭਾਰ ਦਿੱਤੇ ਜਾਂਦੇ ਹਨ।ਦੂਜਾ, ਅਸੀਂ ਬੰਗਲਾਦੇਸ਼ ਕਾਰਨ ਪਾਕਿਸਤਾਨ ਦੇ ਧੁਰ ਅੰਦਰ ਤਕ ਬੈਠੀ ਰਣਨੀਤਕ ਨਮੋਸ਼ੀ ਅਤੇ ਪਸ਼ੇਮਾਨੀ ਵਾਲੇ ਤੱਥ ਤੋਂ ਇਨਕਾਰੀ ਹਾਂ। ਸਾਡੀਆਂ ਆਪਣੀਆਂ ਅਜੀਬ ਘਰੇਲੂ ਮਜਬੂਰੀਆਂ ਕਾਰਨ, ਅਸੀਂ ਇਹ ਭੁੱਲ ਹੀ ਬੈਠੇ ਹਾਂ ਕਿ ਭਾਰਤ ਨੇ ਪਾਕਿਸਤਾਨ ਉੱਤੇ ਸਭ ਤੋਂ ਵੱਧ ਫ਼ੈਸਲਾਕੁਨ, ਹਕੀਕੀ ਅਤੇ ਵਿਆਪਕ ਫ਼ੌਜੀ ਹਾਰ ਥੋਪੀ ਸੀ। ਸੰਸਾਰ ਨੇ ਇਸ ਤਰ੍ਹਾਂ ਦੀ ਕੋਈ

ਹੋਰ ਹਾਰ, ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਦੇਖੀ ਸੀ। 16 ਦਸੰਬਰ 1971 ਨੂੰ ਹੋਇਆ ਆਤਮ-ਸਮਰਪਣ ਜਿਹੜਾ ਅਸੀਂ ਲੈਫਟੀਨੈਂਟ ਜਨਰਲ ਏਏ ਖਾਨ ਨਿਆਜ਼ੀ ਤੋਂ ਕਰਵਾਇਆ ਅਤੇ ਢਾਕਾ ਵਿੱਚ ਰੇਸ ਕੋਰਸ ਵਿਖੇ ਉਸ ਤੋਂ ਸਹੀ ਪੁਆਈ, ਹਾਰ ਨਾਲ ਸਬੰਧਤ ਅਜਿਹਾ ਵਿਆਪਕ ਤੇ ਨਮੋਸ਼ੀ ਵਾਲਾ ਦਸਤਾਵੇਜ਼ ਹੈ ਜਿਸ ਤਰ੍ਹਾਂ ਦਾ ਦਸਤਾਵੇਜ਼ 2 ਸਤੰਬਰ 1945 ਨੂੰ ਅਮਰੀਕੀ ਬੇੜੇ ਯੂਐੱਸਐੱਸ ਮਿਜ਼ੂਰੀ ਵਿੱਚ ਜਨਰਲ ਡੱਗਲਸ ਮੈਕਆਰਥਰ ਨੇ ਜਪਾਨੀ ਸਮਰਪਣ ਵੇਲੇ ਪ੍ਰਵਾਨ ਕਰਵਾਇਆ ਸੀ। ਅਸੀਂ ਉਹ ਇਤਿਹਾਸ ਅਤੇ ਇਸ ਦੇ ਸਾਡੇ ਉੱਤੇ, ਤੇ ਸਾਡੇ ਦੁਸ਼ਮਣ ਉੱਤੇ ਪਏ ਅਸਰਾਂ ਬਾਬਤ ਭੁੱਲ ਗਏ ਹਾਂ।

ਤੀਜਾ, ਇੱਕ ਵਾਰ ਫਿਰ ਆਪਣੇ ਘਰੇਲੂ ਕਾਰਨਾਂ ਕਰਕੇ, ਅਸੀਂ ਆਪਣੇ ਆਪ ਨੂੰ ਦੋ ਵਰਗਾਂ ਵਿੱਚ ਵੰਡ ਲਿਆ ਹੈ: ਉਲਝੇ ਤੇ ਅਸਪਸ਼ਟ ਨਹਿਰੂਵਾਦੀ ਅਤੇ ਮਜ਼ਬੂਤ ਤੇ ਪੱਕੇ ਇਰਾਦੇ ਵਾਲੇ ਦੇਸ਼ਭਗਤ। ਧਰਮ-ਨਿਰਪੱਖਵਾਦੀਆਂ ਉੱਤੇ ਇੱਕ ਤਰ੍ਹਾਂ ਦੀ ਕਾਇਰਤਾ ਦੇ ਦੋਸ਼ ਮੜ੍ਹੇ ਜਾਂਦੇ ਹਨ। ਉਨ੍ਹਾਂ ਅੰਦਰ ਭਬਕ ਅਤੇ ਦੇਸ਼ ਭਗਤੀ ਦੀ ਭਾਵਨਾ ਦੀ ਘਾਟ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ, ਅਤੇ ਇਸੇ ਕਰਕੇ ਪਾਕਿਸਤਾਨੀ ਵੰਗਾਰ ਖ਼ਿਲਾਫ਼ ਖੜ੍ਹਨ ਦੇ ਅਸਮਰੱਥ ਹੋਣ ਦੇ ਦੋਸ਼ ਲਾਏ ਜਾਂਦੇ ਹਨ। ਇਹੀ ਨਹੀਂ, ਨਹਿਰੂਵਾਦੀ ਧਰਮ-ਨਿਰਪੱਖਵਾਦੀਆਂ ਉੱਤੇ ਇਹ ਦੋਸ਼ ਵੀ ਲਾਇਆ ਜਾਂਦਾ ਹੈ ਕਿ ਇਹ ਪਾਕਿਸਤਾਨ ਨਾਲ ”ਨਜਿੱਠਣ” ਦੇ ਮਾਮਲੇ ‘ਤੇ ਸਾਡੇ ਸੁਰੱਖਿਆ ਬਲਾਂ ਨੂੰ ਰੋਕ ਕੇ ਰੱਖਦੇ ਹਨ।

ਚੌਥਾ ਆਧਾਰ, ਇਨ੍ਹਾਂ ਤਿੰਨਾਂ ਦੇ ਜੋੜ-ਮੇਲ ‘ਚੋਂ ਨਿਕਲਦਾ ਹੈ। ਸਾਡੀ ਜੰਗੀ

ਸਾਜ਼ੋ-ਸਾਮਾਨ ਅਤੇ ਬਲਸ਼ਾਲੀ/ਧੱਕੜ ਕੂਟਨੀਤੀ ਬੜੇ ਅਸਰਦਾਰ, ਤਾਕਤਵਰ ਅਤੇ ਉਤਸ਼ਾਹ ਵਾਲੇ ਹਨ। ਹਰ ਮਾਮਲੇ ਵਿੱਚ ਸਾਡਾ ਹੱਥ ਪਾਕਿਸਤਾਨ ਤੋਂ ਉੱਪਰ ਹੈ ਅਤੇ ਅਸੀਂ ਜਦ ਵੀ ਚਾਹੀਏ,ਪਾਕਿਸਤਾਨ ਨੂੰ ਸਬਕ ”ਸਿਖਾ” ਸਕਦੇ ਹਾਂ। ਲੋੜ ਤਾਂ ਬੱਸ ਅਜਿਹੇ ਸਿਆਸੀ ਲੀਡਰ ਦੀ ਹੈ ਜਿਹੜਾ ਮੁਕੰਮਲ ਰੂਪ ਵਿੱਚ ਫ਼ੈਸਲਾਕੁਨ ਹੋਵੇ ਅਤੇ ਕਿਸੇ ਤੋਂ ਡਰਦਾ ਨਾ ਹੋਵੇ।

ਮੰਨਿਆ ਕਿ ਸਿਆਸੀ ਪਾਰਟੀਆਂ ਅਤੇ ਲੀਡਰਾਂ ਨੂੰ ਹੋਰ ਮਾਮਲਿਆਂ ਵਾਂਗ ਹੀ (ਮਸਲਨ ਆਰਥਿਕਤਾ, ਵਿਦੇਸ਼ ਨੀਤੀ ਤੇ ਸਮਾਜਿਕ ਦ੍ਰਿਸ਼ਟੀ), ਪਾਕਿਸਤਾਨ ਦੇ ਮਾਮਲੇ ਉੱਤੇ ਵੀ ਦੂਜਿਆਂ ਨਾਲੋਂ ਵੱਖਰਾ ਪੈਂਤੜਾ ਮੱਲਣਾ ਹੁੰਦਾ ਹੈ; ਪਰ ਜਦੋਂ ਮਾਮਲਾ ਪਾਕਿਸਤਾਨ ਦਾ ਹੋਵੇ, ਸਾਡਾ ਸਿਆਸੀ ਰੁਖ਼ ਨਾ ਸਿਰਫ਼ ਕੁਰੱਖ਼ਤ ਹੋ ਜਾਂਦਾ ਹੈ, ਸਗੋਂ ਇਹ ਝੱਟ ਨੀਤੀ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਹੋਰ ਕੁਝ ਨਹੀਂ, ਸਿਰਫ਼ ਕੌਮੀ ਤਰਾਸਦੀ ਹੈ ਕਿ ਸਾਡੀ ਰਣਨੀਤਿਕ ਪਹੁੰਚ ਦਾ ਚੋਖਾ ਹਿੱਸਾ, ਇਸ ਆਪੂੰ-ਘੜੀ ਦਲੀਲ ਨੂੰ ਹੀ ਸ਼ਹਿ ਅਤੇ ਹੱਲਾਸ਼ੇਰੀ ਦਿੰਦਾ ਹੈ। ਅਸੀਂ ਚਿਰਾਂ ਤੋਂ ਇਹੀ ਰਾਗ਼ ਅਲਾਪ ਰਹੇ ਹਾਂ। ਸਾਡਾ ਬੋਝਾ ਅਜਿਹੀ ਧਮਕੀਆਂ ਅਤੇ ਵਿਹਾਰਾਂ ਨਾਲ ਭਰਿਆ ਪਿਆ ਹੈ। ਸਾਡੇ ਰਣਨੀਤਕ ਮਾਹਿਰ, ਪਾਕਿਸਤਾਨ ਦੇ ਇਰਾਦਿਆਂ ਦੇ ਮਾਮਲੇ ਬਾਰੇ ਆਪਸ ਵਿੱਚ ਖੂਬ ਖਹਿਬੜ ਰਹੇ ਹਨ; ਕੁਝ ਆਪਣੇ-ਆਪ ਨੂੰ ਜ਼ਿਆਦਾ ਹੀ ਚਤੁਰ ਸਮਝਦੇ ਹਨ ਕਿ ਉਨ੍ਹਾਂ ਨੂੰ ਇਸਲਾਮਾਬਾਦ ਤੇ ਰਾਵਲਪਿੰਡੀ ਦੇ ਪ੍ਰਬੰਧਾਂ ਬਾਰੇ ਵੱਧ ਵਾਕਫ਼ੀਅਤ ਹੈ; ਕੁਝ ਇਹ ਸੋਚਦੇ ਹਨ ਕਿ ਉਨ੍ਹਾਂ ਕੋਲ ਸਬੂਤ ਹਨ ਅਤੇ ਉਹ ਇਹ ਐਲਾਨ ਵੀ ਕਰਦੇ ਹਨ ਕਿ ਪਾਕਿਸਤਾਨੀ ਫ਼ੌਜ ਦਾ ਇੱਕੋ-ਇੱਕ ਮਕਸਦ ”ਭਾਰਤ ਨਾਲ ਦੁਸ਼ਮਣੀ” ਹੈ। ਆਪੇ ਪਾਏ ਜਾ ਰਹੇ ਇਸ ਸਾਰੇ ਰੌਲੇ-ਰੱਪੇ ਵਿੱਚ ਅਸੀਂ ਪਾਕਿਸਤਾਨ ਦੇ ਸੁਰੱਖਿਆ ਅਮਲੇ ਦੇ ਜੋੜ-ਮੇਲ ਅਤੇ ਘਾਗ਼ਪੁਣੇ ਨੂੰ ਘਟਾ ਕੇ ਦੇਖਦੇ ਹਾਂ। ਇਸ ਤੋਂ ਵੀ ਬਦਤਰ, ਅਸੀਂ ਆਪਣੇ ਕਰੜੇ ਵਿਰੋਧੀ ਖ਼ਿਲਾਫ਼ ਆਪਣੇ ਸਭ ਔਜ਼ਾਰਾਂ,ਪ੍ਰਤੱਖ ਤੇ ਗੁਪਤ ਨੂੰ ਹਾਲਾਤ ਮੁਤਾਬਕ ਤਿੱਖੇ ਕਰਨ ਤੋਂ ਵੀ ਰਹਿ ਜਾਂਦੇ ਹਾਂ। ”9/11” ਤੋਂ ਬਾਅਦ, ਅਸੀਂ ਆਪਣੇ ਆਪ ਉੱਤੇ ਇਕ ਹੋਰ ਬੋਝ ਲੱਦ ਲਿਆ ਹੈ। ਤੇ ਇਹ ਬੋਝ ਅਮਰੀਕਾ ਦੀ ”ਦਹਿਸ਼ਤ ਖ਼ਿਲਾਫ਼ ਜੰਗ” ਦਾ ਹੈ। 9/11 ਤੋਂ ਪਹਿਲਾਂ ਅਸੀਂ ਦਹਿਸ਼ਤਪਸੰਦਾਂ ਤੇ ਵਿਦਰੋਹੀਆਂ ਨਾਲ ਕਾਰਗਰ ਢੰਗ ਨਾਲ ਨਜਿੱਠ ਰਹੇ ਸਾਂ, ਉਨ੍ਹਾਂ ਨਾਲ ਵੀ ਜਿਹੜੇ ਕੰਟਰੋਲ ਰੇਖਾ ਪਾਰੋਂ ਆਉਂਦੇ ਸਨ। ਅਸੀਂ ਭੁੱਲ ਗਏ ਹਾਂ ਕਿ ਅਸੀਂ ਇਨ੍ਹਾਂ ਸਾਲਾਂ ਦੌਰਾਨ ਤਕੜੇ ”ਮਹਿਮਾਨ ਮੁਜਾਹਿਦੀਨ” ਨਾਲ ਵੀ ਬਹੁਤ ਹਠ ਅਤੇ ਚਤੁਰਾਈ ਨਾਲ ਸਿੱਝਦੇ ਰਹੇ ਹਾਂ।

ਅਸੀਂ ਕਿਉਂਕਿ ਆਪਣੇ-ਆਪ ਨੂੰ ”ਦਹਿਸ਼ਤ ਖ਼ਿਲਾਫ਼ ਜੰਗ” ਦੇ ਅਮਰੀਕੀ ਆਡੰਬਰ ਅੰਦਰ ਫਸਣ ਦਿੱਤਾ ਹੈ, ਇਸ ਲਈ ਅਸੀਂ ਹਥਿਆਰਬੰਦ ਦਹਿਸ਼ਤੀਆਂ ਨੂੰ ਉਨ੍ਹਾਂ ਦੇ ਅਸਲ ਨਾਲੋਂ ਕਿਤੇ ਵੱਧ ਸ਼ਾਬਦਿਕ ਤੇ ਜੰਗਜੂ ਅਹਿਮੀਅਤ ਬਖ਼ਸ਼ ਦਿੱਤੀ ਹੈ। ਇਸ ਅਮਲ ਦੌਰਾਨ, ਅਸੀਂ ਪਾਕਿਸਤਾਨ ਨੂੰ ਸਾਡੇ ਆਪਣੇ ਰਣਨੀਤਕ ਸੰਤੁਲਨ ਨਾਲ ਖੇਡਣ ਲਈ ਰਾਹ ਖੋਲ੍ਹ ਦਿੱਤੇ। ਇਸੇ ਕਰਕੇ,ਜਦੋਂ ਕੋਈ ਉੜੀ ਵਰਗਾ ਕਾਂਡ ਵਾਪਰਦਾ ਹੈ ਤਾਂ ਸਾਡੇ ਮੁਲਕ ਵਿੱਚ ਕੌਮੀ ਪੱਧਰ ਉੱਤੇ ਖਲਬਲੀ ਮਚੀ ਨਜ਼ਰ ਆਉਂਦੀ ਹੈ। ਉੜੀ ਕਾਂਡ ਹੁਣ ਜਾਗਣ ਦਾ ਵੇਲਾ ਹੋਣਾ ਚਾਹੀਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਭਾਵੁਕਤਾ ਛੱਡ ਕੇ ਕੁਝ ਤੱਥਾਂ ਬਾਰੇ ਸਪਸ਼ਟ ਹੋਈਏ। ਪਹਿਲਾ, ਪਾਕਿਸਤਾਨ ਦੇ ਕੂੜ-ਕਿੱਸਿਆਂ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਨਾ ਹੀ ਇਸ ਵਿੱਚ ਕੋਈ ਸ਼ੱਕ ਹੈ ਕਿ ਪਾਕਿਸਤਾਨ ਦਹਿਸ਼ਤੀ ਗਰੁੱਪਾਂ ਨੂੰ ਸਟੇਟ ਪਾਲਿਸੀ ਵਜੋਂ ਵਰਤਦਾ ਹੈ। ਜਦੋਂ ਅਤੇ ਜਿੱਥੇ ਵੀ ਇਸ ਦਾ ਦਾਅ ਲੱਗੇਗਾ, ਇਹ ਸਾਨੂੰ ਨੁਕਸਾਨ ਪਹੁੰਚਾਏਗਾ; ਪਰ ਰੋਣ-ਕੁਰਲਾਉਣ ਅਤੇ ਸ਼ਿਕਾਇਤ ਕਰਨ ਦੀ ਥਾਂ, ਸਾਨੂੰ ਸਹੀ ਦਿਸ਼ਾ ਅਤੇ ਸਹੀ ਕਿਸਮ ਦੇ ਜਵਾਬ ਵਾਲੇ ਰਾਹ ਪੈਣ ਦੀ ਲੋੜ ਹੈ।

ਦੂਜੇ, ਪਾਕਿਸਤਾਨ ”’ਨਾਮੋ” ਤੋਂ ਡਰਦਾ ਨਹੀਂ ਹੈ। ਅਸੀਂ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲਿਆਂ ਦੇ ਵੇਗ ਵਿੱਚ ਵਹਿ ਗਏ ਹਾਂ, ਪਰ ਬਾਹਰ ਵਾਲੇ ਇੰਨੀ ਆਸਾਨੀ ਨਾਲ ਪ੍ਰਭਾਵਿਤ ਨਹੀਂ ਹੋ ਰਹੇ। ਜਿੰਨੀ ਛੇਤੀ ਅਸੀਂ ਇਹ ਤੱਥ ਤਸਲੀਮ ਕਰ ਲਵਾਂਗੇ, ਮੁਲਕ ਵਜੋਂ ਅਸੀਂ ਕੁਝ ਬਿਹਤਰ ਕਰ ਸਕਾਂਗੇ। ਕਿਸੇ ਇਕ ਲੀਡਰ ‘ਤੇ ਇੰਨੀ ਜ਼ਿਆਦਾ ਨਿਰਭਰਤਾ ਗ਼ੈਰਜ਼ਰੂਰੀ ਅਤੇ ਗ਼ੈਰਹਕੀਕੀ ਹੈ; ਇਹ ਤਾਂ ਸਗੋਂ ਸਾਡੀਆਂ ਵਿਹਾਰਕ ਕਮੀਆਂ ਪੁਰ ਕਰਨ ਦੇ ਰਾਹ ਦਾ ਰੋੜਾ ਬਣਦੀ ਹੈ। ਮੌਜੂਦਾ ਪ੍ਰਸੰਗ ਵਿੱਚ, ਬੁਨਿਆਦੀ ਸਿਆਸੀ ਪੈਂਤੜੇ ਦੀ ਅਸਮਰੱਥਾ ਤੇ ਅਯੋਗਤਾ ਕਾਰਨ,ਸਾਡੇ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੇ ਪੋਲ ਖੁੱਲ੍ਹ ਗਏ ਹਨ। ਇਹ ਦਰਅਸਲ, ਬਹੁਤ ਵੱਡੀ ਰਣਨੀਤਕ ਮੂਰਖਤਾ ਹੈ ਕਿ ਕਸ਼ਮੀਰ ਵਾਦੀ ਵਿੱਚ ਇੰਨੇ ਵੱਡੇ ਪੱਧਰ ਉੱਤੇ ਉਥਲ-ਪੁਥਲ ਚੱਲਦੀ ਹੋਣ ਦੇ ਬਾਵਜੂਦ ਅਸੀਂ ਪਾਕਿਸਤਾਨੀ ਇੱਲਤ ਬਾਰੇ ਕੋਈ ਅਗਾਊਂ ਅੰਦਾਜ਼ਾ ਹੀ ਨਹੀਂ ਲਗਾ ਸਕੇ ਤੇ ਜੇ ਆਪਣੇ ਅਸਥਿਰ ਰੱਖਿਆ ਮੰਤਰੀ ‘ਤੇ ਯਕੀਨ ਕਰੀਏ ਤਾਂ ਸਾਡੇ ਸੁਰੱਖਿਆ ਢਾਂਚੇ ਨੂੰ ਕਾਰਵਾਈਯੋਗ ਖ਼ੁਫ਼ੀਆ ਸੂਚਨਾਵਾਂ ਵੀ ਮਿਲ ਚੁੱਕੀਆਂ ਸਨ। ਇਹ ਅਜਿਹਾ ਸਬਕ ਹੈ ਜੋ ਸਾਨੂੰ ਇਸਰਾਇਲੀਆਂ ਤੋਂ ਸਿੱਖਣਾ ਚਾਹੀਦਾ ਹੈ- ਫ਼ੌਜੀ ਪ੍ਰਬੰਧਾਂ ਦੇ ਮਾਮਲੇ ‘ਤੇ ਬੇਹਿਚਕ ਤਿਆਰੀ ਅਤੇ ਜਵਾਬ ਦੇਣ ਪੱਖੋਂ ਸਪਸ਼ਟ ਪੇਸ਼ੇਵਰ ਪਹੁੰਚ। ਇਹ ਸਬਕ, ਜੇ ਅਸੀਂ ਸਿੱਖਦੇ ਹਾਂ ਤਾਂ ਇਹ 18 ਫ਼ੌਜੀਆਂ ਦੀ ਸ਼ਹਾਦਤ ਦਾ ਮੁੱਲ ਹੋ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.