ਮੈਸੂਰ ਦੇ ਮਾਂਡਪਾ ਜ਼ਿਲ੍ਹੇ ਦੇ ਪਿੰਡ ਮੇਲੂਰਕੁਟ ਵਿਚ 24 ਫਰਵਰੀ 1948 ਨੂੰ ਤਾਮਿਲ ਪਰਿਵਾਰ ਵਿਚ ਪੈਦਾ ਹੋਣ ਵਾਲੀ ਜੈਲਲਿਤਾ ਦੇ ਪਿਤਾ ਜੈ ਰਾਮ ਦੀ ਜਦੋਂ ਮੌਤ ਹੋਈ ਤਾਂ ਉਹ ਸਿਰਫ ਦੋ ਸਾਲਾਂ ਦੀ ਸੀ। ਇਥੋਂ ਹੀ ਉਸ ਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋ ਗਿਆ। ਉਸ ਦੀ ਮਾਂ ਵੇਦਵੱਲੀ ਨੇ ਤਾਮਿਲ ਸਿਨੇਮਾ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣਾ ਨਾਂ ਬਦਲ ਕੇ ਸੰਧਿਆ ਰੱਖ ਲਿਆ। ਜੈਲਲਿਤਾ ਆਪਣੀ ਮਾਸੀ ਤੇ ਨਾਨਾ ਨਾਨੀ ਨਾਲ ਰਹਿ ਕੇ ਬੰਗਲੌਰ ਦੇ ਬਿਸ਼ਪ ਕਾਟਨ ਸਕੂਲ ਵਿਚ ਪੜ੍ਹਨ ਲੱਗੀ। ਮਾਸੀ ਦਾ ਵਿਆਹ ਹੋਣ ਤੋਂ ਬਾਅਦ ਜੈਲਲਿਤਾ ਆਪਣੀ ਮਾਂ ਕੋਲ ਚੇਨਈ ਚਲੀ ਗਈ। ਇਥੋਂ ਉਸ ਦੇ ਜੀਵਨ ਨੇ ਨਵਾਂ ਮੋੜ ਲਿਆ। ਉਸ ਦੀ ਮਾਂ ਨੇ ਪੜ੍ਹਾਈ ਵਿਚ ਮੋਹਰੀ ਹੋਣ ਦੇ ਬਾਵਜੂਦ ਉਸ ਨੂੰ ਫਿਲਮਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ। ਉਸ ਦੇ ਪਰਿਵਾਰ ਦੀ ਮਾਲੀ ਹਾਲਤ ਚੰਗੀ ਨਹੀਂ ਸੀ ਜਿਸ ਕਰਕੇ ਮਹਿਜ਼ 13 ਸਾਲ ਦੀ ਉਮਰੇ ਉਸ ਨੇ ਬਾਲ ਕਲਾਕਾਰ ਵਜੋਂ ਫਿਲਮਾਂ ਵਿਚ ਕੰਮ ਸ਼ੁਰੂ ਕੀਤਾ। 1964 ਵਿਚ ਕੰਨੜ ਫਿਲਮ ‘ਚਿੰਨਨਾਦਾ ਗੋਮਬੇ’ ਤੋਂ ਉਸ ਨੇ ਹੀਰੋਇਨ ਵੱਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਫਿਲਮ ਤੋਂ ਬਾਅਦ ਉਸ ਨੂੰ ਢੇਰ ਸਾਰੀਆਂ ਪੇਸ਼ਕਸ਼ਾਂ ਆਉਣ ਲੱਗੀਆਂ। ਉਸ ਨੇ ਉਸ ਸਮੇਂ ਦੇ ਸਾਰੇ ਸੁਪਰਸਟਾਰਜ਼ ਸ਼ਿਵਾਜੀ ਗਣੇਸ਼ਨ, ਜੈਸ਼ੰਕਰ, ਰਾਜ ਕੁਮਾਰ ਆਦਿ ਨਾਲ ਕੰਮ ਕੀਤਾ। ਫਿਲਮ ਇਤਿਹਾਸਕਾਰਾਂ ਅਨੁਸਾਰ ਜੈਲਲਿਤਾ ਨੇ ਜੈਸ਼ੰਕਰ ਨਾਲ ਦਸ ਤਾਮਿਲ ਫਿਲਮਾਂ ਵਿਚ ਕੰਮ ਕੀਤਾ। ਉਸ ਨੇ ਐਨ ਟੀ ਰਾਮਾ ਰਾਓ ਨਾਲ 12 ਫਿਲਮਾਂ ਵਿਚ ਕੰਮ ਕੀਤਾ। ਸ਼ਿਵਾਜੀ ਗਣੇਸ਼ਨ ਨਾਲ ਕੀਤੀ ਫਿਲਮ ‘ਪਟੀਕਾੜਾ ਪਟਨਾਮਾ’ ਲਈ ਉਸ ਨੂੰ ਕੌਮੀ ਪੁਰਸਕਾਰ ਮਿਲਿਆ। ਇਕ ਫਿਲਮ ਵਿਚ ਉਸ ਨੇ ਸ਼ਿਵਾਜੀ ਦੀ ਬੇਟੀ ਦੀ ਭੂਮਿਕਾ ਵੀ ਨਿਭਾਈ। ਉਨ੍ਹਾਂ ਨੇ ਕੁਝ ਹਿੰਦੀ ਤੇ ਅੰਗਰੇਜ਼ੀ ਫਿਲਮਾਂ ਵਿਚ ਵੀ ਕਿਰਦਾਰ ਨਿਭਾਇਆ ਪਰ ਉਹ ਉਥੇ ਉਸ ਨੂੰ ਬਹੁਤੀ ਸਫ਼ਲਤਾ ਹਾਸਲ ਨਹੀਂ ਹੋ ਸਕੀ।
32 ਸਾਲ ਬਾਅਦ ਸਿਰਜਿਆ ਇਤਿਹਾਸ
ਸਾਲ 2016 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਜੈਲਲਿਤਾ ਨੇ ਰਿਕਾਰਡਤੋੜ ਜਿੱਤ ਹਾਸਲ ਕੀਤੀ। ਤਾਮਿਲਨਾਡੂ ਦੇ ਇਤਿਹਾਸ ਵਿੱਚ 32 ਸਾਲ ਬਾਅਦ ਕਿਸੇ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਬਹੁਮੱਤ ਮਿਲਿਆ ਸੀ।
ਤਿੰਨ ਦਹਾਕੇ ਪਹਿਲਾਂ ਇਹ ਕ੍ਰਿਸ਼ਮਾ ਉਨ੍ਹਾਂ ਦੇ ਰਾਜਨੀਤਿਕ ਗੁਰੂ ਐਮਜੀ ਆਰ ਨੇ ਕੀਤਾ ਸੀ। ਮਈ 2016 ਵਿਚ ਜੈਲਲਿਤਾ ਪੰਜਵੀਂ ਵਾਰ ਰਾਜ ਦੀ ਮੁੱਖ ਮੰਤਰੀ ਬਣੀ ਸੀ।
ਲੋਕਾਂ ਨੂੰ ਕਈ ਫੈ਼ਸਲੇ ਪਸੰਦ ਨਾ ਆਏ
ਸਾਲ 2001 ਵਿਚ ਉਨ੍ਹਾਂ ਨੇ ਲਾਟਰੀ ਟਿਕਟ ‘ਤੇ ਪਾਬੰਦੀ ਲਾ ਦਿੱਤੀ ਸੀ। ਸਮੂਹਿਕ ਹੜਤਾਲ ਕਰਨ ਵਾਲੇ ਦੋ ਲੱਖ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕਿਸਾਨਾਂ ਦੀ ਮੁਫ਼ਤ ਬਿਜਲੀ ‘ਤੇ ਰੋਕ ਲਗਾਈ, ਰਾਸ਼ਨ ਦੀਆਂ ਦੁਕਾਨਾਂ ਤੋਂ ਮਿਲਦੇ ਚਾਵਲ ਦੀ ਕੀਮਤ ਵਧਾਈ, ਪੰਜ ਹਜ਼ਾਰ ਕਮਾਉਣ ਵਾਲੇ ਦਾ ਰਾਸ਼ਨ ਕਾਰਡ ਰੱਦ ਕੀਤਾ, ਬੱਸ ਕਿਰਾਏ ਵਧਾਏ, ਮੰਦਰਾਂ ਵਿਚ ਜਾਨਵਰਾਂ ਦੀ ਬਲੀ ਦੇਣ ‘ਤੇ ਰੋਕ ਲਗਾ ਦਿੱਤੀ ਸੀ। ਲੋਕਾਂ ਨੇ ਉਨ੍ਹਾਂ ਦੇ ਅਜਿਹੇ ਫ਼ੈਸਲੇ ਪਸੰਦ ਨਾ ਕੀਤੇ।
ੲ ਚੋਪੇਅੰਮਾ ਵਿੱਚ ਵੀ ਸਨ ਕਈ ਘਾਟਾਂ
ਅੰਨਾ ਦ੍ਰਮੁਕ ਦੇ ਮੰਤਰੀ ਸੰਸਦ ਮੈਂਬਰ, ਵਿਧਾਇਕ ਨੇਤਾ ਅਤੇ ਸਮਰਥਕ ਉਨ੍ਹਾਂ ਨੂੰ ‘ਅੰਮਾ’ ਅਤੇ ‘ਪੁਰਾਤਤਵੀ ਥਲਾਈਵੀ’ ਜਾਂ ‘ਕ੍ਰਾਂਤੀਕਾਰੀ ਨੇਤਾ’ ਦੇ ਨਾਂ ਤੋਂ ਪੁਕਾਰਦੇ ਹਨ। ਜੈਲਿਲਤਾ ਤਾਮਿਲਨਾਡੂ ਦੀ ਅਜਿਹੀ ਆਖਰੀ ਨੇਤਾ ਹੈ ਜਿਨ੍ਹਾਂ ਨਾਲ ਉਨ੍ਹਾਂ ਦੇ ਸਮਰਥਕ ਕਿਸੇ ਵੀ ਹੱਦ ਤਕ ਜਾ ਕੇ ਉਨ੍ਹਾਂ ਨਾਲ ਖੜ੍ਹੇ ਰਹਿੰਦੇ ਸਨ ਪਰ ਜੈਲਲਿਤਾ ਨੇ ਪਾਰਟੀ ਵਿਚ ਦੂਜੀ ਜਾਂ ਤੀਜੀ ਕਤਾਰ ਦੇ ਕਿਸੇ ਨੇਤਾ ਨੂੰ ਅੱਗੇ ਨਹੀਂ ਆਉਣ ਦਿੱਤਾ।
ਮੁੱਖ ਮੰਤਰੀ ਬਣ ਕੇ ਵਾਪਸ ਆਉਣ ਦੀ ਖਾਧੀ ਸੀ ਸਹੁੰ
ਰਾਸ਼ਟਰਪਤੀ ਸ਼ਾਸਨ ਤੋਂ ਬਾਅਦ ਸਾਲ 1989 ਵਿਚ ਹੋਈ ਵਿਧਾਨ ਸਭਾ ਚੋਣ ਵਿਚ ਜੈਲਲਿਤਾ ਧੜੇ ਨੇ 27 ਸੀਟਾਂ ਜਿੱਤੀਆਂ ਤੇ ਵਿਰੋਧੀ ਧਿਰ ਦੀ ਮੁਖੀ ਬਣੀ ਪਰ 25 ਮਾਰਚ 1989 ਵਿਚ ਤਾਮਲਿਨਾਡੂ ਵਿਧਾਨ ਸਭਾ ਵਿਚ ਜੋ ਕੁਝ ਹੋਇਆ ਉਸ ਨਾਲ ਆਮ ਲੋਕਾਂ ਦੀ ਜੈਲਲਿਤਾ ਪ੍ਰਤੀ ਹਮਦਰਦੀ ਵਿਚ ਵਾਧਾ ਹੋਇਆ। ਉਸ ਵੇਲੇ ਸੱਤਾ ਪੱਖੀ ਡੀਐਮਕੇ ਮੈਂਬਰਾਂ ਵਲੋਂ ਸਦਨ ਵਿਚ ਹੀ ਹੱਥੋਪਾਈ ਕੀਤੀ ਗਈ ਤੇ ਜੈਲਲਿਤਾ ਦੀ ਵੀ ਬੁਰੀ ਤਰ੍ਹਾਂ ਖਿੱਚ-ਧੂਹ ਕੀਤੀ ਗਈ। ਜੈਲਲਿਤਾ ਪਾਟੀ ਹੋਈ ਸਾੜੀ ਨਾਲ ਹੀ ਸਦਨ ਵਿਚੋਂ ਬਾਹਰ ਆਈ ਜਿਸ ਕਰਕੇ ਲੋਕਾਂ ਨੇ ਸੱਤਾ ਧਿਰ ਦੀ ਰੱਜ ਕੇ ਨਿਖੇਧੀ ਕੀਤੀ। ਇਹੀ ਦਿਨ ਸੀ ਜਦੋਂ ਜੈਲਲਿਤਾ ਨੇ ਸਦਨ ਤੋਂ ਬਾਹਰ ਆਉਂਦੇ ਹੋਏ ਕਿਹਾ ਕਿ ਉਹ ਸਦਨ ਵਿਚ ਮੁੱਖ ਮੰਤਰੀ ਬਣ ਕੇ ਹੀ ਵਾਪਸ ਆਵੇਗੀ ਨਹੀਂ ਤਾਂ ਸਦਨ ਵਿਚ ਦਾਖਲ ਨਹੀਂ ਹੋਵੇਗੀ। ਸਾਲ 1991 ਵਿਚ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈ ਚੋਣ ਵਿਚ ਜੈਲਲਿਤਾ ਨੇ ਕਾਂਗਰਸ ਨਾਲ ਸਮਝੌਤਾ ਕੀਤਾ ਤੇ 234 ਵਿਚੋਂ 225 ਸੀਟਾਂ ਜਿੱਤੀਆਂ ਤੇ ਮੁੱਖ ਮੰਤਰੀ ਬਣੀ। ਚੋਣ ਵਿਚ ਹਾਰ ਤੋਂ ਬਾਅਦ ਜਾਨਕੀ ਨੇ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਤੇ ਏਆਈਈਡੀਐਮਕੇ ਤੇ ਐਮਜੀਆਰ ਦੀ ਰਾਜਨੀਤਕ ਵਿਰਾਸਤ ਵਿਚ ਜੈਲਲਿਤਾ ਇਕਮਾਤਰ ਉਤਰਧਿਕਾਰੀ ਬਣੀ।