Ad-Time-For-Vacation.png

**ਜਲਸੇ, ਜਲੂਸ ਤੇ ਜੁਆਨੀ…

*ਜਸਪਾਲ ਸਿੰਘ ਹੇਰਾਂ

ਜਦੋਂ ਪੰਜਾਬ ਦੀ ਗੱਲ ਤੁਰਦੀ ਹੈ ਤਾਂ ਇਸਦੇ ਜਵਾਨ ਤੇ ਕਿਸਾਨ ਦੀ ਗੱਲ ਆਪਣੇ ਆਪ ਤੁਰ ਪੈਂਦੀ ਹੈ, ਕਿਉਂਕਿ ਪੰਜਾਬ ਦੀ ਪਛਾਣ ਜਿਥੇ ਗੁਰੂਆਂ ਦੀ ਪਵਿੱਤਰ ਧਰਤੀ ਕਾਰਣ ਹੈ, ਉੱਥੇ ਇਸਦੇ ਮੌਤ ਨੂੰ ਮਖੌਲਾਂ ਕਰਨ ਵਾਲੇ ਜਵਾਨਾਂ ਦੀ ਗਾਥਾ ਨੇ ਵੀ ਪੰਜਾਬ ਨੂੰ ਮਾਣ ਦਿੱਤਾ ਹੈ ਅਤੇ ਇੱਥੋਂ ਦੇ ਕਿਸਾਨਾਂ ਜਿਨਾਂ ਨੇ ਭੁੱਖੇ ਦੇਸ਼ ਦੇ ਢਿੱਡ ਨੂੰ ਭਰਿਆ ਤੇ ਜਿਸਦੇ ਸਿਰ ਤੇ ਸੂਬੇ ਦੀ ਆਰਥਿਕਤਾ ਖੜੀ ਹੈ, ਉਹ ਸੂਬੇ ਦੀ ਰੀੜ ਦੀ ਹੱਡੀ ਹਨ ਹੀ। ਅੱਜ ਪੰਜਾਬ ਜਿਹੜਾ ਆਰਥਿਕ ਪੱਖੋਂ ਤਬਾਹ, ਰਾਜਸੀ ਪੱਖੋ-ਖੋਖਲਾ, ਧਾਰਮਿਕ ਪੱਖੋ ਡਾਵਾਂਡੋਲ ਹੈ, ਉਸਦੀ ਜਵਾਨੀ ਇਨਾਂ ਕਾਰਣਾਂ ਕਰਕੇ ਦਿਸ਼ਾਹੀਣ ਹੀ ਨਹੀਂ ਸਗੋਂ ਮਾਨਸਿਕ ਰੂਪ ‘ਚ ਬੀਮਾਰ ਹੋ ਚੁੱਕੀ ਹੈ। ਜਵਾਨੀ ਨੂੰ ਉਸਾਰੂ ਸੇਧ ਦੇਣ ਦੀ ਥਾਂ ਮੌਕੇ ਦੇ ਰਾਜਸੀ ਕਰਤੇ-ਧਰਤੇ ਉਸਨੂੰ ਆਪਣੇ ਹਥਿਆਰ ਵਜੋਂ ਵਰਤਣ ਲਈ ਉਸਨੂੰ ਬੇਰੁਜ਼ਗਾਰ, ਅੱਧ-ਪੜਿਆ, ਕੱਚਘਰੜ ਪਾੜਾ, ਨਸ਼ੇੜੀ, ਫੁਕਰਾ, ਸੜਕ ਛਾਪ ਮਜਨੂੰ ਤੇ ਖਾਮ-ਖ਼ਾਹ ਸਿਰ ਪੜਵਾਉਣ ਵਾਲਾ ਬਣਾ ਰਹੇ ਹਨ, ਤਾਂ ਕਿ ਇਹ ਜਵਾਨੀ ਆਪਣੇ ਫੁਕਰੇ ਪਣ ਦੇ ਮਾਣ ‘ਚ ਉਨਾਂ ਦੀ ਜੈ-ਜੈਕਾਰ ਕਰਦੀ ਫਿਰਦੀ ਰਹੇ। ਪੰਜਾਬ ਦੀ ਰਾਜਸੀ ਫਿਜ਼ਾ ‘ਚ ਆਏ ‘ਝੱਖੜ’ ਤੋਂ ਬਾਅਦ ਅਤੇ 2017 ‘ਚ ਸੱਤਾ ਤੇ ਕਾਬਜ਼ ਹੋਣ ਲਈ ਸਾਰੀਆਂ ਸਿਆਸੀ ਧਿਰਾਂ ਇਸ ਸਮੇਂ ਆਪਣੀ ਸਿਆਸੀ ਤਾਕਤ ਵਧਾਉਣ ਲਈ ਆਮ ਲੋਕਾਂ ਦੇ ਸੱਚੇ ਹਮਦਰਦ ਬਣਨ ਲਈ ਯਤਨਸ਼ੀਲ ਹੋਣ ਦੀ ਥਾਂ, ਸਿਆਸੀ ਤਾਕਤ ਦੇ ਵਿਖਾਵੇ ਲਈ ‘ਹਾਂਬੜੀਆ’ ਪਈਆਂ ਹਨ ਅਤੇ ਜਲਸੇ, ਰੈਲੀਆਂ, ਜਲੂਸ, ਰੋਡ ਸ਼ੋਅ, ਕਾਨਫਰੰਸਾਂ ਤੇ ਪੂਰਾ ਜ਼ੋਰ ਲੱਗਿਆ ਹੋਇਆ ਹੈ।

ਪੰਜਾਬ ਦਾ ਕਿਸਾਨ ਤਾਂ ਭਾਵੇਂ ਇਨਾਂ ਦਿਨਾਂ ‘ਚ ਆਮ ਕਰਕੇ ਥੋੜਾ ਵਿਹਲਾ ਹੁੰਦਾ ਹੈ, ਦੂਜਾ ਪੰਜਾਬ ਦੇ ਆਮ ਕਿਸਾਨ ਵੀ ਹੁਣ ‘ਹੱਥੀਂ ਕੰਮ’ ਦੀ ਥਾਂ ‘ਭਈਆਂ’ ਤੇ ਨਿਰਭਰ ਹੋ ਗਏ ਹਨ, ਇਸ ਲਈ ‘ਵਿਹਲ’ ਮਿਲ ਹੀ ਜਾਂਦੀ ਹੈ। ਪ੍ਰੰਤੂ ਪੰਜਾਬ ਦੇ ਨੌਜਵਾਨ, ਜਿਹੜੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਹਨ, ਉਨਾਂ ਲਈ ਇਹ ਮਹੀਨੇ ਮਿਹਨਤ ਕਰਨ ਦੇ ਹੁੰਦੇ ਹਨ, ਕਿਉਂਕਿ ਸਲਾਨਾ ਇਮਤਿਹਾਨ ਨੇੜੇ ਆ ਰਹੇ ਹਨ, ਪ੍ਰੰਤੂ ਅੱਜ ਪੰਜਾਬ ‘ਚ ਰੈਲੀਆਂ, ਕਾਨਫਰੰਸਾਂ ਦੇ ਪਏ ‘ਧਮੱਚੜ’ ‘ਚ ਨਵੀਂ ਪੀੜੀ ਚਾਗਰਾਂ ਮਾਰਨ ਲਈ ਵੱਡੀ ਗਿਣਤੀ ‘ਚ ਅੱਗੇ ਵਿਖਾਈ ਦਿੰਦੀ ਹੈ ਅਤੇ ਪੰਜਾਬ ਦੇ ਮੁੰਡੇ, ਜਿਹੜੇ ਪਹਿਲਾਂ ਹੀ ਪੜਾਈ ਲਿਖਾਈ ਨੂੰ ਤਿਲਾਂਜਲੀ ਦੇਈ ਫ਼ਿਰਦੇ ਹਨ, ਉਹ ਆਪਣੇ ‘ਫੁਕਰੇਪਣ’ ਦੀ ਪੂਰਤੀ ਲਈ, ਸਿਆਸੀ ਧਿਰਾਂ ਦੇ ਰਾਜਸੀ ਹਥਿਆਰ ਬਣ ਗਏ ਹਨ, ਹੁਣ ਜਦੋਂ ਇਹ ਸਾਫ਼ ਹੈ ਕਿ ਅੱਜ ਦਾ ਵੋਟਰ, ਖ਼ਾਸਾ ਸਿਆਣਾ ਤੇ ਰਾਜਸੀ ਤੌਰ ਤੇ ਚੇਤੰਨ ਹੋ ਚੁੱਕਾ ਹੈ, ਉਹ ਵਿਕਾਸ ਦੇ ਅਰਥ ਸਮਝਣ ਲੱਗ ਪਿਆ ਹੈ, ਉਸ ਸਮੇਂ ਫੋਕੇ ਸਿਆਸੀ ਵਿਖਾਵੇ ਲਈ ਸਮੇਂ ਤੇ ਧਨ ਦੀ ਬਰਬਾਦੀ ਦਾ ਕੋਈ ਲਾਹਾ ਨਹੀਂ ਮਿਲਣਾ, ਇਸ ਹਕੀਕਤ ਨੂੰ ਸਿਆਸੀ ਆਗੂ ਆਖ਼ਰ ਕਦੋਂ ਸਮਝਣਗੇ? ਸਿਆਸੀ ਤਾਕਤ ਦੇ ਵਿਖਾਵੇ ਲਈ ਲੱਗਦੇ ਜਾਮ, ਆਮ ਲੋਕਾਂ ਲਈ ਪ੍ਰੇਸ਼ਾਨੀ ਬਣਦੇ ਹਨ, ਰੈਲੀ ਤੇ ਗਏ, ਵਾਪਸੀ ਤੇ ਦਾਰੂ ਨਾਲ ਟੱਲੀ ਹੋ ਕੇ ਆਏ ਮੁੰਡਿਆਂ ਕਾਰਨ ਪਰਿਵਾਰ ਵਾਲੇ ਦੁੱਖੀ ਹੁੰਦੇ ਹਨ, ਨਿੱਤ ਦੀਆਂ ਰੈਲੀਆਂ ਜੁਆਨੀ ਨੂੰ ਸਿਆਸੀ ਚਸਕਾ ਪੈਦਾ ਕਰਦੀਆਂ ਹਨ, ਜਿਸ ਨਾਲ ਬਹੁਤੇ ਨੌਜਵਾਨ ਪਹਿਲਾ ਗੁੰਮਰਾਹ ਤੇ ਫ਼ਿਰ ਤਬਾਹ ਹੀ ਹੁੰਦੇ ਹਨ। ਅੱਜ ਪੰਜਾਬ ਦੀਆਂ ਸਾਰੀਆਂ ਧਿਰਾਂ ਜਿਸ ਤਰਾਂ ਨੌਜਵਨਾਂ ਨੂੰ ਸੂਬੇ ਦੇ ਵਿਕਾਸ ਦੇ ਨਾਂ ਤੇ ਗੁੰਮਰਾਹ ਕਰਕੇ ਆਪਣੇ ਵੱਸ ‘ਚ ਕਰਨ ਲੱਗੀਆਂ ਹਨ, ਪੰਜਾਬ ‘ਚ ਵਿਹਲੜ ਤੇ ਫੁਕਰੇ ਕਲਚਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਹ ਭਵਿੱਖ ਲਈ ਚਿੰਤਾਜਨਕ ਹੀ ਨਹੀਂ, ਸਗੋਂ ਤਬਾਹਕੁੰਨ ਸਾਬਤ ਹੋ ਸਕਦਾ ਹੈ।

ਅੱਜ ਲੋੜ ਹੈ ਪੰਜਾਬ ਦੀ ਜੁਆਨੀ ਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਸਾਰਥਿਕ ਸਿੱਖਿਆ ਦੇਣ, ਜੀਵਨ ਦੇ ਆਦਰਸ਼ ਸਿਖਾਉਣ ਅਤੇ ਸੰਚਾਰੂ ਦਿਸ਼ਾ ਦੇਣ ਦੀ, ਤਾਂ ਕਿ ਜੁਆਨੀ ਨੂੰ ਜੀਵਨ ਦਾ ਕੋਈ ਮੰਤਵ ਪਤਾ ਲੱਗੇ ਅਤੇ ਉਹ ਆਪਣੇ ਜੀਵਨ ਦਾ ਕੋਈ ਨਿਸ਼ਾਨਾ ਮਿੱਥ ਸਕਣ ਦੇ ਸਮਰੱਥ ਹੋਵੇ। ਹੁਣ ਪਾਰਟੀ ਦੀ ਸੋਚ, ਵਿਚਾਰਧਾਰਾ ਤੇ ਕੰਮ ਕਾਰ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ, ਜੇ ਪਾਰਟੀ ਸਹੀ ਅਰਥਾਂ ‘ਚ ਲੋਕਾਂ ਨੂੰ ਅਤੇ ਲੋਕ ਸੇਵਾ ਨੂੰ ਸਮਰਪਿਤ ਹੋ ਕੇ, ਇਮਾਨਦਾਰੀ ਨਾਲ ਕੰਮ ਕਰਦੀ ਹੋਵੇ, ਕਿਉਂਕਿ ਕੰਮ ਆਪਣੇ ਆਪ ਬੋਲਦਾ ਹੈ। ਅੱਜ ਪੰਜਾਬ ਨੂੰ ਰੈਲੀਆਂ, ਜਲਸੇ, ਜਲੂਸਾਂ ਦੀ ਨਹੀਂ ਸਗੋਂ ਮਰ ਰਹੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਨਸ਼ੇ ਦੇ ਟੀਕਿਆਂ ਨਾਲ ਰੋਗੀ ਨੂੰ ਕੁਝ ਸਮਾਂ ਪੀੜ ਤੋਂ ਛੁਟਕਾਰਾ ਦੁਆਇਆ ਜਾ ਸਕਦਾ, ਪ੍ਰੰਤੂ ‘ਰੋਗ’ ਦੂਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸਮੇਂ ਤੇ ਧਨ ਦੀ ਬਰਬਾਦੀ ਅਤੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ‘ਚ ਵਾਧਾ ਕਰਕੇ, ਵੱਡੀਆਂ ਭੀੜਾਂ ਦੀਆਂ ਫੋਟੋਆਂ ਲੁਆ ਕੇ, ਲੋਕਾਂ ਦੇ ਮਨ ਨਹੀਂ ਜਿੱਤੇ ਜਾ ਸਕਦੇ।ਵੱਡੀ ਭੀੜ ਨਾਲ ਦੋ ਉਗਲਾਂ ਖੜੀਆਂ ਕਰਕੇ, ਝੂਠੇ ਮਾਣ ਸਨਮਾਨ ਤੇ ਸ਼ੋਹਰਤ ਦੀ ਭੁੱਖ ਨੂੰ ਪੱਠੇ ਤਾਂ ਪਾਏ ਜਾ ਸਕਦੇ ਹਨ, ਪ੍ਰੰਤੂ ਇਸ ਨਾਲ ਭੁੱਖੇ ਢਿੱਡ ਨੂੰ ਰੋਟੀ, ਵਿਹਲੇ ਹੱਥ ਨੂੰ ਕੰਮ, ਨਿਰਾਸ਼ ਨੂੰ ਆਸਾ ਨਹੀਂ ਦਿੱਤੀ ਜਾ ਸਕਦੀ। ਅਸੀਂ ਸਾਰੀਆਂ ਰਾਜਸੀ ਧਿਰਾਂ ਨੂੰ ਅਪੀਲ ਕਰਾਂਗੇ ਕਿ ਉਹ ਧਨ-ਬਲ ਦੇ ਵਿਖਾਵੇ ਦੀ ਥਾਂ, ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਸਿਰ ਜੋੜ ਕੇ ਬੈਠਣ ਅਤੇ ਦੁੱਖੀ ਲੋਕਾਂ ਦੇ ਦੁੱਖ ਦੂਰ ਕਰਨ ਲਈ ਆਮ ਲੋਕਾਂ ‘ਚ ਆਮ ਲੋਕਾਂ ਵਰਗੇ ਬਣਕੇ ਵਿਚਰਨ, ਤਦ ਹੀ ਉਹ ਪੰਜਾਬ ਦੀ ਵਿਗੜੀ ਸੁਆਰਨ ਦੇ ਅਤੇ ਪੰਜਾਬ ਦੀ ਡੁੱਬ ਰਹੀ ਬੇੜੀ ਨੂੰ ਬੰਨੇ ਲਾਉਣ ਦੇ ਮਲਾਹ ਮੰਨੇ ਜਾਣਗੇ। ਆਡੰਬਰ ਤੇ ਝੂਠੇ ਵਿਖਾਵਿਆ ਨੇ ਕਿਸੇ ਦੇ ਪੱਲੇ ਕੁਝ ਨਹੀਂ ਪਾਉਣਾ, ਇਹ ਸਮੇਂ ਦੀ ਚਿਤਾਵਨੀ ਹੈ, ਜਿਸਨੂੰ ਜਿਹੜਾ ਜਿੰਨੀ ਜਲਦੀ ਪੜ, ਸਮਝ ਲਵੇਗਾ, ਉਨੀਂ ਹੀ ਪ੍ਰਾਪਤੀ ਕਰ ਲਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.