ਸਟੇਟ ਬਿਊਰੋ, ਰਾਏਪੁਰ : ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਨਲਾਈਨ ਬੈਟਿੰਗ ਐਪ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਤਰ ਵਿਚ ਸੂਬੇ ਦੀ ਪੁਲਿਸ ਵੱਲੋਂ ਆਨਲਾਈਨ ਬੈਟਿੰਗ ਐਪ ਵਿਰੁੱਧ ਚੁੱਕੇ ਗਏ ਕਦਮਾਂ ਸਬੰਧੀ ਜਾਣਕਾਰੀ ਦਿੱਤੀ ਹੈ।

ਮੁੱਖ ਮੰਤਰੀ ਬਘੇਲ ਨੇ ਪੀਐੱਮ ਮੋਦੀ ਨੂੰ ਲਿਖਿਆ ਹੈ ਕਿ ਮਾਰਚ 2022 ਤੋਂ ਹੁਣ ਤੱਕ ਛੱਤੀਸਗੜ੍ਹ ਪੁਲਿਸ ਨੇ 90 ਤੋਂ ਵੱਧ ਕੇਸ ਦਰਜ ਕੀਤੇ ਹਨ ਤੇ ਇਨ੍ਹਾਂ ਵਿੱਚੋਂ 450 ਤੋਂ ਵੱਧ ਮੁਲਜ਼ਮ ਕਾਬੂ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ ਲੈਪਟਾਪ ਤੇ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਮੁੱਖ ਮੁਲਜ਼ਮਾਂ ਵਿਰੁੱਧ ਛੱਤੀਸਗੜ੍ਹ ਪੁਲਿਸ ਨੇ ਲੁਕਆਊਟ ਸਰਕੂਲਰ ਜਾਰੀ ਕੀਤੇ ਹਨ। ਮੁਲਕ ਦੇ ਵੱਖ ਵੱਖ ਸੂਬਿਆਂ ਵਿਚ ਜਾ ਕੇ ਛੱਤੀਸਗੜ੍ਹ ਪੁਲਿਸ ਨੇ ਕਾਰਵਾਈ ਕੀਤੀ ਹੈ।

ਮੁੱਖ ਮੰਤਰੀ ਬਘੇਲ ਨੇ ਪੱਤਰ ਵਿਚ ਲਿਖਿਆ ਹੈ ਕਿ ਆਨਲਾਈਨ ਬੈਟਿੰਗ ਐਪ ਜ਼ਰੀਏ ਨਾਜਾਇਜ਼ ਜੂਆ ਤੇ ਸੱਟਾ ਕਾਰੋਬਾਰ ਦਾ ਦੇਸ਼ ਵਿਆਪੀ ਵਿਸਥਾਰ ਹੋਇਆ ਹੈ। ਇਸ ਦੇ ਸੰਚਾਲਕ ਤੇ ਮਾਲਕ ਵਿਦੇਸ਼ ਵਿਚ ਬੈਠ ਕੇ ਕਾਲਾ ਕਾਰੋਬਾਰ ਚਲਾਉਂਦੇ ਹਨ। ਉਨ੍ਹਾਂ ਨੇ ਆਨਲਾਈਨ ਬੈਟਿੰਗ ਐਪ ਦੇ ਨਾਜਾਇਜ਼ ਕਾਰੋਬਾਰ ਨਾਲ ਜੁੜੇ ਪਲੇਟਫਾਰਮ ਨੂੰ ਵੈੱਬ, ਏਪੀਕੇ, ਟੈਲੀਗ੍ਰਾਮ, ਇੰਸਟਾਗ੍ਰਾਮ, ਯੂਆਰਐੱਲ ਆਦਿ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਲਈ ਆਵਾਜ਼ ਬੁਲੰਦ ਕੀਤੀ ਹੈ।

ਦੂਜੇ ਪਾਸੇ ਮਹਾਦੇਵ ਆਨਲਾਈਨ ਸੱਟਾ ਐਪ ਮਾਮਲੇ ਵਿਚ ਉੱਠੇ ਵਿਵਾਦ ਦਰਮਿਆਨ ਮੁੱਖ ਮੰਤਰੀ ਦੇ ਇਸ ਪੱਤਰ ਨੂੰ ਲੈ ਕੇ ਸਿਆਸਤ ਭਖ ਚੁੱਕੀ ਹੈ। ਵਿਰੋਧੀ ਧਿਰ ਦੇ ਆਗੂ ਨਰਾਇਣ ਚੰਦੇਲ ਨੇ ਸਵਾਲ ਕੀਤੇ ਹਨ ਕਿ ਪੰਜ ਸਾਲ ਤਾਂ ਬੀਤ ਗਏ, ਹੁਣ ਮੁੱਖ ਮੰਤਰੀ ਬਘੇਲ ਦੱਸਣ ਕਿ ਜਨਤਾ ਲਈ ਕੀ ਕੀਤਾ ਹੈ? ਕਾਂਗਰਸ ਸਰਕਾਰ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਦੇ ਰਿਕਾਰਡ ਬਣਾਏ ਹਨ। ਤਿੰਨ ਦਸੰਬਰ ਨੂੰ ਇਨ੍ਹਾਂ ਦੀ ਵਿਦਾਈ ਤੈਅ ਹੈ।