ਨਵੀਂ ਦਿੱਲੀ : ਅਮਰੀਕੀ ਸਰਜ਼ਮੀਨ ‘ਤੇ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਘੜਨ ਦਾ ਇਲਜ਼ਾਮ ਭਾਰਤ ‘ਤੇ ਲੱਗਾ ਹੈ। ਇਹ ਇਲਜ਼ਾਮ ਅਮਰੀਕਾ ਨੇ ਲਾਇਆ ਹੈ। ਅਮਰੀਕਾ ਨੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ ਤੇ ਇਸ ਵਿਚ ਭਾਰਤ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।

ਅਮਰੀਕਾ ਦੇ ਨਿਆਂ ਵਿਭਾਗ ਨੇ ਇਸ ਮਾਮਲੇ ਨੂੰ ਲੈ ਕੇ ਨਿਊਯਾਰਕ ਜ਼ਿਲ੍ਹਾ ਅਦਾਲਤ ‘ਚ ਕੇਸ ਵੀ ਦਾਇਰ ਕੀਤਾ ਹੈ। ਇਸ ਵਿਚ ਨਿਖਿਲ ਗੁਪਤਾ ਨਾਂ ਦੇ ਇਕ ਭਾਰਤੀ ਨਾਗਰਿਕ ਤੇ ਇਕ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ‘ਤੇ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ।

ਪੰਨੂ ਇਕ ਅਮਰੀਕੀ ਨਾਗਰਿਕ ਹੈ ਜਦਕਿ ਭਾਰਤ ਸਰਕਾਰ ਨੇ ਉਸ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ। ਪੰਨੂ ਖ਼ਿਲਾਫ਼ ਭਾਰਤ ‘ਚ ਦੋ ਦਰਜਨ ਕੇਸ ਦਰਜ ਹਨ।

ਇਸੇ ਦੌਰਾਨ ਇਕ ਨਾਂ ਚਰਚਾ ‘ਚ ਆ ਰਿਹਾ ਹੈ ਡੈਮੀਅਨ ਵਿਲੀਅਮਸ ਦਾ। 43 ਸਾਲਾ ਵਿਲੀਅਮਜ਼ ਸੰਘੀ ਵਕੀਲ ਹੈ ਤੇ ਉਸ ਨੇ ਅਦਾਲਤ ‘ਚ ਕੇਸ ਦਾਇਰ ਕੀਤਾ ਹੈ। ਅਮਰੀਕੀ ਨਿਆਂ ਵਿਭਾਗ ਦਾ ਚਿਹਰਾ ਮੰਨੇ ਜਾਣ ਵਾਲੇ ਵਿਲੀਅਮਸ ਨੇ ਕਈ ਹਾਈ ਪ੍ਰੋਫਾਈਲ ਮਾਮਲਿਆਂ ‘ਤੇ ਕੰਮ ਕੀਤਾ ਹੈ।

ਕੌਣ ਹੈ ਡੈਮੀਅਨ ਵਿਲੀਅਮਸ ?

ਡੈਮੀਅਨ ਵਿਲੀਅਮਸ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦਾ ਅਟਾਰਨੀ ਹੈ। ਉਹ ਅਮਰੀਕੀ ਸਰਕਾਰ ਲਈ ਮੈਨਹਟਨ ‘ਚ ਸਭ ਤੋਂ ਸ਼ਕਤੀਸ਼ਾਲੀ ਵਕੀਲਾਂ ‘ਚੋਂ ਇਕ ਹੈ।

ਵਿਲੀਅਮਜ਼ ਦੱਖਣੀ ਜ਼ਿਲ੍ਹਾ ਅਦਾਲਤ ਦਾ ਅਟਾਰਨੀ ਬਣਨ ਵਾਲਾ ਪਹਿਲਾ ਸਿਆਹਫਾਮ ਸ਼ਖ਼ਸ ਹੈ। 1789 ‘ਚ ਦੱਖਣੀ ਜ਼ਿਲ੍ਹੇ ਦੇ ਗਠਨ ਤੋਂ ਬਾਅਦ ਇੱਥੇ ਕੋਈ ਵੀ ਸਿਆਹਫਾਮ ਵਿਅਕਤੀ ਅਟਾਰਨੀ ਨਹੀਂ ਬਣਿਆ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਅਕਤੂਬਰ 2021 ਵਿੱਚ ਸੈਨੇਟ ਵੱਲੋਂ ਉਸ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਅਹੁਦਾ ਸੰਭਾਲਣ ਤੋਂ ਬਾਅਦ ਵਿਲੀਅਮਸ ਨੇ ਕਿਹਾ, ਸਾਡੇ ਵਿੱਤੀ ਬਾਜ਼ਾਰਾਂ ਤੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਉਸ ਦੀਆਂ ਤਰਜੀਹਾਂ ‘ਚੋਂ ਇੱਕ ਹੈ।

ਇਕ ਅਟਾਰਨੀ ਵਜੋਂ ਵਿਲੀਅਮਸ ਸਾਰੇ ਅਪਰਾਧਿਕ ਤੇ ਸਿਵਲ ਕੇਸਾਂ ਦਾ ਮੁਕੱਦਮਾ ਚਲਾਉਂਦਾ ਹੈ ਜਿਸ ਵਚ ਅਮਰੀਕੀ ਸਰਕਾਰ ਦਾ ਹਿਤ ਹੁੰਦਾ ਹੈ।

ਨਿਆਂ ਵਿਭਾਗ ਅਨੁਸਾਰ ਵਿਲੀਅਮਸ ਦੇ ਸਟਾਫ ‘ਚ ਲਗਪਗ 450 ਵਕੀਲ, ਵਿਸ਼ੇਸ਼ ਏਜੰਟ, ਪੈਰਾਲੀਗਲ ਅਤੇ ਹੋਰ ਸਹਾਇਕ ਸਟਾਫ ਸ਼ਾਮਲ ਹਨ। ਵਿਲੀਅਮਸ ਅਟਾਰਨੀ ਜਨਰਲ ਸਲਾਹਕਾਰ ਕਮੇਟੀ (AGAC) ਦੇ ਚੇਅਰਮੈਨ ਵੀ ਹਨ। ਇਹ ਵਕੀਲਾਂ ਦੀ ਕਮੇਟੀ ਹੈ ਜੋ ਅਟਾਰਨੀ ਜਨਰਲ ਨੂੰ ਸਲਾਹ ਦਿੰਦੀ ਹੈ।