ਟੋਰਾਂਟੋ (ਏਜੰਸੀ) : ਕੈਨੇਡਾ ਪੁਲਿਸ ਨੇ ਕਿਹਾ ਹੈ ਕਿ ਓਂਟਾਰੀਓ ’ਚ ਪਿਛਲੇ ਮਹੀਨੇ ਅਣਪਛਾਤੇ ਬੰਦੂਕਧਾਰੀਆਂ ਦੀ ਗੋਲ਼ੀਬਾਰੀ ’ਚ ਗ਼ਲਤੀ ਨਾਲ ਭਾਰਤੀ ਸਿੱਖ ਜੋੜੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 21 ਨਵੰਬਰ ਨੂੰ ਕੈਲੇਡਾਨ-ਬਰੈਂਪਟਨ ਸਰਹੱਦ ਨੇੜੇ ਮੇਫੀਲਡ ਰੋਡ ’ਤੇ ਅਪਰਾਧੀਆਂ ਦੀ ਫਾਇਰਿੰਗ ’ਚ ਗੋਲ਼ੀ ਲੱਗਣ ਨਾਲ ਜਗਤਾਰ ਸਿੰਘ ਦੀ ਮੌਤ ਹੋ ਗਈ ਸੀ। ਗੋਲ਼ੀਬਾਰੀ ’ਚ ਉਸ ਦੀ ਪਤਨੀ ਹਰਭਜਨ ਕੌਰ ਤੇ ਧੀ ਗੰਭੀਰ ਜ਼ਖ਼ਮੀ ਹੋ ਗਈ ਸੀ। ਦੋਵੇਂ ਹਸਪਤਾਲ ’ਚ ਦਾਖ਼ਲ ਹਨ। ਪੁਲਿਸ ਨੇ ਕਿਹਾ ਕਿ ਜਾਂਚਕਰਤਾ ਹੱਤਿਆ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਪਹਿਲੀ ਨਜ਼ਰੇ ਪਤਾ ਲੱਗਿਆ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਗ਼ਲਤ ਪਛਾਣ ਕਾਰਨ ਜਗਤਾਰ ਸਿੰਘ ਦੇ ਘਰ ’ਚ ਦਾਖ਼ਲ ਹੋ ਕੇ ਪਰਿਵਾਰ ਦੇ ਮੈਂਬਰਾਂ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਹਮਲਾਵਰ ਕਿਸੇ ਹੋਰ ਦੀ ਤਲਾਸ਼ ’ਚ ਸਨ ਤੇ ਉਨ੍ਹਾਂ ਨੇ ਗ਼ਲਤੀ ਨਾਲ ਇਸ ਪਰਿਵਾਰ ਨੂੰ ਗੋਲ਼ੀ ਮਾਰ ਦਿੱਤੀ। ਜਗਤਾਰ ਸਿੰਘ ਦੇ ਪਰਿਵਾਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬੰਦੂਕਧਾਰੀਆਂ ਨੇ 30 ਰਾਊਂਡ ਤੋਂ ਜ਼ਿਆਦਾ ਗੋਲ਼ੀਆਂ ਚਲਾਈਆਂ। ਹਰਭਜਨ ਕੌਰ ਦੇ ਸਰੀਰ ’ਚ 20 ਤੋਂ ਜ਼ਿਆਦਾ ਗੋਲ਼ੀਆਂ ਲੱਗੀਆਂ। ਜੇ ਉਨ੍ਹਾਂ ਦੀ ਧੀ ਬਚ ਵੀ ਜਾਂਦੀ ਹੈ ਤਾਂ ਲੰਬੇ ਸਮੇਂ ਤੱਕ ਉਹ ਆਮ ਜ਼ਿੰਦਗੀ ਨਹੀਂ ਜੀਅ ਸਕੇਗੀ।
ਸਿੱਖ ਨਾਲ ਨਫ਼ਰਤੀ ਅਪਰਾਧ ’ਚ ਨਾਬਾਲਗ ਗ੍ਰਿਫ਼ਤਾਰ
ਬਰਤਾਨੀਆ ’ਚ ਪੁਲਿਸ ਨੇ ਐਤਵਾਰ ਨੂੰ ਨਫ਼ਰਤੀ ਅਪਰਾਧ ਦੇ ਇਕ ਮਾਮਲੇ ’ਚ 14 ਸਾਲਾ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੱਸਿਆ ਕਿ 21 ਨਵੰਬਰ ਨੂੰ ਮੁਲਜ਼ਮ ਨਾਬਾਲਗ ਤੇ ਉਸ ਦੇ ਸਮੂਹ ਦੇ ਮੁੰਡਿਆਂ ਨੇ ਬਜ਼ੁਰਗ ਸਿੱਖ ਇੰਦਰਜੀਤ ਸਿੰਘ ਨੂੰ ਪਾਰਕ ’ਚ ਟਹਿਲਣ ਸਮੇਂ ਘੇਰ ਲਿਆ, ਲੱਤ ਮਾਰੀ ਤੇ ਜ਼ਮੀਨ ’ਤੇ ਸੁੱਟ ਦਿੱਤਾ। ਹਮਲੇ ’ਚ ਇੰਦਰਜੀਤ ਸਿੰਘ ਦੀਆਂ ਤਿੰਨ ਪੱਸਲੀਆਂ ਟੁੱਟ ਗਈਆਂ।


