*ਹਰਿਆਣਾ ਵਿਚ ਫ਼ੌਜ ਤੇ ਪੁਲਿਸ ਦੇ ਅਫਸਰਾਂ ਨੇ ਆਖਿਆ ਕਿ ਅਪਣਿਆਂ ਉਤੇ ਵਾਰ ਕਿਸ ਤਰ੍ਹਾਂ ਕਰੀਏ? ਤਾਂ ਫਿਰ ਕਸ਼ਮੀਰ ਵਿਚ ਫ਼ੌਜ ਤੇ ਪੁਲਿਸ ਨੂੰ ਕਸ਼ਮੀਰੀ ਅਪਣੇ ਕਿਉਂ ਨਹੀਂ ਲਗਦੇ?
*ਕਸ਼ਮੀਰੀ ਮੁਸਲਮਾਨ ਦਿਲੋਂ ਮਹਿਸੂਸ ਕਰਦਾ ਹੈ ਕਿ ਭਾਰਤ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ, ਕੇਵਲ ਕਸ਼ਮੀਰ ਦੀ ਧਰਤੀ ਨੂੰ ਪਸੰਦ ਕਰਦਾ ਹੈ
ਕਸ਼ਮੀਰ ਵਿਚ ਲਗਾਤਾਰ ਪਿਛਲੇ 12 ਦਿਨਾਂ ਤੋਂ ਅਸ਼ਾਂਤੀ ਬਣੀ ਹੋਈ ਹੈ ਜਿਸ ਵਿਚ 47 ਜਾਨਾਂ ਜਾ ਚੁਕੀਆਂ ਹਨ ਤੇ ਤਕਰੀਬਨ 1800 ਬੰਦੇ ਜ਼ਖ਼ਮੀ ਹੋ ਚੁੱਕੇ ਹਨ। ਲਗਭਗ 150 ਲੋਕਾਂ ਦੀਆਂ ਅੱਖਾਂ ਜ਼ਖ਼ਮੀ ਹੋਈਆਂ ਹਨ, ਜਿਨ੍ਹਾਂ ਵਿਚੋਂ 40 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ 5-10% ਤਕ ਹੀ ਰਹਿ ਜਾਵੇਗੀ। 5 ਬਿਲਕੁਲ ਨੇਤਰਹੀਣ ਹੋ ਚੁਕੇ ਹਨ ਤੇ 50 ਦੀ ਵੇਖ ਸਕਣ ਦੀ ਸ਼ਕਤੀ ਠੀਕ-ਠਾਕ ਹੋ ਜਾਣ ਦੀ ਪੂਰੀ ਉਮੀਦ ਹੈ। ਫ਼ੌਜ ਵਲੋਂ ਕਸ਼ਮੀਰੀਆਂ ਕੋਲੋਂ ਮੁਆਫ਼ੀ ਵੀ ਮੰਗ ਲਈ ਗਈ ਹੈ ਪਰ ਹੁਣ ਉਹ ਮੁਆਫ਼ੀ ਕਿਸ ਕੰਮ ਆਵੇਗੀ? ਇਹ ਜੋ ਗੋਲੀਆਂ ਕਸ਼ਮੀਰੀਆਂ ਉਤੇ ਵਰ੍ਹਾਈਆਂ ਜਾ ਰਹੀਆਂ ਹਨ, ਉਹ ਅਨੇਕਾਂ ਜਾਨਾਂ ਵੀ ਲੈ ਚੁਕੀਆਂ ਹਨ ਤੇ ਅਨੇਕਾਂ ਨੂੰ ਪਹਿਲਾਂ ਅੰਨ੍ਹੇ ਵੀ ਤੇ ਅਪਾਹਜ ਵੀ ਕਰ ਚੁਕੀਆਂ ਹਨ। ਇਹ ਉਹ ਗੋਲੀਆਂ ਹਨ ਜਿਨ੍ਹਾਂ ਦਾ ਇਸਤੇਮਾਲ 2010 ਵਿਚ ਸ਼ੁਰੂ ਕੀਤਾ ਗਿਆ ਸੀ ਤੇ ਜਿਸ ਬਾਰੇ ਕਸ਼ਮੀਰ ਤੋਂ ਮਦਦ ਦੀ ਪੁਕਾਰ ਵਾਰ-ਵਾਰ ਆ ਚੁਕੀ ਹੈ। ਮਹਿਬੂਬਾ ਮੁਫ਼ਤੀ ਜਦ ਵਿਰੋਧੀ ਧਿਰ ਵਿਚ ਸਨ ਤਾਂ ਉਨ੍ਹਾਂ ਨੇ ਅਸੈਂਬਲੀ ਵਿਚ ਇਨ੍ਹਾਂ ਬਾਰੇ ਦੁਹਾਈ ਦਿਤੀ ਸੀ ਪਰ ਸੱਤਾ ਵਿਚ ਆਉਂਦੇ ਹੀ ਉਨ੍ਹਾਂ ਨੇ ਸੱਭ ਕੱਝ ਭੁਲਾ ਕੇ ਇਨ੍ਹਾਂ ਗੋਲੀਆਂ ਦੀ ਵਾਛੜ ਅਪਣੀ ਜਨਤਾ ਉਤੇ ਕਰਨੀ ਜਾਰੀ ਰੱਖੀ। ਇਨ੍ਹਾਂ ਗੋਲੀਆਂ ਨੂੰ ਰੋਕਣ ਦੀ ਅਪੀਲ 2015 ਵਿਚ ਅਮਨੈਸਟੀ ਇੰਟਰਨੈਸ਼ਨਲ ਵਲੋਂ ਵੀ ਕੀਤੀ ਗਈ ਸੀ ਪਰ ਸਰਕਾਰ ਨੇ ਅਣਸੁਣੀ ਕਰ ਦਿਤੀ। ਇਹ ਗੋਲੀਆਂ ਇਨਸਾਨ ਦੇ ਜਿਸਮ ਵਿਚੋਂ ਕਢਣਾ ਬਹੁਤ ਮੁਸ਼ਕਲ ਤੇ ਮਹਿੰਗਾ ਸੌਦਾ ਹੈ ਤੇ ਕਈ ਕਸ਼ਮੀਰੀ ਇਨ੍ਹਾਂ ਗੋਲੀਆਂ ਨੂੰ ਜਿਸਮ ਵਿਚ ਹੀ ਰਖਣ ਲਈ ਮਜਬੂਰ ਹੁੰਦੇ ਹਨ। ਅਜ ਸਰਕਾਰ ਬੜੀ ਹਮਦਰਦ ਬਣ ਰਹੀ ਹੈ ਤੇ ਦਿੱਲੀ ਦੇ ਵੱਡੇ ਡਾਕਟਰਾਂ ਦੀਆਂ ਸੇਵਾਵਾਂ ਪੇਸ਼ ਕਰ ਰਹੀ ਹੈ, ਜਦਕਿ ਉਹ ਜਾਣਦੇ ਸਨ ਕਿ ਇਨ੍ਹਾਂ ਗੋਲੀਆਂ ਦਾ ਕੀ ਨੁਕਸਾਨ ਹੋਵੇਗਾ ਪਰ ਫਿਰ ਵੀ ਕਸ਼ਮੀਰੀਆਂ ਨੂੰ ਇਨ੍ਹਾਂ ਤੋਂ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਗਈ। ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰੀ ਸੜਕਾਂ ‘ਤੇ ਉਤਰ ਆਏ ਪਰ ਅੱਜ ਤਕ ਉਹ ਸ਼ਾਂਤ ਨਹੀਂ ਹੋ ਸਕੇ। ਅੱਜ ਜੇਕਰ ਉਥੇ ਮਾਹੌਲ ਕੁਝ ਸ਼ਾਂਤ ਨਜ਼ਰ ਆਉਂਦਾ ਹੈ ਤਾਂ ਉਸ ਦਾ ਕਾਰਨ ਇਹ ਹੈ ਕਿ ਕਸ਼ਮੀਰ ਵਿਚ ਕਰਫ਼ੀਊ ਲੱਗਾ ਹੋਇਆ ਹੈ ਤੇ 10 ਕਸ਼ਮੀਰੀਆਂ ਪਿਛੇ ਇੱਕ ਫੌਜੀ ਤਾਇਨਤ ਹੈ। ਇੰਟਰਨੈੱਟ ਅਤੇ ਫ਼ੋਨ ‘ਤੇ ਪਾਬੰਦੀ ਲਗਾ ਦਿਤੀ ਗਈ ਹੈ ਤੇ ਅਖ਼ਬਾਰਾਂ ਦੇ ਦਫ਼ਤਰਾਂ ‘ਤੇ ਛਾਪੇ ਮਾਰ ਕੇ, ਤਿੰਨ ਦਿਨਾਂ ਤੋਂ ਕਸ਼ਮੀਰ ਵਿਚ ਅਫ਼ਵਾਹਾਂ ਤਾਂ ਭਾਵੇਂ ਚਲਦੀਆਂ ਰਹਿਣ ਦਿਤੀਆਂ ਗਈਆਂ ਹਨ ਪਰ ਖ਼ਬਰਾਂ ਦੀ ਪੂਰੀ ਨਾਕੇਬੰਦੀ ਕੀਤੀ ਹੋਈ ਹੈ। ਹੁਣ ਸਰਕਾਰ ਵਲੋਂ ਪਾਕਿਸਤਾਨ ਉਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਇਰਾਦੇ ਨਾ-ਪਾਕ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਆਖਦੇ ਹਨ ਕਿ ਉਹ ਕਸ਼ਮੀਰ ਨੂੰ ਮੁੜ ਸਹੀ ਰਾਹ ‘ਤੇ ਲਿਆਉਣਗੇ, ਤੇ ਉਨ੍ਹਾਂ ਨੂੰ ਸੱਚਾਈ ਦਾ ਸਾਹਮਣਾ ਕਰਵਾਉਣਗੇ। ਕਿਹੜੀ ਸੱਚਾਈ? ਕਸ਼ਮੀਰੀ ਮੁਸਲਮਾਨ ਦਿਲੋਂ ਮਹਿਸੂਸ ਕਰਦਾ ਹੈ ਕਿ ਭਾਰਤ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ, ਕੇਵਲ ਕਸ਼ਮੀਰ ਦੀ ਧਰਤੀ ਨੂੰ ਪਸੰਦ ਕਰਦਾ ਹੈ। ਗਊ-ਮਾਸ ‘ਤੇ ਪਾਬੰਦੀ ਮੁਸਲਮਾਨ ਦੇ ਪੇਟ ‘ਤੇ ਲੱਤ ਹੈ। ਤੇ ਭਾਜਪਾ ਦੇ ਆਉਣ ਨਾਲ ਗਊ-ਰਖਸ਼ਕਾਂ ਦੀ ਸੈਨਾ ਦਾ ਜਿਹੜਾ ਜਾਲ ਵਿਛਾਇਆ ਗਿਆ ਹੈ, ਉਹ ਦੇਸ਼ ਦੇ ਕੋਨੇ-ਕੋਨੇ ਵਿਚ ਦਹਿਸ਼ਤ ਫੈਲਾ ਰਹੀਆਂ ਹਨ। ਸਾਹਮਣੇ ਤਾਂ ਸਿਰਫ਼ ਗੰਭੀਰ ਹਾਦਸੇ ਹੀ ਆਉਂਦੇ ਹਨ, ਪਰ ਹਰ ਰੋਜ਼ ਜੋ ਦਹਿਸ਼ਤ ਫੈਲਦੀ ਹੈ, ਉਸ ਬਾਰੇ ਕੀ ਕੀਤਾ ਜਾਵੇਗਾ? ਜਿਸ ਤਰ੍ਹਾਂ ਕਸ਼ਮੀਰ ਉਤੇ ਲਗਾਤਾਰ ਫ਼ੌਜ ਦਾ ਦਬਾਅ ਜਾਰੀ ਹੈ, ਜਿਸ ਤਰ੍ਹਾਂ ਕਸ਼ਮੀਰ ਵਿਚ ਲੋਕ ‘ਗ਼ਾਇਬ’ ਹੋ ਜਾਂਦੇ ਹਨ, ਜਿਸ ਤਰ੍ਹਾਂ ਉਨ੍ਹਾਂ ਨੂੰ ਉਨ੍ਹਾਂ ਦੀ ਅਪਣੀ ਸਰਕਾਰ ਵਾਰ-ਵਾਰ ਜ਼ਖ਼ਮ ਦੇਂਦੀ ਹੈ, ਉਹ ਕਿਸ ਤਰ੍ਹਾਂ ਦੇਸ਼ ਨੂੰ ਅਪਣਾ ਮੰਨਣਗੇ? ਇਸ ਸਾਲ ਦੇਸ਼ ਵਿਚ ਦੋ ਥਾਵਾਂ ‘ਤੇ ਲੋਕਾਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕ ਹੋਇਆ ਹਰਿਆਣਾ ਵਿਚ ਜਿਥੇ ਭੀੜ ਨੇ ਦਹਿਸ਼ਤ ਫ਼ੈਲਾਈ, ਕਤਲ, ਲੁਟਮਾਰ ਬਲਾਤਕਾਰ ਤੇ ਭਾਰੀ ਮਾਲੀ ਨੁਕਸਾਨ ਕੀਤਾ, ਤੇ ਦੂਜਾ ਰੋਸ ਉਨ੍ਹਾਂ ਲੋਕਾਂ ਦਾ ਉਠਿਆ ਜੋ ਸਿਰਫ਼ ਇਕ ਮਾਰੇ ਗਏ ਵਿਅਕਤੀ ਦੇ ਜਨਾਜ਼ੇ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ। ਕਸ਼ਮੀਰ ਵਿਚ ਭੀੜ ਉਤੇ ਪਿਛਲੇ ਪਾਸਿਉਂ ਵੀ ਹਮਲਾ ਕੀਤਾ ਗਿਆ ਜਦ ਉਹ ਜਨਾਜ਼ੇ ਦੇ ਮਾਤਮੀ ਜਲੂਸ ਵਿਚ ਜਾ ਰਹੇ ਸਨ। ਹਰਿਆਣਾ ਵਿਚ ਫ਼ੌਜ ਤੇ ਪੁਲਿਸ ਨੇ ਅਪਣੇ ਹੱਥ ਬੰਨ੍ਹੀ ਰੱਖੇ। ਵੱਡੇ ਹਰਿਆਣਵੀ ਸੁਰੱਖਿਆ ਕਰਮਚਾਰੀਆਂ ਨੇ ਆਖਿਆ ਕਿ ਅਪਣਿਆਂ ਉਤੇ ਵਾਰ ਕਿਸ ਤਰ੍ਹਾਂ ਕਰੀਏ? ਤੇ ਫਿਰ ਕਸ਼ਮੀਰ ਵਿਚ ਫ਼ੌਜ ਤੇ ਪੁਲਿਸ ਨੂੰ ਕਸ਼ਮੀਰੀ ਅਪਣੇ ਕਿਉਂ ਨਹੀਂ ਲਗਦੇ? ਮੰਨਿਆ ਕਿ ਇਕ ਆਮ ਕਸ਼ਮੀਰੀ, ਫ਼ੌਜ ਨੂੰ ਨਫ਼ਰਤ ਕਰਦਾ ਹੈ ਤੇ ਸਾਰੇ ਫ਼ੌਜੀ ਜ਼ਾਲਮ ਨਹੀਂ ਹੁੰਦੇ। ਫ਼ੌਜ ਨੇ ਵੀ ਬੜੀਆਂ ਕੁਰਬਾਨੀਆਂ ਦਿਤੀਆਂ ਹਨ। ਪਰ ਅਖ਼ੀਰ ਵਿਚ ਸਾਡੇ ਹੱਥ ਪੱਲੇ ਕੀ ਆਇਆ ਹੈ? ਇਕ ਐਸਾ ਰਾਜ ਜੋ ਭਾਰਤ ਦਾ ਹਿੱਸਾ ਤਾਂ ਹੈ, ਪਰ ਹਰ ਮੌਕੇ ‘ਆਜ਼ਾਦੀ’ ਦੀ ਗੁਹਾਰ ਲਗਾਉਂਦਾ ਨਜ਼ਰ ਆਉਂਦਾ ਹੈ। ਕਿਸ ਨੂੰ ਇਹ ਸਮਝਾਇਆ ਜਾਵੇ ਕਿ ਜਿਸ ਤਰ੍ਹਾਂ ਕਸ਼ਮੀਰੀਆਂ ਨੂੰ ਫ਼ੌਜ ਰਾਹੀਂ ‘ਜਿੱਤਣ’ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਨਾਲ ਦੂਰੀਆਂ ਹੋਰ ਵਧ ਰਹੀਆਂ ਹਨ ਜੋ ਭਾਰਤ ਦੇ ਹਿਤ ਵਿਚ ਨਹੀਂ ਹੈ। ਜੋ ਛੋਟੀਆਂ-ਛੋਟੀਆਂ ਗੋਲੀਆਂ ਦੀ ਬੌਛਾਰ ਕਸ਼ਮੀਰੀਆਂ ਦੇ ਜਿਸਮਾਂ ‘ਤੇ ਹੋ ਰਹੀ ਹੈ, ਉਹ ਇਹੋ ਜਿਹੇ ਜ਼ਖ਼ਮ ਛੱਡ ਰਹੀ ਹੈ ਜੋ ਆਉਣ ਵਾਲੇ ਕਲ ਵਿਚ, ਨਾ ਭਰੇ ਜਾ ਸਕਣ ਵਾਲੇ, ਦਿਲਾਂ ਦੇ ਜ਼ਖ਼ਮ ਬਣ ਜਾਣਗੇ। -ਨਿਮਰਤ ਕੌਰ