ਪੀਟੀਆਈ, ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਦੇ ਨਜ਼ਦੀਕ ‘ਦਰਸ਼ਨ ਰਿਜ਼ੋਰਟ’ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇੱਥੋਂ ਸਿੱਖ ਯਾਤਰੀਆਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਹੋ ਸਕਣਗੇ। ਪਾਕਿਸਤਾਨ ’ਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਨ ਵਾਲੇ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ 2019 ’ਚ ਕੀਤਾ ਗਿਆ ਸੀ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ’ਚ ਆਪਣੇ ਜੀਵਨ ਦੇ ਆਖ਼ਰੀ ਵਰ੍ਹੇ ਬਤੀਤ ਕੀਤੇ ਸਨ। ਅਜਿਹੇ ’ਚ ਸਿੱਖ ਧਰਮ ’ਚ ਇਸ ਸਥਾਨ ਦੀ ਖ਼ਾਸ ਅਹਿਮੀਅਤ ਹੈ।

ਪੰਜਾਬ ਸੂਬੇ ਦੇ ਸੈਰ ਸਪਾਟਾ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਦੱਸਿਆ ਕਿ 30 ਕਰੋੜ ਪਾਕਿਸਤਾਨੀ ਰੁਪਏ (ਕਰੀਬ 8.91 ਕਰੋੜ ਰੁਪਏ) ਦੀ ਲਾਗਤ ਨਾਲ ਪੰਜ ਮੰਜ਼ਿਲਾ ਦਰਸ਼ਨ ਰਿਜ਼ੋਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਕੀਤਾ ਜਾਵੇਗਾ। ਪ੍ਰਾਜੈਕਟ ਦਾ ਨਿਰਮਾਣ ਦੁਨੀਆ ਭਰ ਤੋਂ ਆਉਣ ਵਾਲੇ ਸਿੱਖਾਂ ਦੀ ਸਹੂਲਤ ਲਈ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸਦਾ ਨਿਰਮਾਣ ਗੁਰਦੁਆਰਾ ਦਰਬਾਰ ਸਾਹਿਬ ਤੋਂ ਸਿਰਫ਼ 500 ਮੀਟਰ ਦੀ ਦੂਰੀ ’ਤੇ ਕੀਤਾ ਜਾਵੇਗਾ। ਅਗਲੇ ਮਹੀਨੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਕੇ 2024 ਦੇ ਅਖ਼ੀਰ ਤਕ ਇਸ ਨੂੰ ਪੂੁਰਾ ਕਰ ਲਿਆ ਜਾਵੇਗਾ। ਪ੍ਰਾਜੈਕਟ ’ਚ ਪੂਰਾ ਪੈਸਾ ਸੂਬਾ ਸਰਕਾਰ ਵੱਲੋਂ ਲਗਾਉਣ ਦੀ ਗੱਲ ਕਹਿੰਦਿਆਂ ਸੂਬਾਈ ਸਕੱਤਰ ਨੇ ਦੱਸਿਆ ਕਿ ਰਿਜ਼ੋਰਟ ਦੀ ਉੱਪਰੀ ਮੰਜ਼ਿਲ ’ਤੇ ਘੱਟੋ ਘੱਟ 10 ਕਮਰੇ, ਮਿੰਨੀ ਥੀਏਟਰ ਤੇ ਜਿਮ ਹੋਵੇਗਾ।