Ad-Time-For-Vacation.png

ਕਥਿਤ ਕੀਰਤਨੀਏ ਬਨਾਮ ਭੇਟਾਂਵਾਂ ਗਾਉਂਣ ਵਾਲੇ ?

-: ਗੁਰਦੇਵ ਸਿੰਘ ਸੱਧੇਵਾਲੀਆ ਪਿੱਛੇ ਜਿਹੇ ਦੀ ਗੱਲ ਹੈ ਮੇਰਾ ਇੱਕ ਮਿੱਤਰ ਕੀਰਤਨ ਦੀਆਂ ਸੀਡੀਜ਼ ਲੈਣ ਗਿਆ। ਸਟੋਰ ਵਾਲਾ ਉਸ ਦਾ ਜਾਣੂੰ ਹੀ ਸੀ। ਖਰੀਦਦਾਰ ਕਹਿੰਦਾ ਕਿ ਕੋਈ ਰਾਗਾਂ ਵਾਲਾ ਕੀਰਤਨ ਦੇਹ। ਉਹ ਕਹਿੰਦਾ ਕਿਹੜਾ ਰਾਗਾਂ ਵਾਲਾ? ਰਾਗ ਇਥੇ ਕੌਣ ਸੁਣਦਾ? ਉਹ ਕਹਿੰਦਾ ਚਲ ਦੱਸ ਭਾਈ ਅਵਤਾਰ ਸਿੰਘ ਹੈ ਤੇਰੇ ਕੋਲੇ? ਉਹ ਇੱਕ ਅਣਦਿੱਸਦੀ ਜਿਹੀ ਗੁੱਠ ਵੰਨੀ ਇਸ਼ਾਰਾ ਕਰਕੇ ਕਹਿੰਦਾ ਕਿ ਕੁਝ ਕੁ ਸਨ ਪਰ ਉਹ ਉਵੇਂ ਦੀਆਂ ਉਵੇਂ ਪਈਆਂ, ਹਾਰ ਕੇ ਔਹ ਗੁੱਠੇ ਲਾਈਆਂ ਕਿਸੇ ਕੰਮ ਨਹੀਂ ਤੂੰ ਉਂਝ ਹੀ ਲੈ ਜਾਹ ਸਾਰੀਆਂ ਲਿਜਾਣੀਆਂ, ਮੇਰੀਆਂ ਕਿਹੜੀਆਂ ਵਿੱਕਣੀਆਂ !!!

ਤੁਸੀਂ ਅੰਦਾਜਾ ਲਾ ਸਕਦੇਂ ਅਪਣੀ ਕੌਮ ਦੇ ਬੌਧਿਕ ਵਿਕਾਸ ਦਾ? ਜਿਸ ਗੁਰੂ ਗਰੰਥ ਸਾਹਿਬ ਨੂੰ ਸਿੱਖ ਮੱਥਾ ਟੇਕਦਾ ਉਸ ਵਿਚ ਗੁਰਬਾਣੀ ਰਚੇਤਿਆਂ ਦਾ ਨਾਂ ਬਾਅਦ ਹੈ ਰਾਗ ਪਿਹਲਾਂ ਹੈ। ਮਸਲਨ ‘ਸ੍ਰੀ ਰਾਗ, ਮ 1’। ਇਹ ਖਾਨਾ ਪੂਰਤੀ ਖਾਤਰ ਨਹੀਂ ਸਨ ਲੋਕਾਂ ਨੂੰ ਦੱਸਣ ਲਈ ਕਿ ਸਾਨੂੰ ਰਾਗ ਆਉਂਦੇ ਨੇ!

ਵੈਨਕੋਵਰ ਦੀ ਗੱਲ ਹੈ। ਹਰਬੰਸ ਸਿੰਘ ਜਗਾਧਰੀ ਵਾਲੇ ਨੂੰ ਕਿਸੇ ਘਰ ਸੱਦਿਆ ਸੱਦਣ ਵਾਲੇ ਸਾਡੇ ਵੀ ਜਾਣੂੰ ਸਨ ਅਸੀਂ ਵੀ ਚਲੇ ਗਏ। ਭੋਗ ਤੋਂ ਬਾਅਦ ਲੰਗਰ ਛੱਕ ਰਹੇ ਸਨ। ਸੱਦਣ ਵਾਲਾ ਕਹਿੰਦਾ ਭਾਈ ਸਾਹਬ ਉਂਝ ਤਾਂ ਤੁਸੀਂ ਸਭ ਹੀ ‘ਸੋਹਣਾ’ ਗਾਉਂਦੇ ਹੋਂ ਪਰ ਅੱਜ ਕੱਲ ਤੁਹਾਡੀਆਂ ਕਵਿਤਾਵਾਂ ਜਿਆਦਾ ਆ ਰਹੀਆਂ ਮਾਰਕਿਟ ਵਿਚ? ਉਹ ਪਤਾ ਕੀ ਕਹਿੰਦਾ?

ਕੀਰਤਨ ਦਾ ਟੀ-ਸੀਰੀਜ ਵਾਲੇ ਮੈਨੂੰ ਦਿੰਦੇ ਦੋ ਲੱਖ ਤੇ ਕਵਿਤਾ ਦਾ ਚਾਰ! ਬਾਕੀ ਤੁਸੀਂ ਦੇ ਦਿਆ ਕਰੋ ! ਦੁਆਲੇ ਹੱਥ ਜੋੜੀ ਖੜੇ ਲੋਕ ਹੈਰਾਨ! ਵੈਂਨਕੋਵਰ ਦਸ਼ਮੇਸ਼ ਦਰਬਾਰ ਕੀਰਤਨ ਵਿਚਾਲੇ ਬੰਦ ਕਰਕੇ ਜਗਾਧਰੀ ਕੈਮਰੇ ਵਾਲੇ ਨੂੰ ਕਹਿੰਦਾ ਕਿ ਭਾਈ ਸਾਹਬ ਕੈਮਰਾ ਬੰਦ ਕਰੋ ਇੰਝ ਕੰਪਨੀਆਂ ਇਤਰਾਜ ਕਰਦੀਆਂ ਜਿੰਨਾ ਲਈ ਅਸੀਂ ਰਿਕਾਡਿੰਗ ਕਰਾਉਂਣੀ ਹੁੰਦੀ?? ਏਹ ਕੀਰਤਨੀਏ ਨਹੀਂ ਬਲਕਿ ਕਲਾਕਾਰ ਹਨ ਜਿਵੇਂ ਬਾਕੀ ਯਾਣੀ ਗਾਉਂਣ ਵਾਲੇ!

ਇਸ ਹਨੇਰ ਗਰਦੀ ਵਿਚ ਭਾਈ ਅਵਤਾਰ ਸਿੰਘ ਵਰਗੇ ਦੀ ਤਪਸਿਆ ਉਪਰ ਧੂੜ ਨਹੀਂ ਜਮੂੰ ਤਾਂ ਕੀ ਹੋਊ? ਤੁਹਾਡਾ ਅੱਜ ਦਾ ਰਾਗੀ ਮੈਨੂੰ ਨਹੀਂ ਜਾਪਦਾ ਚਾਰ ਤਾਲ ਵਿਚ ਕੋਈ ਸ਼ਬਦ ਪੜ ਸਕਦਾ ਹੋਵੋ। ਇਹ ਤਾਂ 16 ਮਾਤਰਾਂ ਵਾਲ ਤਿੰਨ ਤਾਲ ਨਹੀਂ ਗਾ ਸਕਦੇ ਚਾਰ ਤਾਲ ਵਰਗੇ ਔਖੇ ਅਤੇ ਕਠਨ ਤਾਲਾਂ ਵਿਚ ਗਾਉਂਣਾ ਤਾਂ ਚਿੜੀਆਂ ਦਾ ਦੁੱਧ ਇਕੱਠਾ ਕਰਨ ਵਾਂਗ ਹੈ ਇਨ੍ਹਾਂ ਲਈ। ਆਮ ਹੀ ਬਹੁਤੇ ਕੀ ਸਾਰੇ ਚਾਰ ਮਾਤਰਾ ਵਾਲੇ ਕੈਰਵਾ ਵਿਚ ਹੀ ਗਾਉਂਦੇ ਜਾਂ ਵੱਧ ਤੋਂ ਵੱਧ ਦਾਦਰਾ। ਉਸ ਲਈ ਕੋਈ ਮਾਤਰਾ ਜਾਂ ਲੈਅ ਦਾ ਧਿਆਨ ਰੱਖਣ ਦੀ ਲੋੜ ਹੀ ਨਹੀਂ ਅੱਖਾਂ ਮੀਚੀ ਗਾਈ ਚਲੋ ਭਵੇਂ।

ਰਾਗੀ ਕੀ ਹੋਇਆ ਕਿ ਕੀਰਤਨ ਕਰਦਾ ਕਰਦਾ ਤਾਲ ਤੇ ਰਾਗ ਦੋਵੇਂ ਬਦਲ ਦਏ! ਭਾਈ ਅਵਤਾਰ ਸਿੰਘ ਜਾਂ ਪੁਰਾਣਿਆ ਵਿਚੋਂ ਕਿਸੇ ਵਿਰਲੇ ਟਾਵੇਂ ਨੂੰ ਤੁਸੀਂ ਸੁਣਿਆ ਜੇ। ਪਹਿਲੀ ਗੱਲ ਤਾਂ ਸਾਨੂੰ ਸਮਝ ਹੀ ਨਹੀਂ ਨਾ ਤਾਲ ਦੀ ਨਾਂ ਰਾਗ ਦੀ। ਉਹ ਸਥਾਈ ਵੇਲੇ ਚਾਰ ਤਾਲ, ਅੰਤਰੇ ਤੇ ਜਾ ਕੇ ਇੱਕ ਦਮ ਤਿੰਨ ਤਾਲ ਜਾਂ ਝੱਪ ਤਾਲ ਕਰ ਦਿੰਦਾ ਹੈ।

ਅਵਤਾਰ ਸਿੰਘ ਜਦ ਗਾਉਂਦਾ ਉਸ ਨੂੰ ਸੁਣਕੇ ਤੁਹਾਡੇ ਖੁਦ ਦੇ ਗਲ ਵਿਚ ਕੁਝ ਹੋਣ ਲੱਗ ਜਾਂਦਾ। ਲਚਕ, ਮੁਲਾਇਮਤਾ।

ਜਿਵੇਂ ਸਮੁੰਦਰ ਉਪਰ ਲਹਿਰਾਂ ਤੈਰਦੀਆਂ ਹੋਣ! ਉਹ ਇੱਕ ਲਫਜ ਵਿਚ ਕਈ ਸੁਰਾਂ ਲਾ ਜਾਂਦਾ। ਇੱਕ ਸ਼ਬਦ ਉਸ ਗਾਇਆ ‘ਤੂੰ ਸਾਝਾਂ ਸਾਹਿਬ ਬਾਪ ਹਮਾਰਾ’ ਬਾਪ ਕਹਿੰਦਾ ਕਹਿੰਦਾ ਹੀ ਉਹ ਪੂਰੀ ਸਾ ਰੇ ਗਾ ਮਾ ਲਾ ਜਾਂਦਾ। ਜਿਵੇਂ ਦਾ ਸਬਦ ਵਿਚ ਲਫਜ ਉਵੇਂ ਦੀਆਂ ਗਲੇ ਵਿਚੋਂ ਲਹਿਰਾਂ! ਇਹ ਲਹਿਰਾਂ ਬਣਦੀਆਂ ਲੰਮੀ ਤਪੱਸਿਆ ਵਿਚੋਂ। ਉਸ ਤਪੱਸਿਆ ਵਿਚੋਂ ਜਿਸ ਉਪਰ ਧੂੜ ਦੀ ਮੋਟੀ ਤਹਿ ਜੰਮ ਚੁੱਕੀ ਹੋਈ। ਉਹ ਧੂੜ ਜਿਹੜੀ ਸਿੱਖ ਕੌਮ ਦੇ ਸਿਰਾਂ ਵਿਚੋਂ ਹੋ ਕੇ ਆਉਂਦੀ ਜਿਹੜੇ ਸਿਰ ਨਵਾ ਤਾਂ ਆਉਂਦੇ ਗੁਰੂ ਗਰੰਥ ਸਾਹਿਬ ਅੱਗੇ ਪਰ ਦੇਖਦੇ ਨਹੀਂ ਕਿ ਉਸ ਵਿਚ ਕੀ ਹੈ?

ਸਹੀ ਤਰੀਕੇ ਰਾਗ ਵਿਚ ਹੁੰਦਾ ਕੀਰਤਨ ਤੁਹਾਡੇ ਅੰਦਰੋਂ ਆਦਰਾਂ ਤੱਕ ਕੱਢ ਲਿਆਉਂਦਾ। ਰੱਬੀ ਗੁਣ ਜਦ ਰਾਗ ਦੀਆਂ ਲਰਜਾਂ ਵਿਚਦੀ ਲੰਘ ਕੇ ਆਉਂਦੇ ਹਿਰਦੇ ਨੂੰ ਧੂਹ ਪਾਈ ਜਾਂਦੇ। ਤੁਹਾਡੇ ਜੀਵਨ ਵਿਚ ਠਹਿਰਾ ਪੈਦਾ ਕਰਦੇ। ਤੁਹਾਡਾ ਹਿਰਦਾ ਚੁੱਪ ਹੋਣ ਲੱਗਦਾ। ਚੁੱਪ ਦੇ ਉਸ ਸਮੁੰਦਰ ਵਿਚੋਂ ਤੁਸੀਂ ਰੱਬੀ ਗੁਣਾ ਦੇ ਮੋਤੀ ਚੁਗਣ ਲੱਗਦੇ। ਇੱਕ ਇੱਕ ਲਫਜ ਤੁਹਾਡੇ ਹਿਰਦੇ ਦੀਆਂ ਤਾਰਾਂ ਨੂੰ ਛੇੜਦਾ ਚਲਾ ਜਾਂਦਾ! ਤੁਸੀਂ ਉਸ ਵਿਚ ਕਹੇ ਕਿਸੇ ਬਚਨ ਨੂੰ ਅਣਗੌਲਿਆ ਕਰ ਹੀ ਨਹੀਂ ਸਕਦੇ।

ਤੁਸੀਂ ਸੁਣੋ। ਨਹੀਂ ਵੀ ਸਮਝ ਆਉਂਦਾ ਤਾਂ ਵੀ ਸੁਣੋ। ਇੱਕ ਮਹੀਨਾ ਤੁਸੀਂ ਧੱਕੇ ਨਾਲ ਸੁਣਨ ਦੀ ਕੋਸ਼ਿਸ਼ ਕਰੋਂ। ਤੁਸੀਂ ਆਹ ਭੇਟਾ ਗਾਉਂਣ ਵਾਲਿਆਂ ਵਰਗਾ ‘ਕੀਰਤਨ’ ਕਰਨ ਵਾਲਿਆਂ ਦੀ ਮਕਾਣ ਵੀ ਨਾ ਜਾਉਂਗੇ ਤੇ ਤੁਸੀਂ ਖਿੱਝਣ ਲੱਗੋਂਗੇ ਕਿ ਇਨ੍ਹਾਂ ਧਰਤੀ ਤੇ ਭਾਰ ਨੂੰ ਰੱਬ ਚੁੱਕਦਾ ਕਿਉਂ ਨਹੀਂ? ਜਿਹੜੇ ਅਪਣੇ ਕਿੱਤੇ ਨਾਲ ਭੋਰਾ ਵੀ ਇਨਸਾਫ ਨਹੀਂ ਕਰ ਰਹੇ?

ਤੁਹਾਡੇ ਅੱਜ ਦੇ ਰਾਗੀ ਵਿਚ ਤਾਂ ਇਨੀ ਜਾਨ ਨਹੀਂ ਕਿ ਉਹ ਸਬਦ ਹੀ ਯਾਦ ਕਰ ਕੇ ਲੈ ਜਾਏ। ਵਾਜੇ ਦੀਆਂ ਫਟੀਆਂ ਵਿਚ ਪਰਚੀਆਂ ਜਾਂ ਅਜਕੱਲ ਸਮਾਰਟ ਫੋਨ ਰੱਖ ਰੱਖ ਕੀਰਤਨ ਕਰਨ ਵਾਲੇ ਤੁਹਾਨੂੰ ਰਾਗ ਦੱਸ ਦੇਣਗੇ? ਰੰਗੀਲਾ, ਜਗਾਧਰੀ, ਸੋਢੀ ਜਾਂ ਆਹ ਤੁਹਾਡੇ ਦੇਹ ਤੇਰੀ ਦੀ ਚਿਮਟਿਆਂ ਵਾਲੇ ਤੁਹਾਨੂੰ ਦੱਸਦਗੇ ਕਿ ਗੁਰੂ ਸਾਹਿਬਾਨਾਂ ਰਾਗ ਅਤੇ ਬਾਕਇਦਾ ਤਾਲ ਵੀ ਨਾਲ ਦਿੱਤੇ ਹੋਏ ਨੇ ਤੇ ਇਸ ਨੂੰ ਕਿਹੜੇ ਤਾਲ ਵਿਚ ਗਾਉਂਣਾ। ਘਰ ਯਾਣੀ ਤਾਲ!

ਰਹਿੰਦੀ ਕਸਰ ਤੁਹਾਡੇ ਆਹ ਸਿਮਰਨਾ ਵਾਲਿਆਂ ਕੱਢ ਦਿੱਤੀ। ਉਹ ਬੱਤੀਆਂ ਕਰ ਲੈਂਦੇ ਬੰਦ ਤੇ ਮੁੜ ਵਡਭਾਗੀਆਂ ਦੇ ਭੂਤ ਕੱਢਣ ਵਾਂਗ ਜਿਉਂ ਚੀਕਾਂ ਮਾਰਨ ਲੱਗਦੇ। ਉਥੇ ਤੁਸੀਂ ਕਿਹੜਾ ਰਾਗ ਲਭ ਲਉਂਗੇ? ਚਿਮਟਿਆਂ ਢੋਲਕੀਆਂ ਦੇ ਸ਼ੋਰ ਵਿਚ ਕਿਹੜਾ ਰਾਗ ਤੇ ਕਿਹੜਾ ਠਹਿਰਾਅ? ਬਾਬਾ ਜੀ ਅਪਣਿਆਂ ਨੂੰ ਉਸ ਵੇਲੇ ਕੀ ਚਾਰ ਚਿਮਟਿਆਂ ਵਾਲੇ ਵਿਹਲੇ ਲਗੌੜ ਨਹੀਂ ਸੀ ਲੱਭ ਸਕਦੇ? ਪਰ ਉਨਾਂ ਚੁਣਿਆ ਪਤਾ ਕਿਸਨੂੰ? ਭਾਈ ਮਰਦਾਨਾ ਜੀ ਨੂੰ! ਭਲਾ ਕਿਉਂ?

ਮਾਨ ਸਿੰਘ ਝੌਰ ਨੇ ਇੱਕ ਗੱਲ ਕਹੀ ਕਹਿੰਦਾ ਆਹ ਵਾਜਾ? ਵਾਜਾ ਤਾਂ ਸਾਡਾ ਸਾਜ ਹੀ ਨਹੀਂ। ਇਹ ਕੋਈ ਸਾਜ ਹੈ ਕੁੱਕੜ ਉਪਰ ਤੁਰੇ ਤਾਂ ਵੱਜ ਪੈਂਦਾ! ਵਾਜਾ ਇੰਗਲੈਂਡ ਵਾਲੇ ਗੋਰੇ ਵੱਧਰਾਂ ਜਿਹੀਆਂ ਪਾ ਕੇ ਗੱਲ ਵਿਚ ਪਾਈ ਫਿਰਦੇ ਹੁੰਦੇ ਸਨ। ਉਨ੍ਹਾਂ ਗਲੋਂ ਲਾਹ ਕੇ ਇਨੀ ਅਪਣੀ ਮੂਹਰੇ ਰੱਖ ਲਿਆ। ਵਾਜਾ ਉਹ ਫਹੁੜੀ ਹੈ, ਜਿਸ ਨਾਲ ਤੁਹਾਡੇ ਰਾਗੀ ਤੁਰਦੇ। ਇਨ੍ਹਾਂ ਅਗੋਂ ਵਾਜਾ ਚੁੱਕ ਲਓ ਇਹ ਡਿੱਗ ਜਾਣਗੇ। ਤੰਤੀ ਸਾਜ ਉਪਰ ਕੀਰਤਨ ਕਰਨਾ ਇਨ੍ਹਾਂ ਲਈ ਮੌਤ ਹੈ। ਤੁਸੀਂ ਇੱਕ ਐਲਾਨ ਕਰ ਦਿਓ ਕਿ ਵਾਜੇ ਉਪਰ ਕੀਰਤਨ ਬੰਦ! ਤੁਹਾਡੀਆਂ ਸਾਰੀਆਂ ਹੱਟੀਆਂ ਬੰਦ? ਗੁਰਦਆਰਿਆਂ ਵਿਚੋਂ ‘ਕੀਰਤਨੀਆਂ’ ਦੀਆਂ ਫਿਰਦੀਆਂ ਹੇੜਾਂ ਗੱਧੇ ਦੇ ਸਿੰਗਾਂ ਵਾਂਗ ਗਾਇਬ ਨਾ ਹੋ ਗਈਆਂ?

ਰਬਾਬ ਜਾਂ ਤੰਤੀ ਸਾਜ ਨਾਲ ਸੁਰ ਤੁਹਾਨੂੰ ਆਪ ਲੱਭਣੀ ਪੈਂਦੀ ਯਾਣੀ ਤੁਹਾਡੇ ਗਲੇ ਨੂੰ। ਵਾਜੇ ਨਾਲ ਇਦਾਂ ਦੀ ਕੋਈ ਮੁਸ਼ਕਲ ਨਹੀਂ। ਵਾਜਾ ਅਗੇ ਅਗੇ ਤੁਸੀਂ ਮਗਰ ਮਗਰ। ਉਹੀ ਫਹੁੜੀ ਉਪਰ ਤੁਰਨਾ। ਤੁਹਾਡੀਆਂ ਅਪਣੀਆਂ ਲੱਤਾਂ ਵਿਚ ਜਾਨ ਨਹੀਂ ਤਾਂ ਫਹੁੜੀ ਤੁਹਾਨੂੰ ਤੋਰਦੀ। ਵਾਜਾ ਤੋਰਦਾ ਤੁਹਾਨੂੰ। ਹੁਣ ਵਾਲੇ ਬਹੁਤੇ ਰਾਗੀ ਤਾਂ ਵਾਜੇ ਨਾਲ ਵੀ ਬੇਸੁਰੇ। ਸਾਈਡ ਵਾਲਿਆਂ ਵਾਜੇ ਦਾ ਪੱਖਾ ਹੀ ਕੱਢ ਛੱਡਿਆ। ਊਂਈ ਫੱਟੀ ਘੁੰਮਾਈ ਜਾਂਦੇ ਜਾਪੇ ਜਿਵੇਂ ਵਾਜਾ ਵੱਜ ਰਿਹੈ। ਸੁਰਾਂ ਤੇ ਵੀ ਐਵੇਂ ਘੈਵੇਂ ਹੱਥ ਮਾਰੀ ਜਾਣਗੇ। ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਬਹਿ ਕੇ ਲੋਕਾਂ ਨੂੰ ਮੂਰਖ ਬਣਾ ਰਹੇ !!!

ਬਾਬਿਆਂ ਨੂੰ ਬਾਹਲੀਆਂ ਸੁਰਾਂ ਦੀ ਲੋੜ ਹੀ ਨਹੀਂ। ਉਨ੍ਹਾਂ ਦੇ ਜੱਗੇ ਜੱਟ ਜਾਂ ਮਿਰਜੇ ਦੀ ਦੋਂਹ ਸੁਰਾਂ ‘ਤੇ ਹੀ ਬੱਲੇ ਬੱਲੇ !! ਇਵੇਂ ਤੁਹਾਡੇ ਅਗਾਂਹ ਗਾਉਂਣ ਵਾਲੇ। ਨਾ ਸਥਾਈ, ਨਾ ਅੰਤਰਾ। ਦੋ ਕੁ ਸੁਰਾਂ ਹੀ ਉਨ੍ਹਾਂ ਦੀ ਸਥਾਈ ਤੇ ਅੰਤਰਾ। ਨਾ ਗਾਉਂਣ ਵਾਲਿਆਂ ਨੂੰ ਸੁੱਧ ਨਾ ਸੁਣਨ ਵਾਲਿਆਂ ਨੂੰ!

ਜਿਸ ਕੌਮ ਦਾ ਬੇਸ ਹੀ ਰਾਗ ਸੀ, ਜਿਸ ਦੇ ਰਹਿਬਰ ਨੇ ਖੁਦ ਦਾ ਨਾਂ ਹੀ ਰਾਗ ਤੋਂ ਬਾਅਦ ਲਿਆ ਉਸ ਕੌਮ ਦੇ ਗਾਉਂਣ ਵਾਲਿਆਂ ਦਾ ਹਾਲ ਦੇਖ ਲਓ। ਹਾਲੇ ਨਾਮਧਾਰੀਆਂ ਇਸ ਗੱਲੇ ਧਿਆਨ ਦਿੱਤਾ। ਉਨ੍ਹਾਂ ਦੇ ਬੰਦੇ ਰਾਗਾਂ ਵਿਚ ਮਾਹਰ। ਉਹ ਕੀਰਤਨ ਕਰਦੇ ਹੀ ਰਾਗਾਂ ਵਿਚ। ਸਮਝ ਹੈ ਉਨ੍ਹਾਂ ਨੂੰ ਰਾਗਾਂ ਦੀ। ਉਹ ਕੀਰਤਨ ਦਰਬਾਰ ਵੀ ਰਾਗਾਂ ਦੇ ਮੁਕਾਬਲੇ ਦੇ ਕਰਾਉਂਦੇ ਨੇ।

ਆਪਣੇ ਕੀਰਤਨ ਦਰਬਾਰਾਂ ਦਾ ਸ਼ਿੰਗਾਰ ਪਤਾ ਕੌਣ ਹੁੰਦੇ? ਜਗਾਧਰੀ (ਹੁਣ ਤਾਂ ਚਲੋ ਮਰ ਗਿਆ) ਰੰਗੀਲਾ, ਸੋਢੀ, ਊਨੇ ਵਾਲਾ ਤੇ ਉਦੋਂ ਵੀ ਵੱਡਾ ‘ਰਾਗ’ ਵਾਲਾ ਹੋਵੇ ਤਾਂ ਪਿਹੋਵੇ ਵਾਲਾ?

ਤੁਸੀਂ ਦੇਖ ਰਹੇ ਹੋਂ ਤੁਹਾਡੇ ਸਾਹਵੇਂ ਕੀਰਤਨ ਭੇਟਾਵਾਂ ਗਾਉਂਣ ਵੰਨੀ ਵਧ ਰਿਹਾ ਹੈ, ਰਾਗ ਵਿਚ ਸੁਣਨਾ ਸਿੱਖ ਦਾ ਰਸ ਨਹੀਂ ਰਿਹਾ ਕਿਉਂਕਿ ਤੁਹਾਨੂੰ, ਸਾਨੂੰ, ਮੈਨੂੰ ਨਾ ਰਾਗ ਦੀ ਸਮਝ ਨਾ ਇਸ ਗੱਲ ਦੀ ਕਿ ਰਾਗਾਂ ਵਿਚ ਬਾਣੀ ਉੁਚਾਰੀ ਕਿਉਂ ਗਈ ਸੀ?

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਮਾਣ ਨਾਲ ਕਹੋ ਅਸੀਂ ਹਿੰਦੂ ਹਾਂ, ਸਾਨੂੰ ਕੋਈ ਫ਼ਿਕਰ ਨਹੀਂ (ਰਾਜੇਸ਼ ਪ੍ਰਿਅਦਰਸ਼ੀ:ਡਿਜੀਟਲ ਐਡੀਟਰ, ਬੀਬੀਸੀ ਹਿੰਦੀ)

ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਜਨਤਾ ਦੇਸ ‘ਤੇ ਮਾਣ ਕਰੇ, ਉਮੀਦ ਹੈ ਕਿ ਇਸੇ ਫਾਰਮੂਲੇ ਤੋਂ ਲੋਕ ਦੇਸ ਚਲਾਉਣ ਵਾਲਿਆਂ ‘ਤੇ ਵੀ ਮਾਣ ਕਰਨ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.