Ad-Time-For-Vacation.png

ਲੁੱਟੇ ਜਾ ਰਹੇ ਹਾਂ, ਫਿਰ ਭੀ ਨੀਂਦ ਕਿਉਂ ਆ ਰਹੀ ਹੈ?

ਚੰਡੀਗੜ: (ਕਰਮਜੀਤ ਸਿੰਘ ਸੀਨੀਅਰ ਪੱਤਰਕਾਰ) ਸਵੇਰੇ ਛੇ ਵਜੇ ਫੋਨ ਦੀ ਘੰਟੀ ਖੜਕ ਗਈ। ਦੂਜੇ ਪਾਸੇ ਤੋ ਸਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋ।ਇਹ ਉਹ ਢਿੱਲੋ ਸਾਹਬ ਹਨ ਜਿਹੜੇ ਕਿਸੇ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ ਵਿੱਚ ਇਤਿਹਾਸ ਵਿਭਾਗ ਦੇ ਚੇਅਰਮੈਨ ਰਹਿ ਚੁੱਕੇ ਹਨ।ਇਹ ਉਹ ਢਿੱਲੋ ਸਾਹਬ ਹਨ ਜਿਹਨਾਂ ਨੇ ਪੰਜਾਬ ਦੇ ਦਰਦ ਦੀ ਕਹਾਣੀ ਉੱਤੇ ਇੱਕ ਪ੍ਰਸਿੱਧ ਕਿਤਾਬ ‘ਇੰਡੀਆ ਕਮਿਟਸ ਸੁਸਾਈਡ’ ਲਿਖੀ । ਇਹ ਉਹ ਢਿੱਲੋ ਸਾਹਬ ਹਨ ਜੋ ਉਹਨਾਂ ਚੰਦ ਵਿਅੱਕਤੀਆਂ ਵਿੱਚੋ ਇੱਕ ਹਨ ਜਿਹਨਾਂ ਨੂੰ ਪੰਜਾਬ ਦੇ ਲੁੱਟੇ ਪਾਣੀਆਂ ਦੀ ਤੱਥਾਂ ਅਤੇ ਦਲੀਲ਼ਾਂ ਸਮੇਤ ਇਤਿਹਾਸਕ ਸਮਝ ਹੈ ਅਤੇ ਜੋ ਹਰ ਦੂਜੇ ਤੀਜੇ ਦਿਨ ਜਿਸ ਸਟੇਜ਼ ਉੱਤੇ ਵੀ ਉਹਨਾਂ ਨੂੰ ਸਮਾਂ ਮਿਲਦਾ ਹੈ,ਉੱਥੇ ਹੀ ਇਸ ਦਰਦ ਭਰੀ ਦਾਸਤਾਨ ਉੱਤੇ ਡੂੱਘੇ ਵੈਣ ਪਾਉਂਦੇ ਰਹਿੰਦੇ ਹਨ।

ਅੱਜ ਫੋਨ ਉੱਤੇ ਉਹਨਾਂ ਦਾ ਸਾਰਾ ਗੁੱਸਾ ਪਹਿਲਾਂ ਮੇਰੇ ਉੱਤੇ ਨਾਜ਼ਲ ਹੋਇਆ।ਫੇਰ ਲੀਡਰਾਂ ਉੱਤੇ।ਫੇਰ ਰੈਡੀਕਲ ਲੀਡਰਾਂ ਉੱਤੇ।ਫੇਰ ਪੰਜਾਬ ਦੇ ਇਤਿਹਾਸਕਾਰਾਂ ਉੱਤੇ ਅਤੇ ਫੇਰ ਪੰਜਾਬ ਦੇ ਲੇਖਕਾਂ ਉੱਤੇ ਜਿਹਨਾਂ ਨੇ ਚਿੜੀ ਕਾਂ ਦੀਆਂ ਕਹਾਣੀਆਂ ਪਾ ਕੇ ਢੇਰਮ-ਢੇਰ ਕਿਤਾਬਾਂ ਲਿਖੀਆਂ ਹਨ, ਪਰ ਆਪਣੀ ਕਲਪਨਾ ਨਾਲ ਕਦੇ ਵੀ ਪੰਜਾਬ ਦੇ ਲੁੱਟੇ ਗਏ ਪਾਣੀਆਂ ਉੱਤੇ ਦੋ ਅੱਖਰ ਨਹੀ ਲਿਖੇ,ਦੋ ਹੰਝੂ ਨਹੀ ਕੇਰੇ।

“ਕਰਮਜੀਤ!ਤੂੰ ਮਰ ਗਿਆ ਏ….ਤੈਨੂੰ ਨੀਂਦ ਕਿਵੇਂ ਆ ਰਹੀ ਏ… ਅਸੀਂ ਲੁੱਟੇ ਜਾ ਰਹੇ ਆਂ…ਸਭ ਪੱਤਰਕਾਰ ਮਰ ਗਏ ਨੇ…ਏਥੇ ਪੰਜਾਬ ਦਾ ਹੁਣ ਕੋਈ ਬਾਲੀਵਾਰਸ ਨਹੀ ਰਿਹਾ…ਬਣਾ ਲਓ ਤੁਸੀ ਆਪਣਾ ਖਾਲਿਸਤਾਨ… ਜਦੋਂ ਪਾਣੀ ਹੀ ਨਾ ਰਿਹਾ ਤਾਂ ਰੇਗਿਸਤਾਨ ਵਿੱਚ ਕਰ ਲਿਓ ਤੁਸੀਂ ਆਪਣਾ ਰਾਜ… ਵੱਡੇ ਆਏ ਖਾਲਿਸਤਾਨੀ…।“

ਉਹਨਾਂ ਦਾ ਪਿਆਰ ਭਰਿਆ ਗੁੱਸਾ ਜਾਰੀ ਸੀ,“ਤੈਨੂੰ ਪਤਾ ਹੈ 2009 ਵਿੱਚ ਲੁਧਿਆਣਾ ਵਿੱਚ ਰੈਲੀ ਹੋਈ ਸੀ।ਬੜੀ ਵੱਡੀ ਰੈਲੀ ਸੀ।ਉੱਥੇ ਮੋਦੀ ਵੀ ਆਇਆ ਸੀ ਅਤੇ ਨਿਤੀਸ਼ ਕੁਮਾਰ ਵੀ ਸੀ।ਉਦੋ ਉਹ ਐਨਡੀਏ ਵਿੱਚ ਸੀ,ਯਾਨੀ ਭਾਜਪਾ ਨਾਲ ਸੀ।ਰੈਲੀ ਵਿੱਚ ਬਾਦਲ ਵੀ ਬੈਠਾ ਸੀ।ਮੋਦੀ ਨੇ ਬੋਲਦਿਆਂ ਕਿਹਾ ਕਿ ਅਸੀ ਹੁਣ ਸਾਰੇ ਭਾਰਤ ਦੇ ਦਰਿਆਵਾਂ ਨੂੰ ਇੱਕ ਕਰ ਦੇਣਾ ਹੈ ਯਾਨੀ ਨੈਸ਼ਨਲ ਗਰਿੱਡ ਬਣਾ ਦੇਣਾ ਹੈ।ਤੈਨੂੰ ਪਤਾ ਹੈ ਗਰਿੱਡ ਕੀ ਹੁੰਦਾ ਏ?ਤੈਨੂੰ ਪਤਾ ਏ ਮੋਦੀ ਨੇ ਕੀ ਆਖਿਆ?ਤੈਨੂੰ ਪਤਾ ਏ ਦਰਿਆਵਾਂ ਨੂੰ ਇਕੱਠੇ ਕਰਨ ਨਾਲ ਸਭ ਤੋ ਵੱਧ ਰਾਏਪੇਰੀਅਨ ਰਾਜਾਂ ਨੂੰ ਨੁਕਸਾਨ ਹੁੰਦਾ ਹੈ।ਪੰਜਾਬ ਨੇ ਤਾਂ ਸਭ ਤੋ ਪਹਿਲਾਂ ਮਰਨਾ ਹੀ ਮਰਨਾ ਏ।ਕਿਉਂਕਿ ਅਸੀਂ ਰਾਏਪੇਰੀਅਨ ਰਾਜ ਹਾਂ।ਪਰ ਮੋਦੀ ਨੇ ਇੱਕ ਗੱਲ ਕਰਕੇ ਹੈਰਾਨ ਕਰ ਦਿੱਤਾ,ਕਹਿੰਦਾ ਸਾਡੇ ਫੈਸਲੇ ਦੀ ਬਾਦਲ ਸਾਬ ਵੀ ਪੂਰੀ ਹਮਾਇਤ ਕਰ ਰਹੇ ਹਨ। ਹੋਰ ਸੁਣ।ਇਹ ਬਾਦਲ ਕੇਸਲ ਮਾਰਕੇ ਬੈਠਾ ਰਿਹਾ।ਇੱਕ ਅੱਖਰ ਵੀ ਮੂੰਹੋ ਨਾ ਬੋਲ ਸਕਿਆ।ਜਦੋਂ ਮੈਂ ਪਿੱਟਿਆ ਤਾਂ ਤੀਜੇ ਦਿਨ ਇਸਨੂੰ ਹੋਸ਼ ਆਈ ‘ਤੇ ਫੇਰ ਮੋਦੀ ਦੀ ਗੱਲ ਦਾ ਮਰੀਅਲ ਜਿਹਾ ਵਿਰੋਧ ਕੀਤਾ।ਇਹ ਬਾਦਲ ਕੇਂਦਰ ਦੇ ਹੱਥ ਵਿੱਚ ਪੰਜਾਬ ਦੇ ਵਿਰੁੱਧ ਆਸਾਨੀ ਨਾਲ ਸਭ ਤੋ ਵੱਧ ਵਰਤਿਆ ਜਾਣ ਵਾਲਾ ਬੰਦਾ ਹੈ।“

ਢਿੱਲੋ ਸਾਹਬ ਦੀ ਦਰਦ ਭਰੀ ਦਾਸਤਾਨ ਵਿੱਚ ਮੈਂ ਕੋਈ ਵਿਘਨ ਨਹੀ ਸੀ ਪਾਉਣਾ ਚਾਹੁੰਦਾ ਅਤੇ ਨਾ ਹੀ ਕੋਈ ਸਵਾਲ ਕਰਨਾ ਚਾਹੁੰਦਾ ਸੀ।ਇਸ ਲਈ ਸਿਖਰ ਦੁਪਹਿਰ ਵਾਂਗ ਉਹਨਾਂ ਦਾ ਚਮਕਦਾ ਗੁੱਸਾ ਜਾਰੀ ਰਿਹਾ,“ਤੈਨੂੰ ਪਤਾ ਆਸਟਰੇਲੀਆ ਵਿੱਚ ਕੀ ਹੁੰਦੈ?ਉਹਨਾਂ ਕੋਲ ਪਾਣੀ ਨਹੀਂ।ਸਾਰਾ ਦੇਸ਼ ਖਾਲੀ ਪਿਆ।ਵੱਡੇ ਵੱਡੇ ਪਾਣੀਆਂ ਦੇ ਮਾਹਰ ਦੁਹਾਈ ਦੇ ਰਹੇ ਹਨ ਕਿ ਤੀਜੀ ਜੰਗ ਪਾਣੀ ਤੋ ਹੋਣੀ ਏ।ਪਰ ਅਸੀਂ ਚੁੱਪ ਕਰਕੇ ਬੈਠੇ ਆਂ ਅਤੇ ਹੋਰਨਾਂ ਨੂੰ ਪਾਣੀ ਦੇ ਰਹੇ ਆਂ।ਤੈਨੂੰ ਪਤਾ ਏ ਕੈਨੇਡਾ ਕੋਲ ਸਭ ਤੋ ਵੱਧ ਪਾਣੀ ਹੈ।ਉਹਨਾਂ ਦੇ ਦੇਸ਼ ਵਿੱਚ 20-20 ਮੀਲ ਲੰਮੀਆਂ ਝੀਲਾਂ ਹਨ।ਤੂੰ ਕਿਊਬੇਕ ਬਾਰੇ ਜਾਣਦਾ ਏ।ਸਭ ਤੋ ਵੱਧ ਪਾਣੀ ਕੈਨੇਡਾ ਵਿੱਚ ਕਿਊਬੇਕ ਕੋਲ ਏ।ਨਾਲ ਦੇ ਰਾਜਾਂ ਨੇ ਪਾਣੀ ਮੰਗਿਆ।ਉਹਨਾਂ ਨੇ ਸਾਫ ਜਵਾਬ ਦੇ ਦਿੱਤਾ ਕਿ ਇੱਕ ਬੂੰਦ ਵੀ ਨਹੀਂ ਦੇ ਸਕਦੇ।ਪਰ ਆਪਾਂ ਸਾਰਾ ਪਾਣੀ ਬਾਹਰ ਵੰਡ ਦਿੱਤਾ।ਹੁਣ ਸਾਡਾ ਖੂਨ ਹੋਰ ਲੋਕ ਪੀਂਦੇ ਜਾ ਰਹੇ ਹਨ।ਬਸ ਹੁਣ ਅਸੀ ਲਾਸ਼ਾਂ ਹੀ ਬਣਾਗੇਂ।“

ਮੈਂ ਝਿਜਕਦਿਆਂ ਝਿਜਕਦਿਆਂ ਸਵਾਲ ਕਰਨ ਦਾ ਹਂੋਸਲਾ ਕਰ ਲਿਆ।ਢਿੱਲੋ ਸਾਬ, ਹੁਣ ਆਪਾਂ ਸੁਪਰੀਮ ਕੋਰਟ ਦੇ ਫੈਸਲੇ ਪਿੱਛੋ ਹੋਰ ਕਿੱਥੇ ਜਾਵਾਗੇਂ?ਡਾਕਟਰ ਸਾਹਬ ਨੇ ਹੁਣ ਬੇਬੱਸੀ ਦੇ ਲਹਿਜੇ ਵਿੱਚ ਆਪਣਾ ਸਹਿੰਦਾ ਸਹਿੰਦਾ ਇਤਰਾਜ਼ ਕੁੱਛ ਇਵੇਂ ਜਾਹਰ ਕੀਤਾ “ਉਦੋਂ ਸੁਪਰੀਮ ਕੋਰਟ ਕਿੱਥੇ ਸੀ ਜਦੋਂ 3 ਹਜ਼ਾਰ ਸਿੱਖ ਦਿੱਲੀ ਵਿੱਚ ਮਾਰੇ? ਨਿੱਕੇ ਨਿੱਕੇ ਮਸਲਿਆਂ ‘ਤੇ ਸੂਔ ਮੋਟੋ ਨੋਟਿਸ ਜਾਰੀ ਕਰ ਦਿੰਦੇ ਹਨ।ਪਰ 3 ਹਜ਼ਾਰ ਮਾਰੇ ਸਿੱਖਾਂ ਸਮੇਂ ਕੋਈ ਸੂਔ ਮੋਟੋ ਨੋਟਿਸ ਕਿਉਂ ਨਾ ਜਾਰੀ ਹੋਇਆ?ਸਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟੀਆਂ ਗਈਆਂ ਉਦੋਂ ਸੁਪਰੀਮ ਕੋਰਟ ਕਿੱਥੇ ਸੀ?ਸਾਡੇ ਗੁਰੂ ਗ੍ਰੰਥ ਸਾਹਿਬ ਸਾੜੇ ਗਏ ਸਾਡੇ ਗੁਰੂ ਘਰਾਂ ਨੂੰ ਅੱਗਾਂ ਲਾਈਆਂ ਗਈਆਂ ਉਦੋਂ ਸੁਪਰੀਮ ਕੋਰਟ ਕਿੱਥੇ ਸੀ?ਕਰਮਜੀਤ! ਸਾਡੀ ਟਰੈਜ਼ਡੀ ਬਹੁਤ ਵੱਡੀ ਹੈ…ਬਹੁਤ ਪਾਸਿਆਂ ਤੋ…ਅਸੀਂ ਤਬਾਹ ਹੋ ਰਹੇ ਹਾਂ…ਸਾਰੀਆਂ ਬਿਜਲੀਆਂ ਸਾਡੇ ਉੱਤੇ ਹੀ ਕਿਉਂ ਡਿੱਗਦੀਆਂ ਨੇ…?ਸਾਨੂੰ ਅੱਖਾਂ ਖੋਲ ਕੇ ਪੜਨਾ ਪੈਣਾ ਹੈ…ਦਿਮਾਗਾਂ ਉੱਤੇ ਬੋਝ ਪਾਉਣਾ ਪੈਣਾ ਹੈ…ਇੰਟਰਨੈਸ਼ਨਲ ਲਾਅ ਦੇਖਣੇ ਪੈਣੇ…ਰਾਏਪੇਰੀਅਨ ਰਾਈਟਸ ਕੀ ਕਹਿੰਦੇ ਹਨ…ਉਪਰੋ ਉਪਰੋ ਇਹ ਲੀਡਰ ਕਿੰਨਾ ਬਕਵਾਸ ਕਰ ਰਹੇ ਨੇ…ਇੱਕ ਦੂਜ਼ੇ ਉੱਤੇ ਤੋਹਮਤਾਂ ਲਾਅ ਰਹੇ ਨੇ…ਅਸਲ ਵਿੱਚ ਇਹ ਸਾਰੇ ਦੋਸ਼ੀ ਨੇ…ਹੁਣ ਸਾਰੇ ਲੀਡਰ ਲੋਕਾਂ ਦੇ ਜਜ਼ਬਿਆਂ ਨੂੰ ਭੜਕਾਉਣਗੇਂ ਅਤੇ ਕਹਿੰਦੇ ਰਹਿਣਗੇ ਕਿ ਇੱਕ ਬੂੰਦ ਵੀ ਪਾਣੀ ਨਹੀਂ ਜਾਣ ਦੇਵਾਗੇਂ।ਇਹ ਗੱਲ ਹੁਣ ਇਹਨਾਂ ਦੀ ਤਕੀਆ ਕਲਾਮ ਬਣ ਚੁੱਕੀ ਹੈ…ਮੈਂ ਤੈਨੂੰ ਕਹਿੰਨਾ ਕਿ ਕਿਸੇ ਨੇ ਲੜਾਈ ਨਹੀਂ ਲੜਨੀ ਨਾ ਕਾਂਗਰਸ ਨੇ,ਨਾ ਬਾਦਲ ਨੇ ਅਤੇ ਨਾ ਆਪ ਨੇ।ਉੱਪਰੋ ਉੱਪਰੋ ਬਕਵਾਸ ਜਾਰੀ ਰਹੇਗੀ ਪਰ ਅੰਦਰਲੀ ਤਹਿ ਤੱਕ ਕਿਸੇ ਨੇ ਨਹੀ ਜਾਣਾ… ਹਾਂ ਸ਼ਾਇਦ ਅਮਰਿੰਦਰ ਕੁਛ ਕਰ ਸਕਦਾ ਏ ਪਰ ਮੈਨੂੰ ਪਤਾ ਲੱਗਿਆ ਉਸਦੀ ਸਿਹਤ ਵੀ ਬਹੁਤੀ ਚੰਗੀ ਨਹੀਂ।ਉਸਨੂੰ ਸਾਹ ਚੜਦਾ ਏ।“

ਡਾਕਟਰ ਗੁਰਦਰਸ਼ਨ ਸਿੰਘ ਫੇਰ ਸੰਗਤ ਸਿੰਘ ਉੱਤੇ ਵਰਨ ਲੱਗੇ।ਕੀ ਲਿਖਿਐ ਉਸਨੇ?ਅਖਬਾਰਾਂ ਦੀਆਂ ਕਾਤਰਾਂ ਕੱਟ ਕੱਟ ਕੇ ਕਿਤਾਬ ਲਿਖ ਦਿੱਤੀ ‘ਸਿੱਖਸ ਇਨ ਹਿਸਟਰੀ’।ਇਤਿਹਾਸ ਅਖਬਾਰਾਂ ਤੋ ਨਕਲ ਮਾਰਕੇ ਲਿਖੇ ਜਾਂਦੇ।ਪਾਣੀ ਬਾਰੇ ਉਸਨੇ ਇੱਕ ਅੱਖਰ ਨਹੀ ਲਿਖਿਐ।ਪਾਣੀ ਨੇ ਹੀ ਸਾਡੇ ਭਵਿੱਖ ਦਾ ਫੈਸਲਾ ਕਰਨਾ ਹੈ।ਪਾਣੀ ਨੇ ਹੀ ਸਾਡਾ ਅੱਜ,ਸਾਡੀ ਹਸਤੀ ਤੈਅ ਕਰਨੀ ਹੈ।ਮੈਂ ਹਰ ਰੋਜ਼ ਰੌਲਾ ਪਾਉਂਦਾ ਲੋਕ ਮੈਂਨੂੰ ਪਾਗਲ ਕਹਿੰਦੈ…ਆਖੀ ਜਾਣ ਪਰ ਮੈਂ ਤਾਂ ਬੋਲਦਾ ਹੀ ਰਵਾਗਾਂ।ਤੈਨੂੰ ਪਤੈ ਪੁਲੀਟੀਕਲ ਸਾਇੰਸ ਵਿੱਚ ‘ਸਟੇਟ’ ਕਿਸ ਨੂੰ ਕਹਿੰਦੇ ਹਨ?’ਸਟੇਟ’ ਕੋਲ ਆਪਣੀ ਜ਼ਮੀਨ(ਟੈਰੀਟਰੀ)ਹੁੰਦੀ ਹੈ,ਆਪਣੀ ਵੱਸੋਂ ਹੁੰਦੀ ਹੈ।ਇਹੋ ਗੱਲ ਉਸਨੂੰ ਸੋਵਰਨ ਬਣਾਉਂਦੀ ਹੈ ਜਿਸਨੂੰ ਤੂੰ ਪ੍ਰਭੂ ਸੰਪੰਨ ਕਹਿੰਦਾ ਆ।ਕੇਂਦਰ ਸਰਕਾਰ ਕੋਲ ਕੋਈ ਟੈਰੀਟਰੀ ਨਹੀਂ ਹੁੰਦੀ। ਰਾਜਾਂ ਕੋਲ ਟੈਰੀਟਰੀ ਹੁੰਦੀ ਹੈ।ਏਸੇ ਲਈ ਉਹ ਸੋਵਰਨ ਹੁੰਦੀਆਂ ਹਨ।ਅਮਰੀਕਾ ਵਿੱਚ ਫੈਡਰਲ ਢਾਂਚਾ ਹੈ ਪਰ ਉੱਥੇ ਕੇਂਦਰ ਕੋਲ ਕੋਈ ਟੈਰੀਟਰੀ ਨਹੀਂ।ਉਹਨਾਂ ਕੋਲ ਕਰੰਸੀ ਹੋ ਸਕਦੀ ਹੈ, ਫੋਜ ਹੋ ਸਕਦੀ ਹੈ ਪਰ ਟੈਰੀਟਰੀ ਨਹੀਂ ਹੁੰਦੀ।ਉੱਥੇ ਰਾਜ ਅਰਥਾਤ ਸੂਬੇ ਅਜ਼ਾਦ ਹਨ।ਉਹ ਆਪਣੇ ਅਧਿਕਾਰਾਂ ਉੱਤੇ ਕੇਂਦਰ ਨੂੰ ਛਾਪਾ ਮਾਰਨ ਦੀ ਖੁੱਲ ਹੀ ਨਹੀਂ ਦਿੰਦੇ।ਪਰ ਅਸੀ?…ਅਸੀ ਬੋਲਦੇ ਹੀ ਨਹੀ।ਜੇ ਬੋਲਦੇ ਹਾਂ ਤਾਂ ਗਲਤ ਮਲਤ ਬੋਲਦੇ ਹਾਂ।ਨਾ ਹੀ ਸੀਰੀਅਸ ਗੱਲਾਂ ਪੜਦੇ ਹਾਂ।ਤੈਨੂੰ ਪਤੈ ਬਾਦਲ ਸਾਬ ਤਾਂ ਖੁਦ ਹੀ ਮੰਨਦੇ ਨੇ ਕਿ ਮੈਂ ਤਾਂ ਕਿਤਾਬ ਪੜਦਾ ਈ ਨਹੀ।ਦੱਸੋ ਜਿਸਨੇ ਕਿਤਾਬ ਈ ਨਹੀ ਪੜਨੀ ਉਸ ਨੂੰ ਪਾਣੀ ਦੇ ਗੁੰਝਲਦਾਰ ਮਸਲੇ ਦਾ ਕਿਵੇਂ ਪਤਾ ਲੱਗੂ? ‘ਤੇ ਉਹ ਜਨਤਾ ਨੂੰ ਕੀ ਦੱਸੂ?

ਜਦੋਂ ਡਾਕਟਰ ਗੁਰਦਰਸ਼ਨ ਸਿੰਘ ਫੋਨ ਖਤਮ ਹੋਇਆ ਤਾਂ ਮੈਨੂੰ ਪਾਣੀਆਂ ਦੇ ਮੁੱਦੇ ਉੱਤੇ ਬਰਨਾਲਾ ਸਰਕਾਰ ਦੋਰਾਨ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲ ਦੀ ਪੰਜਾਬ ਨਾਲ ਕੀਤੀ ਸਭ ਤੋ ਵੱਡੀ ਗੱਦਾਰੀ ਯਾਦ ਆਈ। ਉਹਨਾਂ ਦਿਨਾਂ ਵਿੱਚ ਮੈਨੂੰ ‘ਸਿੱਖ ਇਨਕਲਾਬ’ ਕਿਤਾਬ ਦੇ ਮਹਾਨ ਲੇਖਕ ਸਰਦਾਰ ਜਗਜੀਤ ਸਿੰਘ,ਸਰਦਾਰ ਦਲਜ਼ੀਤ ਸਿੰਘ ਆਈਏਐਸ ,ਸਰਦਾਰ ਗੁਰਤੇਜ਼ ਸਿੰਘ ਆਈਏਐਸ ਅਤੇ ਉੱਘੇ ਪੱਤਰਕਾਰ ਸਰਦਾਰ ਸੁਖਦੇਵ ਸਿੰਘ ਨੂੰ ਕਈ ਵਾਰ ਮਿਲਣ ਦੇ ਮੌਕੇ ਮਿਲਦੇ ਰਹਿੰਦੇ ਸਨ।ਇਹਨਾਂ ਹੀ ਸੱਜਣਾਂ ਨੇ ਪਾਣੀਆਂ ਦੇ ਲੁੱਟੇ ਜਾਣ ਦੀ ਦਾਸਤਾਨ ਪੰਜਾਬ ਦੇ ਲੋਕਾਂ ਨੂੰ ਸਭ ਤੋ ਪਹਿਲਾਂ ਦੱਸੀ ਸੀ।ਉਦੋਂ ਤੱਕ ਅਕਾਲੀਆਂ ਦੇ ਵੱਡੇ ਵੱਡੇ ਲੀਡਰਾਂ ਨੂੰ ਵੀ ਪਾਣੀਆਂ ਬਾਰੇ ਹੋਏ ਵਿਤਕਰੇ ਸੰਬੰਧੀ ? ਅ ਵੀ ਨਹੀ ਸੀ ਆਉਂਦਾਂ ‘ਤੇ ਸ਼ਾਇਦ ਹਾਲਤ ਅੱਜ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ।ਉਹਨਾਂ ਹੀ ਦਿਨਾਂ ਵਿੱਚ ਮੈਂ ਸਰਦਾਰ ਦਲਜੀਤ ਸਿੰਘ ਦੇ ਘਰ 9 ਸੈਕਟਰ ਵਿੱਚ ਗਿਆ।ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਐਲਆਰ ਦੇ ਹੱਥ ਫਾਈਲ ਭੇਜੀ ‘ਤੇ ਉਹਨਾਂ ਤੋ ਪਾਣੀਆਂ ਦੇ ਮੁੱਦੇ ‘ਤੇ ਟ੍ਰਿਬਿਊਨਲ ਕਾਇਮ ਕਰਨ ਬਾਰੇ ਸਲਾਹ ਮੰਗੀ।ਦਲਜੀਤ ਸਿੰਘ ਨੇ ਦੁਹਾਈ ਦਿੱਤੀ ਕਿ ਰੱਬ ਦੇ ਵਾਸਤੇ ਇਹ ਮਾਮਲਾ ਭੁੱਲਕੇ ਵੀ ਟ੍ਰਿਬਿਊਨਲ ਨੂੰ ਨਾ ਸੌਂਪ ਦੇਣਾ ।ਜੇ ਸੌਂਪ ਦਿੱਤਾ ਤਾਂ ਸੁਪਰੀਮ ਕੋਰਟ ਵਿੱਚ ਜਾਣ ਦਾ ਹੱਕ ਸਦਾ ਲਈ ਗੁਆ ਬੈਠੋਗੇ।ਪਰ ਬਰਨਾਲੇ ਨੇ ਦਲਜੀਤ ਸਿੰਘ ਦੀ ਸਲਾਹ ਨਹੀ ਮੰਨੀ ‘ਤੇ ਕੇਂਦਰ ਦੇ ਦਬਾਅ ਹੇਠ ਆਕੇ ਆਪਣੀ ਸਰਕਾਰ ਨੂੰ ਬਚਾਉਣ ਲਈ ਟ੍ਰਿਬਿਊਨਲ ਮੰਨ ਲਿਆ। ਜਦੋਂ ਮੈਂ ਦਲਜੀਤ ਸਿੰਘ ਦੇ ਘਰ ਗਿਆ ਤਾਂ ਉਹ ਬੇਹੱਦ ਮਾਯੂਸ ਸਨ।ਜਿੰਦਗੀ ਵਿੱਚ ਏਨਾ ਉਦਾਸ ਉਹ ਕਦੇ ਵੀ ਨਹੀ ਸਨ ਹੋਏ।ਉਹਨਾਂ ਦਾ ਅੰਦਰ ਧਾਹਾਂ ਮਾਰਕੇ ਰੋ ਰਿਹਾ ਸੀ।ਰਜੀਵ ਗਾਂਧੀ ਨੇ ਛੇਤੀ ਹੀ ਬਰਨਾਲਾ ਸਰਕਾਰ ਨੂੰ ਚੱਲਦਾ ਕਰ ਦਿੱਤਾ। ਲੇਕਿਨ ਸਦੀਵੀਂ ਗੱਦਾਰੀ ਦਾ ਦਾਗ ਉਸਦੇ ਮੱਥੇ ‘ਤੇ ਲੱਗ ਗਿਆ। ਅੱਜ ਕਿਸੇ ਨੂੰ ਵੀ ਨਹੀ ਪਤਾ ਕਿ ਪਾਣੀਆਂ ਦੇ ਸਵਾਲ ‘ਤੇ ਉਹ ਵੀ ਇੱਕ ਦੌਸ਼ੀ ਹੈ।ਹਾਲਾਂਕਿ ਉਸਦੇ ਨਰਮ ਦਿਸਦੇ ਸੁਭਾਅ ਪਿੱਛੇ ਇਹ ਵੱਡਾ ਗੁਨਾਅ ਕਿਸੇ ਨੂੰ ਵੀ ਨਜ਼ਰ ਨਹੀ ਆਉਂਦਾ।
ਖੈਂਰ ਮੈਂ ਸਰਦਾਰ ਦਲਜੀਤ ਸਿੰਘ ਦੀ ਗੱਲ ਕਰਦਾ ਹਾਂ ਜੋ ਅਕਸਰ ਹੀ ਅਫਸਰਸ਼ਾਹੀ ਪ੍ਰਣਾਲੀ ਦੇ ਉੱਚੇ ਪਦ ਉੱਤੇ ਹੋਣ ਕਾਰਨ ਆਪਣੇ ਸੁਭਾਵ ਮੁਤਾਬਕ ਵੀ ਬੜੇ ਸੰਕੋਚ ਅਤੇ ਸੰਜਮ ਨਾਲ ਹੀ ਆਪਣੀ ਗੱਲ ਕਰਦੇ ਸਨ।ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੁਣ ਕੁਝ ਹੋ ਸਕਦਾ ਹੈ।ਉਹਨਾਂ ਨੇ ਮੱਥੇ ਉੱਤੇ ਹੱਥ ਮਾਰਿਆ ਅਤੇ ਕਿਹਾ ਨਹੀ ਹੁਣ ਕੁਝ ਨਹੀ ਹੋ ਸਕਦਾ।ਮੈਂ ਫਿਰ ਸੁਆਲ ਕੀਤਾ ਕਿ ਤੁਹਾਡਾ ਐਨਾ ਵੱਡਾ ਅਤੇ ਵਿਸ਼ਾਲ ਅਨੁਭਵ ਹੈ,ਕ੍ਰਿਪਾ ਪਰਕੇ ਕੁਛ ਤਾਂ ਦੱਸੋ।ਉਹਨਾਂ ਜਵਾਬ ਦਿੱਤਾ ਕਿ ਜੇਕਰ ਸੁਪਰੀਮ ਕੋਰਟ ਵਿੱਚ ਪੰਜਾਬ ਪੁਨਰਗਠਨ ਐਕਟ ਨੂੰ ਹੀ ਚੈਲੰਜ ਕਰ ਦਿੱਤਾ ਜਾਵੇ ਤਾਂ ਸ਼ਾਇਦ ਕੁਝ ਰਾਹਤ ਮਿਲ ਸਕਦੀ ਹੈ।ਪਰ ਕਿਸੇ ਨੇ ਵੀ ਇਸ ਐਕਟ ਨੂੰ ਚੈਲੰਜ ਕਰਨ ਦੀ ਲੋੜ ਨਾ ਸਮਝੀ।ਕੁੱਝ ਹੀ ਮਿੰਟਾਂ ਪਿੱਛੋ ਦਲਜੀਤ ਸਿੰਘ ਮੈਨੂੰ ਕਹਿਣ ਲੱਗੇ ਕਿ ਮੁੰਡਿਆਂ ਦਾ ਅੰਦੋਲਨ ਵੀ ਤਾਂ ਚੱਲ ਹੀ ਰਿਹਾ ਹੈ।ਉਹਨਾਂ ਦਾ ਇਸ਼ਾਰਾ ਜੁਝਾਰੂ ਲਹਿਰ ਵੱਲ ਸੀ ਜੋ ਪੰਜਾਬ ਦੀ ਅਜ਼ਾਦੀ ਲਈ ਮੈਦਾਨੇ ਜੰਗ ਵਿੱਚ ਜੂਝ ਰਹੇ ਸਨ।ਪਤਾ ਨਹੀ ਇਹ ਗੁਪਤ ਇਸ਼ਾਰਾ ਮੁੰਡਿਆਂ ਤੱਕ ਕਦੋਂ ਅਤੇ ਕਿਵੇਂ ਪਹੁੰਚ ਗਿਆ ਅਤੇ ਫੇਰ ਉਹ ਦਿਨ ਆ ਗਿਆ ਜਦੋਂ ਜੁਝਾਰੂਆਂ ਨੇ ਵੱਡਾ ਕਾਰਨਾਮਾ ਕਰਕੇ ਨਹਿਰ ਨੂੰ ਰੋਕ ਦਿੱਤਾ ਅਤੇ ਫੇਰ ਉਸਤੋ ਪਿੱਛੋ ਨਹਿਰ ਪੂਰੀ ਕਰਨ ਦਾ ਕਿਸੇ ਨੇ ਵੀ ਹੋਸਲਾ ਨਾ ਕੀਤਾ।

ਫੇਰ ਇੱਕ ਦਿਨ ਮੈਂ ਕਿਸੇ ਹੋਰ ਕੰਮ ਸਰਦਾਰ ਦਲਜੀਤ ਸਿੰਘ ਦੇ ਘਰ ਗਿਆ ਤਾਂ ਐਸਵਾਈਐਲ ਨਹਿਰ ਦੇ ਰੋਕੇ ਜਾਣ ਬਾਰੇ ਸਰਸਰੀ ਗੱਲ ਚੱਲ ਨਿਕਲੀ।ਦਲਜੀਤ ਸਿੰਘ ਨੇ ਮੁਸਕਰਾਉਂਦਿਆਂ ਅੰਗਰੇਜ਼ੀ ਵਿੱਚ ਕਿਹਾ ‘ਸਮਟਾਈਮਸ ਵਾਇਲੈਂਸ ਇਜ਼ ਗਰੇਟ ਕਮਨੀਕੇਸ਼ਨ’ ਯਾਨੀ ਕਈ ਵਾਰ ਹਿੰਸਾ ਵੀ ਇੱਕ ਵੱਡਾ ਸੁਨੇਹਾ ਦੇ ਜਾਂਦੀ ਹੈ।ਮੈਂ ਮੋੜਵਾਂ ਜਵਾਬ ਦਿੱਤਾ :ਸਰ,ਹਿੰਸਾ ਨਹੀ ਇਨਕਲਾਬੀ ਹਿੰਸਾ।ਉਹ ਫਿਰ ਮੁਸਕਰਾਏ ‘ਤੇ ਹੁਣ ਮੇਰੇ ਲਈ ਇਹ ਸਮਝਣਾ ਔਖਾ ਨਹੀ ਸੀ ਕਿ ਉਹਨਾਂ ਦੀ ਮੁਸਕਰਾਹਟ ਵਿੱਚ ਬਿਨਾਂ ਬੋਲਿਆ ਹੀ ਮੇਰੇ ਨਾਲ ਸਹਿਮਤੀ ਸੀ।

ਇਸ ਗੱਲ ਨੂੰ ਕਿੰਨੇ ਸਾਲ ਬੀਤ ਗਏ ਹਨ।ਸਰਦਾਰ ਦਲਜੀਤ ਸਿੰਘ ਵੀ ਇਸ ਦੁਨੀਆਂ ਵਿੱਚ ਨਹੀ ਰਹੇ।ਪਰ ਅੱਜ ਜਦੋਂ ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹਾਂ ਕਿ ਸਾਡੇ ਆਗੂ ਕਿਵੇਂ ਇੱਕ ਦੂਜੇ ਤੋ ਅੱਗੇ ਵੱਧ ਕੇ ਟਾਹਰਾਂ ਮਾਰ ਰਹੇ ਹਨ ਕਿ ਅਸੀ ਗੋਲੀਆਂ ਖਾ ਲਵਾਗੇਂ, ਅਸੀ ਖੂਨ ਬਹਾ ਦੇਵਾਗੇਂ ਪਰ ਪਾਣੀ ਦੀ ਇੱਕ ਬੂੰਦ ਵੀ ਨਹੀ ਜਾਣ ਦੇਵਾਗੇਂ।ਪਰ ਇਤਿਹਾਸ ਦੱਸਦਾ ਹੈ ਕਿ ਉਹਨਾਂ ਸਭਨਾਂ ਨੇ ਨਹਿਰ ਤਾਂ ਕੱਢਵਾ ਹੀ ਦਿੱਤੀ ਸੀ।ਜਦੋਂ ਪਹਿਲਾਂ ਟੱਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਕੋਲ ਖੜੇ ਸਨ।ਬਰਨਾਲਾ ਸਾਬ ਦੀ ਗੱਦਾਰੀ ਸਾਰਿਆਂ ਨੇ ਵੇਖ ਹੀ ਲਈ ਹੈ ਅਤੇ ਬਾਦਲ ਸਾਬ ਨੇ ਵੀ ਹਰਿਆਣੇ ਤੋ 2 ਕਰੋੜ ਲੈ ਲਏ ਸਨ ਅਤੇ ਦਰਬਾਰਾ ਸਿੰਘ ਨੇ ਵੀ ਇੰਦਰਾ ਗਾਂਧੀ ਦੇ ਕਹਿਣ ‘ਤੇ ਸੁਪਰੀਮ ਕੋਰਟ ਤੋ ਕੇਸ ਵਾਪਸ ਲੈ ਲਿਆ ਸੀ।ਲੇਕਿਨ ਇਹਨਾਂ ਜੁਝਾਰੂ ਨੌਜਵਾਨਾਂ ਨੇ ਅਸਲ ਵਿੱਚ ਆਪਣਾ ਖੂਨ ਬਹਾਕੇ ਨਹਿਰ ਨੂੰ ਰੋਕਿਆ ਸੀ,ਉਹਨਾਂ ਨੂੰ ਅੱਜ ਕੋਈ ਵੀ ਯਾਦ ਨਹੀ ਕਰਦਾ।ਇਹ ਕੈਸੇ ਆਗੂ ਹਨ ਜੋ ਉਹਨਾਂ ਦੇ ਡੁੱਲੇ ਖੂਨ ਉੱਤੇ ਅੱਜ ਆਪਣੀਆਂ ਆਪਣੀਆਂ ਰੋਟੀਆਂ ਸੇਕ ਰਹੇ ਹਨ।ਇਤਿਹਾਸ ਇਹਨਾਂ ਦੀ ਜਵਾਬਦੇਹੀ ਕਦੋਂ ਲਵੇਗਾ।ਇਹਨਾਂ ਆਗੂਆਂ ਬਾਰੇ ਹੇਠ ਲਿਖਿਆ ਸ਼ੇਅਰ ਕਾਫੀ ਠੀਕ ਰਹੇਗਾ:

ਹਾਲਾਤ ਕੀ ਤਬਦੀਲੀ ਸ਼ਾਇਦ ਇਸੇ ਕਹਿਤੇ ਹੈ
ਜੋ ਬਾਗ ਕਾ ਦੁਸ਼ਮਨ ਹੈ ਵਹੀ ਬਾਗ ਕਾ ਮਾਲੀ ਹੈ

ਪਰ ਜਿਹਨਾਂ ਨੇ ਖੂਨ ਡੋਲਕੇ ਇਸ ਨਹਿਰ ਨੂੰ ਰੋਕਿਆ ਸੀ ਉਹਨਾਂ ਦੀਆਂ ਰੂਹਾਂ ਅੱਜ ਇਹ ਕਹਿ ਰਹੀਆਂ ਹਨ:

ਗੁਲਿਸਤਾਂ ਕੋ ਲਹੂ ਕੀ ਜ਼ਰੂਰਤ ਪੜੀ
ਸਬਸੇ ਪਹਿਲੇ ਹਮਾਰੀ ਹੀ ਗਰਦਨ ਕਟੀ
ਫਿਰ ਭੀ ਕਹਿਤੇ ਹੈ ਮੁਝਸੇ,ਯੇ ਅਹਿਲੇ ਚਮਨ
ਯੇ ਚਮਨ ਹੈ ਹਮਾਰਾ,ਤੁਮਹਾਰਾ ਨਹੀ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.