ਸਟੇਟ ਬਿਊਰੋ, ਜੰਮੂ : ਐੱਨਆਈਏ ਨੇ ਅੱਤਵਾਦੀ ਫੰਡਿੰਗ ਅਤੇ ਡ੍ਰੋਨ ਨਾਲ ਹਥਿਆਰਾਂ ਦੀ ਤਸਕਰੀ ਦੇ ਮਾਮਲੇ ’ਚ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਸੱਤ ਜ਼ਿਲ੍ਹਿਅ ’ਚ ਅੱਠ ਥਾਵਾਂ ’ਤੇ ਛਾਪੇ ਮਾਰ ਕੇ ਤਲਾਸ਼ੀ ਲਈ। ਇਸ ਦੌਰਾਨ ਸ਼ੋਪੀਆਂ ’ਚ ਦੋ ਸਕੇ ਭਰਾਵਾਂ ਤੇ ਉਨ੍ਹਾਂ ਦੀ ਇਕ ਭੈਣ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ। ਇਹ ਤਿੰਨੋਂ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਜਾ ਚੁੱਕੇ ਅੱਤਵਾਦੀ ਆਸਿਫ਼ ਅਹਿਮਦ ਗਨਈ ਦੇ ਭੈਣ-ਭਰਾ ਹਨ। ਇਸ ਤੋਂ ਇਲਾਵਾ ਨਾਮੀ-ਬੇਨਾਮੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼, ਪੈੱਨ ਡਰਾਈਵ, ਮੋਬਾਈਲ ਤੇ ਸਿਮਕਾਰਡ ਤੋਂ ਇਲਾਵਾ ਕੁਝ ਇਤਰਾਜ਼ਯੋਗ ਸਾਹਿਤ ਵੀ ਜ਼ਬਤ ਕੀਤਾ ਹੈ। ਐੱਨਆਈਏ ਮੁਤਾਬਕ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੇ ਡਿਜੀਟਲ ਉਪਕਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐੱਨਆਈਏ ਨੇ ਜੰਮੂ ਕਸ਼ਮੀਰ ਪੁਲਿਸ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਜ਼ਿਲ੍ਹਾ ਸ੍ਰੀਨਗਰ, ਪੁਲਵਾਮਾ, ਸ਼ੋਪੀਆਂ, ਬਾਰਾਮੂਲਾ, ਗਾਂਦਰਬਲ, ਕੁਪਵਾੜਾ ਤੋਂ ਇਲਾਵਾ ਪੁੰਛ ’ਚ ਅੱਠ ਥਾਵਾਂ ’ਤੇ ਇਕੱਠੇ ਛਾਪੇ ਮਾਰੇ। ਐੱਨਆਈਏ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਤਲਾਸ਼ੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਓਵਰਗਰਾਊਂਡ ਵਰਕਰਾਂ ਦੇ ਟਿਕਾਣਿਆਂ ’ਤੇ ਲਈ ਗਈ ਹੈ। ਪਿਛਲੇ ਸਾਲ 30 ਜੁਲਾਈ ਨੂੰ ਜੰਮੂ ਦੇ ਜ਼ਿਲ੍ਹਾ ਕਠੂਆ ਦੇ ਸਰਹੱਦੀ ਇਲਾਕੇ ’ਚ ਪਾਕਿਸਤਾਨ ’ਚ ਬੈਠੇ ਅੱਤਵਾਦੀ ਸਰਗਣਿਆਂ ਵੱਲੋਂ ਡ੍ਰੋਨ ਜ਼ਰੀਏ ਹਥਿਆਰਾਂ ਦੀ ਤਸਕਰੀ ਤੇ ਉਨ੍ਹਾਂ ਨੂੰ ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਤੱਕ ਪਹੁੰਚਾਉਣ ਦਾ ਮਾਮਲਾ ਐੱਨਆਈਏ ਨੇ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਇਸੇ ਮਾਮਲੇ ’ਚ 27 ਨਵੰਬਰ ਨੂੰ ਐੱਨਆਈਏ ਨੇ ਕਠੂਆ ਤੋਂ ਇਕ ਮੁਲਜ਼ਮ ਜ਼ਾਕਿਰ ਹੁਸੈਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ’ਚ ਕੁਝ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਤੇ ਇਸੇ ਦੇ ਆਧਾਰ ’ਤੇ ਹੀ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਲਈ ਗਈ ਹੈ। ਉਹ ਇਸ ਮਾਮਲੇ ’ਚ ਹੁਣ ਤੱਕ ਗ੍ਰਿਫ਼ਤਾਰ ਕੀਤਾ ਗਿਆ ਅੱਠਵਾਂ ਮੁਲਜ਼ਮ ਹੈ।

ਐੱਨਆਈਏ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਾਰਵਾਈ ’ਚ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਜਾਣ ਜਾਂ ਕਿਸੇ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਏ ਜਾਣ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਨੇ ਉਨ੍ਹਾਂ ਬਾਰੇ ਨਹੀਂ ਦੱਸਿਆ ਜਿਨ੍ਹਾਂ ਦੇ ਘਰਾਂ ਅਤੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਹੈ ਪਰ ਸੂੁਤਰਾਂ ਮੁਤਾਬਕ ਐੱਨਆਈਏ ਨੇ ਜ਼ਿਲ੍ਹਾ ਸ਼ੋਪੀਆਂ ਦੇ ਚਿਤਰੀਗਾਮ ’ਚ ਸਥਿਤ ਅੱਤਵਾਦੀ ਆਸਿਫ਼ ਅਹਿਮਦ ਗਨਈ ਦੇ ਘਰ ਦੀ ਵੀ ਤਲਾਸ਼ੀ ਲਈ ਹੈ। ਆਸਿਫ਼ ਦੇ ਦੋਵੇਂ ਭਰਾਵਾਂ ਸਮੀਰ ਅਹਿਮਦ ਗਨਈ ਤੇ ਇਰਫ਼ਾਨ ਅਹਿਮਦ ਗਨਈ ਤੋਂ ਇਲਾਵਾ ਉਸ ਦੀ ਭੈਣ ਰੋਜ਼ੀ ਖ਼ਾਨ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਕੋਲੋਂ ਦੋ ਡਾਇਰੀਆਂ ਤੇ ਤਿੰਨ ਮੋਬਾਈਲ ਫੋਨ ਸਿਮ ਸਮੇਤ ਜ਼ਬਤ ਕੀਤੇ ਗਏ ਹਨ।