Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Religion

( ਐਡੀਟੋਰੀੳਲ)’ਵੱਡੇ ਨਗਰ ਕੀਰਤਨ, ਕੀਰਤਨ ਦਰਬਾਰ ਸਮਾਗਮ, ਸੰਗਤ ਨੂੰ ਸਿੱਖੀ ਅਤੇ ਗੁਰੂ ਸਾਹਿਬ ਦੇ ਉਪਦੇਸ਼ ਨਾਲ ਓਨਾ ਨਹੀਂ ਜੋੜ ਸਕਦੇ ਜਿੰਨਾ ਕਿ ਕਿਸੇ ਗ਼ਰੀਬ ਦੀ ਬਾਂਹ ਫੜਿਆਂ’

By Admin Published 5 min read

ਪੰਜਾਬ ਵਿਚ ਕਿਸਾਨ ਖ਼ੁਦਕੁਸ਼ੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਹ ਜਾਣ ਕੇ ਤਸੱਲੀ ਹੁੰਦੀ ਹੈ ਕਿ ਕੁਝ ਸੰਸਥਾਵਾਂ, ਗੁਰੂ ਘਰਾਂ ਅਤੇ ਬੁੱਧੀਜੀਵੀਆਂ ਨੇ ਇਸ ਪਾਸੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ਸੰਸਾਰ ਵਿਚ ਸਭ ਤੋਂ ਵੱਡੀ ਸਜ਼ਾ ਮੌਤ ਦੀ ਹੁੰਦੀ ਹੈ। ਮਰਨ ਲਈ ਕੋਈ ਵੀ ਤਿਆਰ ਨਹੀਂ ਹੁੰਦਾ ਪਰ ਜਦੋਂ ਕੋਈ ਖ਼ੁਦਕੁਸ਼ੀ ਕਰਦਾ ਹੈ ਤਾਂ ਸਮਝੋ ਉਹ ਬਹੁਤ ਹੀ ਦੁਖੀ ਹੋਵੇਗਾ। ਮਰਨ ਦਾ ਫ਼ੈਸਲਾ ਇਕ ਛਿਣ ਵਿਚ ਕੀਤਾ ਜਾਂਦਾ ਹੈ ਪਰ ਇਸ ਸਬੰਧੀ ਸੋਚ ਅਤੇ ਉਦਾਸੀ ਚੋਖਾ ਸਮਾਂ ਪਹਿਲਾਂ ਹੀ ਬਣਨੀ ਸ਼ੁਰੂ ਹੋ ਜਾਂਦੀ ਹੈ। ਜੇਕਰ ਦੁਖੀ ਬੰਦਿਆਂ ਨੂੰ ਉਸ ਸਮੇਂ ਕੋਈ ਸਮਝਾਉਣ ਵਾਲਾ ਮਿਲ ਜਾਵੇ ਤਾਂ ਇਸ ਭਿਆਨਕ ਕਦਮ ਚੁੱਕਣ ਤੋਂ ਦੁਖੀ ਬੰਦੇ ਨੂੰ ਰੋਕਿਆ ਜਾ ਸਕਦਾ ਹੈ।
ਖ਼ੁਦਕੁਸ਼ੀ ਦੇ ਮੁੱਖ ਕਾਰਨ ਕਿਸਾਨ ਸਿਰ ਚੜ੍ਹੇ ਕਰਜ਼ੇ ਨੂੰ ਹੀ ਮੰਨਿਆ ਜਾਂਦਾ ਹੈ, ਪਰ ਇਹ ਵੀ ਸੱਚ ਹੈ ਕਿ ਕਿਸਾਨ ਤਾਂ ਮੁੱਢ ਕਦੀਮ ਤੋਂ ਹੀ ਕਰਜ਼ਾਈ ਰਿਹਾ ਹੈ।ਪਿਛਲੇ ਸਮਿਆਂ ਵਿਚ ਲੋਕਾਂ ਦਾ ਜੀਵਨ ਸਾਦ ਮੁਰਾਦਾ ਸੀ, ਪਰਮਾਤਮਾ ਉੱਤੇ ਭਰੋਸਾ ਸੀ। ਜੇਕਰ ਕੋਈ ਕਿਸੇ ਨਾਲ ਵਧੀਕੀ ਕਰਦਾ ਵੀ ਸੀ ਤਾਂ ਇਹ ਆਖ ਸਬਰ ਕਰ ਲਿਆ ਜਾਂਦਾ ਸੀ ‘ਸਬਰ ਸਬੂਰੀ ਦਰਗਾਹੇ ਲੇਖਾ’। ਉਦੋਂ ਭਾਈਚਾਰੇ ਦੀ ਵੀ ਹਮਾਇਤ ਹਾਸਲ ਸੀ।ਸਿਆਣਿਆਂ ਦਾ ਆਖਣਾ ਹੈ ਕਿ ਦੁੱਖ ਵੰਡਿਆਂ ਘਟ ਜਾਂਦਾ ਹੈ। ਇਸ ਪਾਸੇ ਸਾਡੀਆਂ ਧਾਰਮਿਕ ਸੰਸਥਾਵਾਂ ਵਧੀਆ ਯੋਗਦਾਨ ਪਾ ਸਕਦੀਆਂ ਹਨ। ਗੁਰੂ ਘਰਾਂ ਦੇ ਗ੍ਰੰਥੀ ਸਿੰਘ ਖ਼ੁਦਕੁਸ਼ੀ ਬਾਰੇ ਸੰਗਤ ਨੂੰ ਸਮਝਾ ਸਕਦੇ ਹਨ ਅਤੇ ਇਹ ਵੀ ਆਖ ਸਕਦੇ ਹਨ ਕਿ ਜੇਕਰ ਕੋਈ ਸਿੱਖ ਸੰਕਟ ਵਿਚ ਹੈ ਤਾਂ ਉਹ ਗੁਰੂ ਘਰ ਆ ਕੇ ਵਿਚਾਰ-ਵਿਟਾਂਦਰਾ ਕਰ ਸਕਦਾ ਹੈ। ਇਸ ਵਿਚਾਰ-ਵਿਟਾਂਦਰੇ ਨਾਲ ਖ਼ੁਦਕੁਸ਼ੀ ਕਰਨ ਦੇ ਭੈੜੇ ਵਿਚਾਰਾਂ ਨੂੰ ਦੁਖੀ ਬੰਦਿਆਂ ਦੇ ਮਨਾਂ ਵਿਚੋਂ ਦੂਰ ਕੱਢਿਆ ਜਾ ਸਕਦਾ ਹੈ। ਸਮੇਂ ਸਿਰ ਮਿਲੀ ਨੇਕ ਸਲਾਹ ਭੈੜੀ ਸੋਚ ਨੂੰ ਨਿਕਾਰ ਸਕਦੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਾਂ ਪਿੰਡਾਂ ਵਿਚ ਸਲਾਹਕਾਰ ਕਮੇਟੀਆਂ ਬਣਾ ਦੇਣੀਆਂ ਚਾਹੀਦੀਆਂ ਹਨ ਜਿਥੇ ਦੁਖੀ ਕਿਸਾਨ ਆ ਕੇ ਆਪਣਾ ਦੁੱਖ ਸਾਂਝਾ ਕਰ ਸਕੇ। ਇਸ ਮਿਲਣੀ ਨੂੰ ਗੁਪਤ ਰੱਖਿਆ ਜਾਵੇ ਪਰ ਉਸ ਨੂੰ ਮੁਸ਼ਕਿਲ ਵਿਚੋਂ ਕੱਢਣ ਲਈ ਯਥਾਯੋਗ ਸਹਾਇਤਾ ਵੀ ਕੀਤੀ ਜਾਵੇ। ਪ੍ਰਦੇਸੀ ਗਏ ਪੰਜਾਬੀਆਂ ਦੀ ਸਹਾਇਤਾ ਨਾਲ ਗ਼ਰੀਬ ਕਿਸਾਨ ਰਾਹਤ ਕੋਸ਼ ਵੀ ਬਣਾਇਆ ਜਾ ਸਕਦਾ ਹੈ। ਜੇਕਰ ਅਜਿਹਾ ਨਹੀਂ ਕਰਨਾ ਤਾਂ ਦਾਨੀ ਸੱਜਣਾਂ ਦੀ ਸੂਚੀ ਤਿਆਰ ਕੀਤੀ ਜਾਵੇ। ਜਦੋਂ ਲੋੜ ਪਵੇ ਤਾਂ ਦਾਨੀ ਸੱਜਣਾਂ ਤੋਂ ਹੀ ਦੁਖੀ ਪਰਿਵਾਰ ਦੀ ਮਦਦ ਕਰਵਾਈ ਜਾਵੇ। ਇਸ ਵਰ੍ਹੇ ਅਸੀਂ ਯੁਗਪੁਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਵੱਡੇ ਸਮਾਗਮ ਜ਼ਰੂਰ ਕੀਤੇ ਜਾਣ ਪਰ ਗੁਰੂ ਜੀ ਦੇ ਉਪਦੇਸ਼ ਸੰਗਤਾਂ ਤੱਕ ਪਹੁੰਚਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਗੁਰੂ ਜੀ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਹੈ। ਨਵੀਂ ਪੀੜ੍ਹੀ ਕਿਰਤ ਤੋਂ ਦੂਰ ਹੋ ਰਹੀ ਹੈ, ਉੇਸ ਨੂੰ ਕਿਰਤ ਨਾਲ ਜੋੜਿਆ ਜਾਵੇ। ਨਾਮ ਜਪਣ ਨਾਲ ਸਾਦਗੀ ਆਉਂਦੀ ਹੈ ਤੇ ਵਿਖਾਵੇ ਤੋਂ ਬੰਦਾ ਦੂਰ ਹੁੰਦਾ ਹੈ। ਵੰਡ ਛਕਣ ਦਾ ਭਾਵ ਗਰੀਬਾਂ ਦੀ ਬਾਂਹ ਫੜੀ ਜਾਵੇ। ਸਿੱਖੀ ਦੇ ਪ੍ਰਚਾਰ ਦਾ ਇਸ ਤੋਂ ਵਧੀਆ ਹੋਰ ਕੋਈ ਢੰਗ ਨਹੀਂ ਹੈ। ਵੱਡੇ ਨਗਰ ਕੀਰਤਨ, ਕੀਰਤਨ ਦਰਬਾਰ ਸਮਾਗਮ, ਸੰਗਤ ਨੂੰ ਸਿੱਖੀ ਅਤੇ ਗੁਰੂ ਸਾਹਿਬ ਦੇ ਉਪਦੇਸ਼ ਨਾਲ ਓਨਾ ਨਹੀਂ ਜੋੜ ਸਕਦੇ ਜਿੰਨਾ ਕਿ ਕਿਸੇ ਗ਼ਰੀਬ ਦੀ ਬਾਂਹ ਫੜਿਆਂ, ਕੁਰਾਹੇ ਪਈ ਜਵਾਨੀ ਨੂੰ ਰਾਹੇ ਪਾਉਣ ਤੇ ਸਾਦਗੀ ਦਾ ਸਬਕ ਸਿਖਾਉਣ ਨਾਲ ਜੋੜਿਆ ਜਾ ਸਕਦਾ ਹੈ। ਪ੍ਰਬੰਧਕਾਂ ਨੂੰ ਪਹਿਲਾਂ ਆਪ ਵਿਖਾਵੇ ਤੋਂ ਮੁੱਖ ਮੋੜਨਾ ਚਾਹੀਦਾ ਹੈ ਤਾਂ ਹੀ ਉਹ ਸੰਗਤ ਨੂੰ ਇਹ ਸਬਕ ਪੜ੍ਹਾ ਸਕਦੇ ਹਨ।
ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਸਮਾਜ ਸੇਵੀ ਜਥੇਬੰਦੀਆਂ ਵੀ ਇਸ ਪਾਸੇ ਅਹਿਮ ਯੋਗਦਾਨ ਪਾ ਸਕਦੀਆਂ ਹਨ। ਅਸਲ ਵਿਚ ਇਸ ਤੋਂ ਵਧੀਆ ਹੋਰ ਕੋਈ ਸਮਾਜ ਸੇਵਾ ਹੋ ਹੀ ਨਹੀਂ ਸਕਦੀ। ਹੁਣ ਸਾਰੀਆਂ ਰਾਜਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਕੇਵਲ ਕਰਜ਼ਾ ਮੁਆਫ਼ੀ ਉਤੇ ਹੀ ਜ਼ੋਰ ਦੇ ਰਹੀਆਂ ਹਨ। ਕੀ ਕਰਜ਼ਾ ਮੁਆਫ਼ੀ ਨਾਲ ਖ਼ੁਦਕੁਸ਼ੀਆਂ ਰੁਕ ਜਾਣਗੀਆਂ? ਕਰਜ਼ਾ ਮੁਆਫ਼ੀ ਤਾਂ ਪਿਛਲੀ ਸਰਕਾਰ ਨੇ ਵੀ ਕੀਤੀ ਸੀ। ਕਰਜ਼ਾ ਮੁਆਫ਼ੀ ਵਿਚ ਉਨ੍ਹਾਂ ਪਰਿਵਾਰਾਂ ਦੀ ਹੀ ਮਦਦ ਕੀਤੀ ਜਾਵੇ ਜਿਨ੍ਹਾਂ ਦੀ ਹਾਲਤ ਬਹੁਤ ਹੀ ਖ਼ਸਤਾ ਹੈ ਤੇ ਜਿਨ੍ਹਾਂ ਦੀ ਮਜਬੂਰ ਹੋ ਕੇ ਖ਼ੁਦਕੁਸ਼ੀ ਦੀ ਨੌਬਤ ਵੀ ਆ ਸਕਦੀ ਹੈ।ਕੁਝ ਸੁਸਾਇਟੀਆਂ ਇਸ ਪਾਸੇ ਵਧੀਆ ਕੰਮ ਕਰ ਰਹੀਆਂ ਹਨ। ਇਸ ਲਹਿਰ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਛੋਟੇ ਕਿਸਾਨਾਂ ਨੂੰ ਟਰੈਕਟਰ ਖਰੀਦਣ ਦੀ ਲੋੜ ਨਾ ਪਵੇ।ਪਾਕਿਸਤਾਨ ਨਾਲ ਸਬੰਧਾਂ ਵਿਚ ਸੁਧਾਰ ਦੀ ਲੋੜ ਹੈ। ਜੇਕਰ ਚੰਗੇ ਸਬੰਧ ਹੋਣ ਤਾਂ ਪੰਜਾਬ ਦੀ ਉਪਜ, ਸੜਕ ਤੇ ਰੇਲ ਰਸਤੇ ਲੰਡਨ ਤੱਕ ਪੁੱਜ ਸਕਦੀ ਹੈ। ਅਫ਼ਗਾਨਿਸਤਾਨ, ਈਰਾਨ, ਇਰਾਕ, ਕੁਵੈਤ, ਤੁਰਕੀ ਤੇ ਯੂਰਪ ਦੇ ਦੇਸ਼ ਸਾਡੇ ਲਈ ਮੰਡੀ ਬਣ ਸਕਦੇ ਹਨ। ਅੰਮ੍ਰਿਤਸਰ ਤੋਂ ਹਵਾਈ ਜਹਾਜ਼ ਰਾਹੀਂ ਵੀ ਖਾੜੀ ਦੇ ਦੇਸ਼ਾਂ ਨੂੰ ਦੁੱਧ ਤੇ ਦੁੱਧ ਪਦਾਰਥ ਅਤੇ ਸਬਜ਼ੀਆਂ ਭੇਜੀਆਂ ਜਾ ਸਕਦੀਆਂ ਹਨ। ਇਸ ਪਾਸੇ ਸਰਕਾਰੀ ਅਤੇ ਸਹਿਕਾਰੀ ਸੰਸਥਾਵਾਂ ਦਾ ਯੋਗਦਾਨ ਜ਼ਰੂਰੀ ਹੈ।ਕਿਸਾਨ ਖ਼ੁਦਕੁਸ਼ੀਆਂ ਵਿਚ ਹੋ ਰਿਹਾ ਵਾਧਾ ਪੰਜਾਬ ਅਤੇ ਪੰਜਾਬੀਆਂ ਲਈ ਮਿਹਣਾ ਹੈ। ਇਸ ਸਮੱਸਿਆ ਨੂੰ ਕੇਵਲ ਸਰਕਾਰ ਜਾਂ ਕੋਈ ਇਕ ਅਦਾਰਾ ਨਹੀਂ ਹੱਲ ਕਰ ਸਕਦਾ ਸਗੋਂ ਸਮੁੱਚੇ ਯਤਨਾਂ ਦੀ ਲੋੜ ਹੈ ਜਿਨ੍ਹਾਂ ਵਿਚ ਆਰਥਿਕ, ਸਮਾਜਿਕ, ਮਨੋਵਿਗਿਆਨਕ ਅਤੇ ਧਾਰਮਿਕ ਪੱਖ ਵੀ ਸ਼ਾਮਿਲ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp