ਉੱਪ ਰਾਸ਼ਟਰਪਤੀ ਨੇ ਕਿਹਾ: ਭਾਰਤ ਵਿੱਚ ਅਕਾਦਮਿਕ ਆਜ਼ਾਦੀ ਨੂੰ ਵੀ ਖਤਰੈ
ਚੰਡੀਗੜ੍ਹ,- ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਹਾਮਿਦ ਅਨਸਾਰੀ ਨੇ ਵਿਦਿਅਕ ਅਦਾਰਿਆਂ ਵਿੱਚ ਬੇਲੋੜੀ ਰੋਕ ਟੋਕ ਤੇ ਅਸਹਿਣਸ਼ੀਲਤਾ ਉਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਨੇ ਅਕਾਦਮਿਕ ਆਜ਼ਾਦੀ ਬਾਰੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਕਈ ਯੂਨੀਵਰਸਿਟੀਆਂ ਵਿੱਚੋਂ ਅੱਗੜ-ਪਿੱਛੜ ਵਾਪਰੀਆਂ ਘਟਨਾਵਾਂ ਕਾਰਨ ਸਹਿਣਸ਼ੀਲਤਾ ਖਤਮ ਹੋ ਰਹੀ ਹੈ ਅਤੇ ਵਿਦਿਅਕ ਅਦਾਰਿਆਂ ਨੂੰ ਚੁਣੌਤੀਆਂ ਨੇ ਆ ਘੇਰਿਆ ਹੈ।
ਪੰਜਾਬ ਯੂਨੀਵਰਸਿਟੀ ਦੀ ਸਾਲਾਨਾ ਕਨਵੋਕੇਸ਼ਨ ਮੌਕੇ ਹਾਮਿਦ ਅਨਸਾਰੀ ਨੇ ਇੱਕ ਯੂਨੀਵਰਸਿਟੀ ਦਾ ਨਾਂਅ ਲੈ ਕੇ ਕਿਹਾ ਕਿ ਸਿਖਿਆ ਮਾਹਰਾਂ ਅਤੇ ਬੁੱਧੀਜੀਵੀਆਂ ਨੂੰ ਅਕਾਦਮਿਕ ਪਾਬੰਦੀ ਤੇ ਅਸਹਿਣਸ਼ੀਲਤਾ ਖਿਲਾਫ ਅਸਹਿਮਤੀ ਦਾ ਖੁੱਲ੍ਹ ਕੇ ਪ੍ਰਗਟਾਵਾ ਕਰਨ ਦਾ ਹੱਕ ਹੈ। ਸਿਖਿਆ ਮਾਹਰਾਂ ਲਈ ਜਿੰਨਾ ਮਹੱਤਵ ਅਕਾਦਮਿਕ ਡਿਊਟੀ ਨਿਭਾਉਣ ਦਾ ਹੈ, ਉਸ ਤੋਂ ਕਿਤੇ ਵੱਧ ਵਿਚਾਰਾਂ ਦੇ ਪ੍ਰਗਟਾਵਾ ਦੀ ਆਜ਼ਾਦੀ ਲਈ ਡਟਣ ਦਾ ਹੈ।
