Skip to content
Thursday, October 29, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਇੱਕ ਸਮਰੱਥ ਅਭਿਨੇਤਰੀ ਸਰੁਗਣ ਮਹਿਤਾ

By Admin Published 3 min read

ਬੜੇ ਚਿਰਾਂ ਮਗਰੋਂ ਪੰਜਾਬੀ ਸਿਨੇਮੇ ਨੂੰ ਸਰਗੁਣ ਮਹਿਤਾ ਵਰਗੀ ਹੀਰੋਇਨ ਮਿਲੀ ਹੈ। ਉਹ ਆਪਣੀ ਦੇਖਣੀ-ਪਾਖਣੀ, ਕੱਦ-ਕਾਠ, ਨੱਚਣ, ਡਾਇਲਾਗ ਡਿਲਿਵਿਰੀ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ। ਪੰਜਾਬੀ ਫਿਲਮ ‘ਅੰਗਰੇਜ਼’ ਵਿੱਚ ਜਦੋਂ ਉਹ ਸਕਰੀਨ ਦੇ ਪਹਿਲੇ ਹੀ ਦ੍ਰਿਸ਼ ਵਿੱਚ ‘ਮੈਂ ਧੰਨ ਕੁਰ ਹਾਂ’ ਕਹਿ ਕੇ ਆਪਣੇ ਆਪ ਨੂੰ ਇੰਟਰੋਡਿਊਡਸ ਕਰਾਉਂਦੀ ਹੈ ਤਾਂ ਉਹ ਸੱਚਮੁੱਚ ‘ਅੰਗਰੇਜ਼’ ਫਿਲਮ ਦੀ ਧੰਨ ਕੌਰ ਹੋ ਜਾਂਦੀ ਹੈ। ਸੰਨ 1965 ਦੇ ਪੀਰੀਅਡ ਦੀ ਇਹ ਮੁਟਿਆਰ ਜਦੋਂ ‘ਲਵ ਪੰਜਾਬ’ ਵਿੱਚ ਆਧੁਨਿਕ ਸਮੇਂ ਦੀ ਮੁਟਿਆਰ ਹੋ ਕੇ ਜਲਵਾਗਰ ਹੁੰਦੀ ਹੈ ਤਾਂ ਇੱਕ ਵਾਰ ਫਿਰ ਪੂਰੀ ਸਮਰੱਥਾ ਨਾਲ ਦਰਸ਼ਕਾਂ ਨੂੰ ਕੀਲ ਲੈਂਦੀ ਹੈ। ਉਹ ਇੱਕ ਸਮਰੱਥ ਅਭਿਨੇਤਰੀ ਹੈ। ਸਰਗੁਣ ਇਨ੍ਹੀਂ ਦਿਨੀਂ ਆਪਣੀ ਅਗਲੀ ਪੰਜਾਬੀ ਫਿਲਮ ‘ਜਿੰਦੂਆ’ ਲੈ ਕੇ ਆ ਰਹੀ ਹੈ। ਸਰਗੁਣ ਨੇ ਦੱਸਿਆ ਕਿ ਉਸ ਦਾ ਫਿਲਮ ਵਿੱਚ ਕਿਰਦਾਰ ‘ਸੱਗੀ’ ਨਾਂਅ ਦੀ ਕੁੜੀ ਦਾ ਹੈ, ਜੋ ਕੈਨੇਡਾ ‘ਚ ਕੰਮ ਕਰਦੀ ਹੈ। ਸੱਗੀ ਅਜਿਹੀ ਕੁੜੀ ਹੈ, ਜੋ ਪਿਆਰ ਵਿੱਚ ਯਕੀਨ ਰੱਖਦੀ ਹੈ, ਪਰ ਉਸ ਨੂੰ ਜ਼ਿੰਦਗੀ ਨੇ ਧੋਖੇ ਬਹੁਤ ਦਿੱਤੇ ਹਨ। ਉਹ ਆਖਦੀ ਹੈ ਕਿ ਸੱਗੀ ਅੱਜ ਦੀ ਕੁੜੀ ਹੈ ਤੇ ਬਿਨਾਂ ਡਰ ਦੇ ਜਿਊਂਦੀ ਹੈ। ਫਿਲਮ ਨਾਲ ਜੁੜਨ ਬਾਰੇ ਸਰਗੁਣ ਦੱਸਦੀ ਹੈ ਕਿ ਇੱਕ ਦਿਨ ਉਸ ਨੂੰ ਫਿਲਮ ਦੇ ਡਾਇਰੈਕਟਰ ਨਵਨੀਤ ਸਿੰਘ ਦਾ ਫੋਨ ਆਇਆ ਤੇ ਉਨ੍ਹਾਂ ਵਨ-ਲਾਈਨ ਸਕ੍ਰਿਪਟ ਸੁਣਾਈ ਤੇ ਮੈਂ ਝੱਟ ਹਾਂ ਕਰ ਦਿੱਤੀ, ਕਿਉਂਕਿ ਫਿਲਮ ਦਾ ਕਿਰਦਾਰ ਮੇਰੇ ਲਈ ਨਵਾਂ ਤੇ ਮਜ਼ੇਦਾਰ ਹੈ। ਮੈਂ ਆਸ ਕਰਦੀ ਹਾਂ ਕਿ ਦਰਸ਼ਕਾਂ ਨੂੰ ਵੀ ਓਨਾ ਹੀ ਮਜ਼ਾ ਆਵੇਗਾ ਫਿਲਮ ਦੇਖਣ ਚ, ਜਿੰਨਾ ਮੈਨੂੰ ਕਰਨ ਦਾ ‘ਆਇਆ ਹੈ। ਉਹ ਰੋਜ਼ ਕੁਝ ਨਾ ਕੁਝ ਸਿੱਖਦੀ ਹੈ। ਮਿਹਨਤ ਕਰਨਾ ਉਸ ਨੂੰ ਚੰਗਾ ਲੱਗਦਾ ਹੈ ਤੇ ਉਸ ਦਾ ਫਲ ਵੀ ਮਿਲ ਰਿਹਾ ਹੈ। ਫਿਲਮ ਦੇ ਨਿਰਮਾਤਾ ਵਿਵੇਕ ਓਹਰੀ ਬਾਰੇ ਸਰਗੁਣ ਦਾ ਕਹਿਣਾ ਹੈ ਕਿ ਉਸ ਨੇ ਹੁਣ ਤੱਕ ਜਿੰਨੀਆਂ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਹਨ, ਦਰਸ਼ਕ ਵਰਗ ਦਾ ਪਿਆਰ ਉਨ੍ਹਾਂ ਦੀਆਂ ਫਿਲਮਾਂ ‘ਤੇ ਹਮੇਸ਼ਾ ਵਰ੍ਹਦਾ ਰਿਹਾ ਹੈ ਤੇ ਇਸ ਫਿਲਮ ‘ਤੇ ਵੀ ਇਹੋ ਹੀ ਹੋਵੇਗਾ। ਸਰਗੁਣ ਕਹਿੰਦੀ ਹੈ ਕਿ ਮੈਂ ਇੱਕ ਪੰਜਾਬਣ ਹਾਂ ਤੇ ਮੈਨੂੰ ਪੰਜਾਬੀ ਫਿਲਮਾਂ ਕਰ ਕੇ ਸਕੂਨ ਮਿਲਦਾ ਹੈ। ਉਸ ਨੇ ਖੁਸ਼ੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਅੱਜ ਦੀਆਂ ਪੰਜਾਬੀ ਫਿਲਮਾਂ ਵਿੱਚ ਬਹੁਤ ਨਿਖਾਰ ਆ ਗਿਆ ਹੈ, ਭਾਵੇਂ ਤਕਨੀਕ ਪੱਖੋਂ ਹੋਵੇ ਜਾਂ ਫਿਰ ਵਿਸ਼ੇ ਪੱਖੋਂ। ਜਦੋਂ ਪੁੱਛਿਆ ਗਿਆ ਕਿ ਤੁਸੀਂ ਐਕਟਿੰਗ ਵੀ ਕਰਦੇ ਹੋ ਤੇ ਟੀ ਵੀ ਸੀਰੀਅਲ ਵੀ ਕੀਤੇ ਹਨ, ਵਧੇਰੇ ਮਜ਼ਾ ਕੀ ਕਰ ਕੇ ਆਉਂਦਾ ਹੈ, ਇਸ ਦੇ ਜਵਾਬ ਵਿੱਚ ਉਸ ਦਾ ਕਹਿਣਾ ਹੈ ਕਿ ਮੈਨੂੰ ਉਹ ਕੰਮ ਕਰ ਕੇ ਸਕੂਨ ਮਿਲਦਾ ਹੈ, ਜਿਸ ਨੂੰ ਮੈਂ ਆਪਣੇ ਪਰਵਾਰ ਨਾਲ ਬੈਠ ਕੇ ਦੇਖ ਸਕਾਂ। ਫਿਲਮ ਵਿੱਚ ਜਿੰਮੀ ਸ਼ੇਰਗਿੱਲ ਦੇ ਉਸ ਨਾਲ ਹੀਰੋ ਹੋਣ ਦੇ ਤਜਰਬੇ ਬਾਰੇ ਉਸ ਨੇ ਦੱਸਿਆ ਕਿ ਜਿੰਮੀ ਦੀ ਅਦਾਕਾਰੀ ਦੇ ਕਈ ਰੰਗ ਹਨ, ਜਿਸ ਤੋਂ ਦਰਸ਼ਕ ਵਰਗ ਭਲੀਭਾਂਤ ਜਾਣੂ ਹੈ, ਮੈਂ ਵੀ ਉਨ੍ਹਾਂ ਤੋਂ ਇਸ ਫਿਲਮ ਵਿੱਚ ਕਾਫੀ ਕੁਝ ਸਿਖਿਆ ਹੈ। ਆਸ ਕਰਦੀ ਹਾਂ ਕਿ ਦਰਸ਼ਕਾਂ ਨੂੰ ਸਾਡੀ ਕੈਮਿਸਟਰੀ ਜ਼ਰੂਰ ਪਸੰਦ ਆਵੇਗੀ। ਅੱਜਕੱਲ੍ਹ ‘ਜਿੰਦੂਆ’ ਫਿਲਮ ਦਾ ਸੰਗੀਤ ਵੀ ਕਾਫੀ ਪਾਪੂਲਰ ਹੋ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp