ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਇੰਸਟਾਗ੍ਰਾਮ ‘ਤੇ ਲੜਕੀ ਨਾਲ ਹੋਈ ਦੋਸਤੀ ਤੋਂ ਬਾਅਦ ਮਨਚਲੇ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਲੜਕੀ ਨੂੰ ਰਾਹ ਵਿਚ ਘੇਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਜਦ ਲੜਕੀ ਦੀ ਮਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਇੰਨਾ ਹੀ ਨਹੀਂ ਮੁਲਜ਼ਮ ਉਨ੍ਹਾਂ ਦਾ ਮੋਬਾਈਲ ਫੋਨ ਵੀ ਲੁੱਟ ਕੇ ਲੈ ਗਏ। ਇਸ ਮਾਮਲੇ ‘ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਜੌਨੀ, ਸਮਰਾਟ, ਹਿਮਾਂਸ਼ੂ, ਆਯੂਸ਼ ਤੇ ਤਿੰਨ-ਚਾਰ ਅਣਪਛਾਤੇ ਲੜਕਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਨੇ ਦੱਸਿਆ ਕਿ ਇੰਸਟਾਗ੍ਰਾਮ ਉੱਪਰ ਉਸਦੀ ਜੌਨੀ ਨਾਮ ਦੇ ਲੜਕੇ ਨਾਲ ਦੋਸਤੀ ਹੋ ਗਈ। ਕੁਝ ਦਿਨ ਪਹਿਲਾਂ ਲੜਕੀ ਆਪਣੀ ਵੱਡੀ ਭੈਣ ਤੇ ਮਾਤਾ ਨਾਲ ਦਵਾਈ ਲੈਣ ਲਈ ਡਾਕਟਰ ਕੋਲ ਜਾ ਰਹੀਆਂ ਸਨ। ਤਿੰਨੋਂ ਜਿਵੇਂ ਹੀ ਬਰੋਟਾ ਰੋਡ ‘ਤੇ ਪਹੁੰਚੀਆਂ ਤਾਂ ਕਾਰ ਵਿਚ ਆਏ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਛੇੜਛਾੜ ਹੁੰਦਿਆਂ ਦੇਖ ਜਦ ਲੜਕੀ ਦੀ ਮਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਪੇਟ ਵਿਚ ਲੱਤਾਂ ਮਾਰੀਆਂ। ਲੜਕੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਜਾਂਦੇ ਸਮੇਂ ਮੁਲਜ਼ਮਾਂ ਨੇ ਦਾਤ ਦਿਖਾ ਕੇ ਉਨ੍ਹਾਂ ਕੋਲੋਂ ਮੋਬਾਈਲ ਫੋਨ ਲੁੱਟ ਲਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਤੁਰੰਤ ਹਰਕਤ ਵਿਚ ਆਈ। ਇਸ ਮਾਮਲੇ ਵਿਚ ਜਾਂਚ ਅਧਿਕਾਰੀ ਹਰਭੋਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।