ਹੁਸ਼ਿਆਰਪੁਰ(ਅਮਰਿੰਦਰ)— ਕਰੀਬ 4 ਸਾਲ ਪਹਿਲਾਂ ਇਰਾਕ ਦੇ ਸ਼ਹਿਰ ਮੋਸੂਲ ‘ਚ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਦੇ ਚੰਗੁਲ ‘ਚ ਫਸ ਲਾਪਤਾ ਚੱਲ ਰਹੇ 39 ਭਾਰਤੀਆਂ ਦੇ ਬਾਰੇ ਮੰਗਲਵਾਰ ਦੁਪਹਿਰ ਰਾਜ ਸਭਾ ‘ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਿਵੇਂ ਹੀ ਬਿਆਨ ਦਿੱਤਾ ਇਰਾਕ ‘ਚ ਸਾਰੇ 39 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਇਸ ਨੂੰ ਸੁਣਦੇ ਹੀ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ‘ਚ ਹਾਹਾਕਾਰ ਮਚ ਗਈ। ਇਨ੍ਹਾਂ 39 ਭਾਰਤੀਆਂ ‘ਚ ਹੁਸ਼ਿਆਰਪੁਰ ਦੇ 2 ਨੌਜਵਾਨ ਕਮਲਜੀਤ ਸਿੰਘ ਅਤੇ ਗੁਰਦੀਪ ਸਿੰਘ ਸਮੇਤ 31 ਪੰਜਾਬ ਦੇ ਹੀ ਹਨ।
ਹੁਸ਼ਿਆਰਪੁਰ ਦੇ ਕਮਲਜੀਤ ਸਿੰਘ ਦੀ ਮਾਂ ਸੰਤੋਸ਼ ਕੁਮਾਰੀ ਅਤੇ ਪਿਤਾ ਪ੍ਰੇਮ ਸਿੰਘ, ਹੁਸ਼ਿਆਰਪੁਰ ਜ਼ਿਲੇ ਦੇ ਹੀ ਪਿੰਡ ਜੈਤਪੁਰ ਦੇ ਹੀ ਨੌਜਵਾਨ ਗੁਰਦੀਪ ਸਿੰਘ ਦੀ ਪਤਨੀ ਅਨੀਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਭਾਰਤ ਸਰਕਾਰ ਸਾਨੂੰ ਕਿਉਂ ਇੰਨੇ ਸਾਲਾਂ ਤੋਂ ਵਰਗਲਾ ਰਹੀ ਸੀ ਕਿ ਸਾਰੇ 39 ਭਾਰਤੀ ਸੁਰੱਖਿਅਤ ਹਨ। ਜਦੋਂ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਕਿ ਭਾਰਤ ਸਰਕਾਰ ਨੇ ਡੀ. ਐੱਨ. ਏ. ਟੈਸਟ ਦੇ ਸੈਂਪਲ ਮਿਲਣ ਦੇ ਬਾਅਦ ਹੁਣ ਸਬੂਤ ਦੇ ਨਾਲ ਬਿਆਨ ਦੇ ਰਹੀ ਹੈ ਤਾਂ ਪਰਿਵਾਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ।