ਓਟਾਵਾ (ਏਜੰਸੀ) : ਕੈਨੇਡਾ ’ਚ ਭਾਰਤੀ ਫਿਰਕੇ ਨਾਲ ਜੁੜੇ ਗ਼ੈਰ-ਲਾਭਕਾਰੀ ਗਰੁੱਪ ਨੇ ਜਸਟਿਸ ਟਰੂਡੋ ਸਰਕਾਰ ਤੋਂ ਭਾਰਤੀ ਕੂਟਨੀਤਕਾਂ ਨੂੰ ਧਮਕੀ ਦੇਣ ਲਈ ਖ਼ਾਲਿਸਤਾਨ ਸਮਰਥਕ ਕੱਟੜਪੰਥੀ ਗੁਰਪਤਪੰਤ ਸਿੰਘ ਪੰਨੂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ। ਸਿੱਖਸ ਫਾਰ ਜਸਟਿਸ ਨਾਲ ਜੁੜੇ ਪੰਨੂ ਨੇ ਸੋਮਵਾਰ ਨੂੰ ਟੋਰਾਂਟੋ ਦੇ ਮੇਲ ਲਾਸਟਮੈਨ ਸਕੁਆਇਰ ’ਚ ਹਮਾਸ ਹਮਲੇ ਦੀ ਨਿੰਦਾ ਕਰਨ ਲਈ ਕੱਢੀ ਗਈ ਰੈਲੀ ’ਚ ਸ਼ਾਮਲ ਹੋਏ ਭਾਰਤੀਆਂ ਨੂੰ ਵੀ ਧਮਕੀ ਦਿੱਤੀ ਸੀ।
ਪੰਨੂ ਨੇ ਕਿਹਾ ਕਿ 21 ਅਕਤੂਬਰ ਨੂੰ ਸਿੱਖਸ ਫਾਰ ਜਸਟਿਸ ਵੈਨਕੂਵਰ, ਵਾਸ਼ਿੰਗਟਨ ਡੀਸੀ, ਲੰਡਨ, ਫ੍ਰੈਂਕਫਰਟ ਤੇ ਮਿਲਾਨ ’ਚ ਭਾਰਤੀ ਦੂਤਘਰਾਂ ਨੂੰ ਬੰਦ ਕਰਨ ਜਾ ਰਿਹਾ ਹੈ। ‘ਐਕਸ’ ’ਤੇ ਵਾਇਰਲ ਵੀਡੀਓ ਸੰਦੇਸ਼ ’ਚ ਪੰਨੂ ਨੇ ਫਲਸਤੀਨ ’ਚ ਭਾਰਤ ਦੇ ਪ੍ਰਤੀਨਿਧ ਦਫ਼ਤਰ ਦੀ ਰਾਜਦੂਤ ਰੇਨੂੰ ਯਾਦਵ ਨੂੰ ਵੀ ਧਮਕੀ ਦਿੱਤੀ। ਇਸ ਨੂੰ ਲੈ ਕੇ ਹਿੰਦੂ ਫੋਰਮ ਆਫ ਕੈਨੇਡਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਕੈਨੇਡਾ ਸਰਕਾਰ ਨੂੰ ਤੁਰੰਤ ਕਾਰਵਾਈ ਦੀ ਅਪੀਲ ਕਰਦੇ ਹਾਂ, ਕਿਉਂਕਿ ਅਸੀਂ ਆਪਣੇ ਫਿਰਕੇ ਦੀ ਸੁਰੱਖਿਆ ਬਾਰੇ ਚਿੰਤਤ ਹਾਂ। ਇਸ ਤਰ੍ਹਾਂ ਦੇ ਨਫ਼ਰਤ ਭਰੇ ਵੀਡੀਓ ਤੇ ਭਾਸ਼ਣ ਨਫ਼ਰਤ ਤੇ ਹਿੰਸਾ ਨੂੰ ਵਧਾ ਰਹੇ ਹਨ। ਕੈਨੇਡਾ ਦੇ ਹਿੰਦੂ ਫੋਰਮ ਨੇ ਮੰਤਰੀ ਲੇਬਲਾਂਕ ਨੂੰ ਅਪੀਲ ਕੀਤੀ ਹੈ ਕਿ ਜੇਕਰ ਗੁਰਪਤਵੰਤ ਸਿੰਘ ਪੰਨੂ ਕੈਨੇਡੀਅਨ ਨਾਗਰਿਕ ਨਹੀਂ ਹੈ ਤਾਂ ਉਸ ਦੇ ਕੈਨੇਡਾ ’ਚ ਦਾਖ਼ਲੇ ’ਤੇ ਰੋਕ ਲਗਾ ਦਿੱਤੀ ਜਾਵੇ। ਜੇਕਰ ਨਾਗਰਿਕ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇ ਤੇ ਨਫ਼ਰਤੀ ਅਪਰਾਧਾਂ ਲਈ ਮੁਲਜ਼ਮ ਬਣਾਇਆ ਜਾਵੇ।



