ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ: ਸ਼ੁੱਕਰਵਾਰ ਨੂੰ ਫ਼ਿਰੋਜ਼ਪੁਰ ਰੋਡ ਸਥਿਤ ਸਿਨੇਪੋਲਿਸ ਮਲਟੀਪਲੈਕਸ ਐੱਮਬੀਡੀ ਨਿਊਪੋਲਿਸ ਮਾਲ ਵਿਖੇ ਸ਼ਾਮ 4 ਵਜੇ ਜਾਗਰਣ ਫਿਲਮ ਫੈਸਟੀਵਲ ਦਾ ਸ਼ੁੱਭ ਆਗ਼ਾਜ਼ ਹੋਵੇਗਾ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਕਰਨਗੇ। ਪਹਿਲੇ ਦਿਨ ਹਿੰਦੀ ਫਿਲਮ ‘ਅਕੇਲੀ’ (120 ਮਿੰਟ) ਅਤੇ ਯਸ਼ ਚੋਪੜਾ ਵੱਲੋਂ ਨਿਰਦੇਸ਼ਿਤ ਹਿੰਦੀ ਫਿਲਮ ‘ਵੀਰ ਜ਼ਾਰਾ’ (192 ਮਿੰਟ) ਵਿਖਾਈਆਂ ਜਾਣਗੀਆਂ। 16 ਸਤੰਬਰ ਨੂੰ ਸਵੇਰੇ 11 ਵਜੇ ਲਘੂ ਫਿਲਮ ‘ਚਾਕਲੇਟ’ (13 ਮਿੰਟ), 11.30 ਵਜੇ ਇੱਕ ਹੋਰ ਲਘੂ ਫਿਲਮ ‘ਵਨਸ ਅਪੌਨ ਏ ਟਾਈਮ ਇਨ ਲਾਹੌਰ (24 ਮਿੰਟ), ਦੁਪਹਿਰ 12.30 ਵਜੇ ਮਾਸਟਰ ਕਲਾਸ (ਵੇਦਾਂਤੀ ਦਾਨੀ), 2.15 ’ਤੇ ਤਿਕੜਮ (120 ਮਿੰਟ) ਸ਼ਾਮ 4.30 ਵਜੇ ਅਮਿਤ ਸਿਆਲ ਅਤੇ ਨਿਰਦੇਸ਼ਕ ਵਿਵੇਕ ਅਨਚਾਲਿਆ ਨਾਲ ਰੂਬਰੂ ਹੋਵੇਗਾ। ਇਸ ਪਿੱਛੋਂ ਮੁੜ ਸ਼ੁਰੂ ਹੋਵੇਗਾ ਫਿਲਮਾਂ ਦਾ ਸਿਲਸਲਾ ਜਿਸ ਤਹਿਤ ਸ਼ਾਮ 5.45 ’ਤੇ ਫਿਲਮ ਮੈਨੇ ਗਾਂਧੀ ਕੋ ਨਹੀਂ ਮਾਰਾ (100 ਮਿੰਟ), ਸ਼ਾਮ 7.45 ’ਤੇ ਫਿਲਮ ਆਈਬੀ-71 (117 ਮਿੰਟ) ਅਤੇ ਰਾਤ 10 ਵਜੇ ਫਿਲਮ ਚੈਰੀ ਈਅਰਰਿੰਗਜ਼ (85 ਮਿੰਟ) ਵਿਖਾਈ ਜਾਵੇਗੀ ਅਤੇ 17 ਸਤੰਬਰ ਦਿਨ ਐਤਵਾਰ ਨੂੰ ਜਾਗਰਣ ਫਿਲਮ ਫੈਸਟੀਵਲ ਦੇ ਤੀਸਰੇ ਅਤੇ ਆਖਰੀ ਦਿਨ ਸਵੇਰੇ 11.15 ਵਜੇ ਡਾਕੂਮੈਂਟਰੀ ਫਾਸਟ ਬਿਊਟੀ (29 ਮਿੰਟ), ਦੁਪਹਿਰ 12 ਵਜੇ ਅੱਵਲ (39 ਮਿੰਟ), ਇਕ ਵਜੇ ਟੀਬੀਸੀ ਅਦਾਕਾਰ ਨਾਲ ਰੂਬਰੂ ਕਰਵਾਇਆ ਜਾਵੇਗਾ। ਉਪਰੰਤ ਸ਼ਾਮ 4.45 ’ਤੇ ਹਿੰਦੀ ਫਿਲਮ ਮਾਜਾ ਮਾਂ (135 ਮਿੰਟ), ਸ਼ਾਮ 7.15 ’ਤੇ ਦੀ ਲਾਸਟ ਮੀਲ (28 ਮਿੰਟ) ਵਿਖਾਈ ਜਾਵੇਗੀ ਜਦ ਕਿ ਪੰਜਾਬੀ ਫਿਲਮ ਗੋਡੇ ਗੋਡੇ ਚਾਅ (130 ਮਿੰਟ) ਨਾਲ ਜਾਗਰਣ ਫਿਲਮ ਫੈਸਟੀਵਲ ਦੀ ਸਮਾਪਤੀ ਹੋਵੇਗੀ। ਫਿਲਮਾਂ ਵੇਖਣ ਲਈ ਦਾਖ਼ਲਾ ਮਫ਼ਤ ਹੈ।
ਇਕ ਪੇ੍ਰਮ ਕਹਾਣੀ ਹੈ ਹਿੰਦੀ ਫਿਲਮ ‘ਵੀਰ ਜ਼ਾਰਾ’
‘ਵੀਰ ਜ਼ਾਰਾ’ ਯਸ਼ ਚੋਪੜਾ ਵੱਲੋਂ ਬਣਾਈ ਗਈ ਪੇ੍ਰਮ ਕਹਾਣੀ ਹੈ। ਇਹ ਭਾਰਤੀ ਹਵਾਈ ਸੈਨਾ ਵਿਚ ਸਕੁਐਡਰਨ ਲੀਡਰ ਵੀਰ ਪ੍ਰਤਾਪ ਸਿੰਘ (ਸ਼ਾਹਰੁਖ ਖ਼ਾਨ) ਅਤੇ ਪਾਕਿਸਤਾਨ ਦੀ ਜ਼ਾਰਾ ਹਯਾਤ ਖ਼ਾਨ (ਪ੍ਰੀਤੀ ਜ਼ਿੰਟਾ) ਵਿਚਕਾਰ ਪਿਆਰ ਨੂੰ ਦਰਸਾਉਂਦੀ ਹੈ। ਫਿਲਮ ਵਿਚ ਦੋਵਾਂ ਦੀ ਮੁਲਾਕਾਤ ਉਦੋਂ ਹੁੰਦੀ ਹੈ ਜਦੋਂ ਜ਼ਾਰਾ ਜੋ ਕਿ ਪਾਕਿਸਤਾਨ ਤੋਂ ਆਪਣੇ ਬੇਬੇ (ਜ਼ੌਹਰਾ ਸਹਿਗਲ) ਦੀਆਂ ਅਸਥੀਆਂ ਲੈ ਕੇ ਕੀਰਤਪੁਰ ਸਾਹਿਬ ਆਉਂਦੀ ਹੈ, ਉਸ ਦੀ ਬੱਸ ਪਹਾੜਾਂ ਵਿਚ ਫਸ ਜਾਂਦੀ ਹੈ ਅਤੇ ਉਸ ਨੂੰ ਅਤੇ ਬੱਸ ਵਿਚ ਸਵਾਰ ਹੋਰ ਸਵਾਰੀਆਂ ਨੂੰ ਬਚਾਉਣ ਲਈ ਵੀਰ ਭਾਰਤੀ ਹਵਾਈ ਸੈਨਾ ਤੋਂ ਹੈਲੀਕਾਪਟਰ ਵਿਚ ਪਹੁੰਚਦਾ ਹੈ। ਇਸ ਤੋਂ ਬਾਅਦ ਵੀਰ ਜ਼ਾਰਾ ਨੂੰ ਆਪਣਾ ਪਿੰਡ ਵਿਖਾਉਣ ਲਈ ਲੈ ਜਾਂਦਾ ਹੈ ਅਤੇ ਉੱਥੇ ਉਸ ਨੂੰ ਜ਼ਾਰਾ ਨਾਲ ਪਿਆਰ ਹੋ ਜਾਂਦਾ ਹੈ। ਪਿੰਡ ਵਿਚ ਵੀਰ ਜ਼ਾਰਾ ਨੂੰ ਆਪਣੇ ਪਿਤਾ (ਅਮਿਤਾਭ ਬਚਨ) ਅਤੇ ਮਾਂ (ਹੇਮਾ ਮਾਲਿਨੀ) ਨਾਲ ਵੀ ਮਿਲਵਾਉਂਦਾ ਹੈ। ਜ਼ਾਰਾ ਇਕ ਦਿਨ (ਲੋਹੜੀ ਵਾਲੇ ਦਿਨ) ਵੀਰ ਦੇ ਪਿੰਡ ਵਿਚ ਰਹਿੰਦੀ ਹੈ। ਜ਼ਾਰਾ ਵੀਰ ਨੂੰ ਇਹ ਨਹੀਂ ਦੱਸਦੀ ਕਿ ਉਸ ਦੀ ਰਜ਼ਾ ਸ਼ਿਰਾਜ਼ੀ (ਮਨੋਜ ਬਾਜਪਾਈ) ਨਾਲ ਮੰਗਣੀ ਹੋ ਗਈ ਹੈ। ਜਦੋਂ ਵੀਰ ਜ਼ਾਰਾ ਨੂੰ ਸਟੇਸ਼ਨ ’ਤੇ ਛੱਡਣ ਜਾਂਦਾ ਹੈ ਤਾਂ ਰਜ਼ਾ ਉਸ ਨੂੰ ਉੱਥੇ ਮਿਲਦਾ ਹੈ ਅਤੇ ਇਸ ਬਾਰੇ ਪਤਾ ਲੱਗਦਾ ਹੈ। ਉਹ ਰਜ਼ਾ ਦੇ ਸਾਹਮਣੇ ਜ਼ਾਰਾ ਨਾਲ ਆਪਣੇ ਪਿਆਰ ਦਾ ਇਕਰਾਰ ਕਰਦਾ ਹੈ ਅਤੇ ਜ਼ਾਰਾ ਰਜ਼ਾ ਨਾਲ ਪਾਕਿਸਤਾਨ ਵਾਪਸ ਚਲੀ ਜਾਂਦੀ ਹੈ।



