ਕੌਸ਼ਲ ਮੱਲ੍ਹਾ, ਹਠੂਰ : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਅਤੇ ਸਰਸਾ ਨਦੀ ‘ਤੇ ਪਏ ਪਰਿਵਾਰ ਵਿਛੋੜੇ ਦੇ ਵੈਰਾਗਮਈ ਪਲਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਸੰਸਾਰ ਪ੍ਰਸਿੱਧ ਗੁਰਦੁਆਰਾ ਮੈਹਦੇਆਣਾ ਸਾਹਿਬ ਵੱਲੋਂ 29ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ 21 ਅਤੇ 22 ਦਸੰਬਰ ਦੀ ਰਾਤ ਨੂੰ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਰਵਾਨਾ ਹੋਵੇਗਾ।

ਇਸ ਅਲੌਕਿਕ ਦਸਮੇਸ਼ ਪੈਦਲ ਮਾਰਚ ਸਬੰਧੀ ਅੱਜ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਵੱਲੋਂ ਸਿੰਘ ਸਾਹਿਬਾਨ ਗਿਆਨੀ ਸੁਲਤਾਨ ਸਿੰਘ ਖਾਲਸਾ, ਸਿੰਘ ਸਾਹਿਬਾਨ ਜਥੇਦਾਰ ਗਿਆਨੀ ਭਾਈ ਰਘਵੀਰ ਸਿੰਘ ਖਾਲਸਾ, ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਹੈੱਡ ਗੰ੍ਥੀ ਜੋਗਿੰਦਰ ਸਿੰਘ ਖਾਲਸਾ, ਮੈਨੇਜਰ ਹਰਦੇਵ ਸਿੰਘ ਖਾਲਸਾ ਆਦਿ ਸਾਹਿਬਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਿੰਘ ਸਾਹਿਬਾਨਾਂ ਨੇ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਬਾਨੀ ਮੁੱਖ ਸੇਵਾਦਾਰ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਵੱਲੋਂ ਅਲੌਕਿਕ ਦਸਮੇਸ਼ ਪੈਦਲ ਮਾਰਚ ਸਜਾਉਣ ਦੇ ਕੀਤੇ ਉਰਪਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੈਦਲ ਮਾਰਚ ਦੇਸ-ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੂੰ ਗੌਰਵਮਈ ਅਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ ਅਤੇ ਨੌਜਵਾਨ ਵਰਗ ਨੂੰ ਗੁਰਸਿੱਖੀ ਜੀਵਨ ਧਾਰਨ ਕਰਨ ਦਾ ਸੁਨੇਹਾ ਵੀ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਭਾਈ ਕੁਲਵੰਤ ਸਿੰਘ ਲੱਖਾ ਵੀ ਸੰਗਤਾਂ ਨੂੰ ਗੌਰਵਮਈ ਸਿੱਖ ਇਤਿਹਾਸ ਨਾਲ ਜੋੜਨ ਦਾ ਵੱਡਾ ਉਰਪਾਲਾ ਕਰ ਰਹੇ ਹਨ। ਇਸ ਮੌਕੇ ਭਾਈ ਕੁਲਵੰਤ ਸਿੰਘ ਲੱਖਾ ਨੇ ਜਥੇਦਾਰ ਗਿਆਨੀ ਭਾਈ ਰਘਵੀਰ ਸਿੰਘ ਖਾਲਸਾ, ਗਿਆਨੀ ਸੁਲਤਾਨ ਸਿੰਘ ਖਾਲਸਾ, ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਹੈੱਡ ਗੰ੍ਥੀ ਜੋਗਿੰਦਰ ਸਿੰਘ, ਮੈਨੇਜਰ ਹਰਦੇਵ ਸਿੰਘ, ਭਾਈ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਭਾਈ ਅਮਰਜੀਤ ਸਿੰਘ, ਐੱਨਆਰਆਈ ਹਰਪ੍ਰਰੀਤ ਸਿੰਘ, ਜਸਵੀਰ ਸਿੰਘ ਮੁੱਲਾਂਪੁਰ, ਜਥੇਦਾਰ ਸੁਖਦੇਵ ਸਿੰਘ ਦੇਹੜਕਾ, ਅਜੈਬ ਸਿੰਘ ਯੂਪੀਵਾਲੇ, ਸਕੱਤਰ ਗੁਰਮੀਤ ਸਿੰਘ ਲੱਖਾ, ਬਲਵੀਰ ਸਿੰਘ ਲੱਖਾ ਆਦਿ ਹਾਜ਼ਰ ਸਨ।