ਅਦਾਲਤੀ ਬੁਲਾਰੇ ਗ਼ੁਲਾਮ ਹੁਸੈਨ ਇਸਮਾਈਲ ਨੇ ਮੰਗਲਵਾਰ ਨੂੰ ਦੱਸਿਆ ਕਿ ਸੀਆਈਏ ਲਈ ਜਾਸੂਸੀ ਕਰਨ ਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੀ ਜਾਣਕਾਰੀ ਲੀਕ ਕਰਨ ਵਾਲੇ ਆਮਿਰ ਰਹੀਮਪੁਰਾ ਦੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਕਾਇਮ ਰੱਖਿਆ ਹੈ। ਉਸ ਨੂੰ ਛੇਤੀ ਹੀ ਆਪਣੇ ਕੀਤੇ ਦੀ ਸਜ਼ਾ ਮਿਲੇਗੀ। ਬੁਲਾਰੇ ਨੇ ਅਮਰੀਕਾ ਲਈ ਜਾਸੂਸੀ ਕਰਨ ‘ਤੇ ਸਜ਼ਾ ਹਾਸਲ ਕਰਨ ਵਾਲੇ ਦੋ ਹੋਰ ਲੋਕਾਂ ਦੀ ਰਾਸ਼ਟਰਤਾ ਤੇ ਉਨ੍ਹਾਂ ਦੇ ਨਾਵਾਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਈਰਾਨ ਦੋਹਰੀ ਨਾਗਰਿਕਤਾ ਨੂੰ ਮਾਨਤਾ ਨਹੀਂ ਦਿੰਦਾ। ਜੇਕਰ ਕਿਸੇ ਕੋਲ ਦੋਹਰੀ ਨਾਗਰਿਕਤਾ ਹੈ ਤਾਂ ਅਜਿਹੇ ਨਾਗਰਿਕਾਂ ਖ਼ਿਲਾਫ਼ ਈਰਾਨੀ ਨਾਗਰਿਕ ਦੇ ਤੌਰ ‘ਤੇ ਕੇਸ ਚਲਾਇਆ ਜਾਂਦਾ ਹੈ। ਈਰਾਨ ਨੇ ਪਿਛਲੀਆਂ ਗਰਮੀਆਂ ‘ਚ ਸੀਆਈਏ ਦੇ ਜਾਸੂਸੀ ਕਾਂਡ ਦਾ ਭਾਂਡਾ ਭੰਨਣ ਦਾ ਦਾਅਵਾ ਕਰਦਿਆਂ 17 ਲੋਕਾਂ ਨੂੰ ਫੜਿਆ ਸੀ। ਇਨ੍ਹਾਂ ‘ਚੋਂ ਕਈ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।