ਕਪੂਰਥਲਾ — ਅੱਜ ਤੱਕ ਤੁਸੀਂ ਪੰਜਾਬ ਪੁਲਸ ਦੇ ਕਈ ਅਜਿਹੇ ਰੂਪ ਦੇਖੇ ਹੋਣਗੇ, ਜਿਹੜੇ ਪੁਲਸ ਦੇ ਅਕਸ ਨੂੰ ਮੈਲਾ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਮਾਜ ਸੇਵੀ ਪੁਲਸ ਮੁਲਾਜ਼ਮ ਨਾਲ ਮਿਲਾਉਣ ਜਾ ਰਹੇ ਹਾਂ, ਜੋ ਪੁਲਸ ਦੇ ਉਜਵਲ ਚਿਹਰੇ ਨੂੰ ਰੂਪਮਾਨ ਕਰਦਾ ਹੈ। ਇਸ ਪੁਲਸ ਮੁਲਾਜ਼ਮ ਦਾ ਨਾਂ ਗੁਰਬਚਨ ਸਿੰਘ ਹੈ, ਜੋ ਪੰਜਾਬ ਪੁਲਸ ‘ਚ ਏ. ਐੱਸ. ਆਈ. ਦੇ ਅਹੁਦੇ ‘ਤੇ ਤਾਇਨਾਤ ਹਨ। ਇਹ ਸੁਪਰ ਕੋਪ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਦੱਸਣਯੋਗ ਹੈ ਕਿ ਗੁਰਬਚਨ ਸਿੰਘ ਸਿਰਫ ਨਸ਼ਿਆਂ ਖਿਲਾਫ ਹੀ ਹੋਕਾ ਨਹੀਂ ਦਿੰਦੇ, ਸਗੋਂ ਲੋਕਾਂ ਨੂੰ ਵਾਤਾਵਰਣ ਪ੍ਰਤੀ ਵੀ ਸੁਚੇਤ ਕਰਦੇ ਹਨ। ਇਥੋਂ ਤੱਕ ਕਿ ਆਪਣੀ ਜੇਬ ‘ਚੋਂ ਪੈਸੇ ਖਰਚ ਕਰਕੇ ਸਕੂਲਾਂ-ਕਾਲਜਾਂ ‘ਚ ਨਸ਼ਿਆਂ ਖਿਲਾਫ ਸੈਮੀਨਾਰ ਕਰਵਾਉਂਦੇ ਹਨ।
ਆਪਣੇ ਚੰਗੇ ਕੰਮਾਂ ਕਾਰਨ ਅਖਬਾਰ ਦੀਆਂ ਸੁਰਖੀਆਂ ਬਣੇ ਗੁਰਬਚਨ ਸਿੰਘ ਕਈ ਸਨਮਾਨ ਅਤੇ ਇਨਾਮ ਹਾਸਲ ਕਰ ਚੁੱਕੇ ਹਨ। ਸਮਾਜਿਕ ਬੁਰਾਈਆਂ ਖਿਲਾਫ ਪੂਰੇ ਦੇਸ਼ ‘ਚ ਸਾਈਕਲ ਯਾਤਰਾ ਕਰ ਚੁੱਕੇ ਗੁਰਬਚਨ ਸਿੰਘ ਅੱਜ ਵੀ ਡਿਊਟੀ ‘ਤੇ ਜਾਣ ਲਈ ਸਾਈਕਲ ਦੀ ਹੀ ਵਰਤੋਂ ਕਰਦੇ ਹਨ।
ਸਮਾਜ ਸੇਵੀ ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਸਮਾਜਿਕ ਬੁਰਾਈਆਂ ਖਿਲਾਫ ਗੁਰਬਚਨ ਸਿੰਘ ਵੱਲੋਂ ਵਿੱਢੀ ਗਈ ਮੁਹਿੰਮ ਤੋਂ ਇਲਾਕਾ ਨਿਵਾਸੀ ਵੀ ਕਾਫੀ ਖੁਸ਼ ਹਨ ਅਤੇ ਉਨ੍ਹਾਂ ਦਾ ਸਾਥ ਵੀ ਦੇ ਰਹੇ ਹਨ। ਗੁਰਬਚਨ ਸਿੰਘ ਦੀ ਨਸ਼ਿਆਂ ਖਿਲਾਫ ਜੰਗ ਅਤੇ ਵਾਤਾਵਰਣ ਪ੍ਰਤੀ ਪ੍ਰੇਮ ਵਾਕਿਆ ਹੀ ਕਾਬਿਲੇ-ਤਾਰੀਫ ਹੈ। ਲੋੜ ਹੈ ਸਮਾਜ ਨੂੰ ਇਸ ਤੋਂ ਪ੍ਰੇਰਣਾ ਲੈਣ ਦੀ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਇਆ ਜਾ ਸਕੇ।