ਜਾਗਰਣ ਸੰਵਾਦਦਾਤਾ, ਮਨਾਲੀ : ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਖੇਤਰਾਂ ਵਿਚ ਕੜਾਕੇ ਦੇ ਠੰਢ ਪੈ ਰਹੀ ਹੈ। ਮਨਾਲੀ ਸਮੇਤ ਲਾਹੌਲ ਸਪਿਤੀ ਜ਼ਿਲ੍ਹੇ ਵਿਚ ਘੱਟੋ ਘੱਟ ਤਾਪਮਾਨ ਸਿਫਰ ਤੋਂ ਹੇਠਾਂ ਪਹੁੰਚ ਗਿਆ ਹੈ। ਲਾਹੌਲ ਘਾਟੀ ਦੀ ਸਿੱਸੂ ਝੀਲ ਜੰਮ ਗਈ ਹੈ, ਜਿਹੜੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੈ। ਵੱਡੀ ਗਿਣਤੀ ਵਿਚ ਸੈਲਾਨੀ ਬਰਫ ਨਾਲ ਲੱਦੀਆਂ ਵਾਦੀਆਂ ਦੇ ਦੀਦਾਰ ਲਈ ਇੱਥੇ ਪਹੁੰਚ ਰਹੇ ਹਨ। ਚੰਦਰਤਾਲ ਸਮੇਤ ਉੱਚਾਈ ’ਤੇ ਸਥਿਤ ਹੋਰ ਝੀਲਾਂ ਜੰਮ ਗਈਆਂ ਸਨ, ਪਿਛਲੇ ਮਹੀਨੇ ਹੀ ਉੱਥੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ।

ਲਾਹੌਲ ਘਾਟੀ ’ਚ ਆਉਣ ਵਾਲੇ ਸੈਲਾਨੀ ਕੋਕਸਰ ਤੋਂ ਲੈ ਕੇ ਸਿੱਸੂ ਤੱਕ 10 ਕਿਲੋਮੀਟਰ ਦੇ ਇਲਾਕੇ ’ਚ ਬਰਫ ਦਾ ਅਨੰਦ ਮਾਣ ਰਹੇ ਹਨ। ਹਾਲਾਂਕਿ, ਸੈਰ ਸਪਾਟੇ ਦੇ ਸ਼ਹਿਰ ਮਨਾਲੀ ’ਚ ਹਾਲੇ ਤੱਕ ਬਰਫਬਾਰੀ ਨਹੀਂ ਹੋਈ ਪਰ ਲਾਹੌਲ ਵਾਦੀ ਦੇ ਇਹ ਸੈਰ ਸਪਾਟੇ ਵਾਲੀਆਂ ਥਾਵਾਂ ’ਤੇ ਬਰਫ ਦੀ ਚਿੱਟੀ ਚੱਦਰ ਵਿਛੀ ਹੋਈ ਹੈ। ਲਾਹੌਲ ਘਾਟੀ ਦੇ ਇਹ ਸੈਰ ਸਪਾਟੇ ਵਾਲੇ ਸ਼ਹਿਰ ਬਰਫ ਦੀ ਸਫੇਦੀ ਨਾਲ ਚਮਕ ਉੱਠੇ ਹਨ। ਪਹਾੜਾਂ ਸਮੇਤ ਲਾਹੌਲ ਦੀ ਸਮੁੱਚੀ ਚੰਦਰਾ ਘਾਟੀ ’ਚ ਬਰਫ ਦੀ ਚਿੱਟੀ ਚੱਦਰ ਵਿਛੀ ਹੋਈ ਹੈ।

ਬੁੱਧਵਾਰ ਨੂੰ ਖਿੜੀ ਧੁੱਪ ’ਚ ਸੈਰ ਸਪਾਟੇ ਵਾਲੀਆਂ ਥਾਵਾਂ ’ਤੇ 800 ਤੋਂ ਜ਼ਿਆਦਾ ਸੈਲਾਨੀ ਵਾਹਨ ਪਹੁੰਚੇ। ਕ੍ਰਿਸਮਸ ਤੇ ਨਿਊ ਈਅਰ ਦੇ ਨਜ਼ਦੀਕ ਆਉਂਦੇ ਹੀ ਹਰ ਰੋਜ਼ ਸੈਲਾਨੀਆਂ ਦੀ ਆਮਦ ਵਧਣ ਲੱਗੀ ਹੈ। ਬੁੱਧਵਾਰ ਨੂੰ ਅਟਲ ਟਨਲ ਰੋਹਤਾਂਗ ਦੇ ਨਾਰਥ ਪੋਰਟਲ ਦੇ ਗੁਫਾ ਹੋਟਲ, ਕੋਕਸਰ ਤੇ ਸਿੱਸੂ ’ਚ ਵੱਡੀ ਗਿਣਤੀ ’ਚ ਸੈਲਾਨੀ ਪਹੁੰਚੇ। ਸੈਲਾਨੀਆਂ ਦੀ ਆਮਦ ਵਧਣ ਨਾਲ ਕਾਰੋਬਾਰੀ ਵੀ ਖੁਸ਼ ਹਨ। ਪੁਲਿਸ ਸੁਪਰਡੈਂਟ ਮਯੰਕ ਚੌਧਰੀ ਨੇ ਕਿਹਾ ਕਿ ਲਾਹੌਲ ਦੀਆਂ ਸੈਰ ਸਪਾਟੇ ਵਾਲੀਆਂ ਥਾਵਾਂ ਸੈਲਾਨੀਆਂ ਲਈ ਬਹਾਲ ਹਨ। ਸੈਲਾਨੀ ਇੱਥੇ ਘੁੰਮਣ ਦਾ ਅਨੰਦ ਮਾਣ ਸਕਦੇ ਹਨ। ਲਾਹੌਲ ਘਾਟੀ ’ਚ ਸੈਲਾਨੀਆਂ ਦੀ ਆਵਾਜਾਈ ਮੌਸਮ ’ਤੇ ਨਿਰਭਰ ਰਹੇਗੀ।