ਸਿੱਖਾਂ ਵਲੋਂ ਵਖਰੇ ਘਰ ਦੀ ਮੰਗ ਕਰਨਾ ਗ਼ਲਤ ਨਹੀਂ : ਗਿਆਨੀ ਹਰਪ੍ਰੀਤ ਸਿੰਘ
ਬਠਿੰਡਾ (ਸੁਖਜਿੰਦਰ ਮਾਨ): ਕਾਫ਼ੀ ਸਮਾਂ ਪਹਿਲਾਂ ਅਪਣੇ ਖ਼ਾਲਿਸਤਾਨ ਪੱਖੀ ਬਿਆਨ ਕਾਰਨ ਸੁਰਖ਼ੀਆਂ ‘ਚ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਮੁੜ ਖ਼ਾਲਿਸਤਾਨ ਦੀ ਮੰਗ ਦੀ ਹਮਾਇਤ ਕੀਤੀ ਹੈ। ਅੱਜ ਸ੍ਰੀ ਤਖ਼ਤ ਦਮਦਮਾ ਸਾਹਿਬ ਵਿਖੇ ਰੱਖੇ ਸਮਾਗਮ ਦੌਰਾਨ ਉਨ੍ਹਾਂ ਸਿੱਖਾਂ ਲਈ ਵਖਰੇ ਘਰ ਦੀ ਮੰਗ ਦਾ ਸਮਰਥਨ ਕੀਤਾ ਹੈ।ਗਿਆਨੀ ਹਰਪ੍ਰੀਤ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ (ਗਰੇਵਾਲ) ਦੇ 76ਵੇਂ ਸਥਾਪਨਾ ਦਿਵਸ ਸਮਾਗਮਾਂ ਮੌਕੇ ਤਖਤ ਸਾਹਿਬ ਦੇ ਗੁ:ਭਾਈ ਬੀਰ ਸਿੰਘ-ਧੀਰ ਸਿੰਘ ਵਿਖੇ ਸੰਗਤਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਿੱਖਾਂ ਦੀ ਭਾਰਤ ਅੰਦਰ ਦਸ਼ਾ ਨੂੰ ਦੇਖਦਿਆਂ ਵੱਖਰੇ ਕੌਮੀ ਘਰ ਦੀ ਮੰਗ ਅਣਉੱਚਿਤ ਨਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਮੌਕੇ ਸਿੱਖਾਂ ਨੇ ਭਾਰਤ ਨਾਲ ਰਹਿਣ ਦਾ ਫ਼ੈਸਲਾ ਕੀਤਾ ਸੀ[ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਦੇਸ਼ ਵਿਚ ਉਹ ਖ਼ੁਦ, ਉਨ੍ਹਾਂ ਦਾ ਧਰਮ, ਉਨ੍ਹਾਂ ਦਾ ਅਕੀਦਾ, ਮਰਿਆਦਾਵਾਂ ਸੁਰੱਖਿਅਤ ਰਹਿਣਗੀਆਂ ਪਰ ਨਾ ਤਾਂ ਸਿੱਖ ਇਸ ਦੇਸ਼ ਵਿਚ ਸੁਰੱਖਿਅਤ ਰਿਹਾ ਤੇ ਨਾ ਸਿੱਖ ਧਰਮ, ਨਾ ਸਿੱਖ ਦਾ ਅਕੀਦਾ ਅਤੇ ਨਾ ਮਰਿਆਦਾਵਾਂ ਹੋਰ ਤਾਂ ਹੋਰ ਸਿੱਖਾਂ ਦੇ ਧਾਰਮਕ ਗ੍ਰੰਥ ਤਕ ਸੁਰੱਖਿਅਤ ਨਹੀ ਰਹੇ ਇਸ ਲਈ ਜੇ ਸਮੇਂ ਸਮੇਂ ਸਿੱਖ ਵਖਰੇ ਕੌਮੀ ਘਰ ਦੀ ਮੰਗ ਕਰਦੇ ਹਨ ਤਾਂ ਉਸ ਵਿਚ ਕੁੱਝ ਵੀ ਗ਼ਲਤ ਨਹੀ ਹੈ।