ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ
ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਵਾਹਨ ਚੋਰੀ ਦੇ ਮਾਮਲੇ ਵਿਚ ਪਿੰਡ ਲੁਹਾਰਾ ਬਾਪੂ ਮਾਰਕੀਟ ਦੇ ਵਾਸੀ ਅਭਿਸ਼ੇਕ ਦਾਸ ਨੂੰ ਗਿ੍ਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੁਹਾਰਾ ਦੇ ਗਿਆਨ ਚੰਦ ਨਗਰ ਦੇ ਰਹਿਣ ਵਾਲੇ ਰਾਮ ਬਾਲਕ ਦੀ ਸ਼ਿਕਾਇਤ ‘ਤੇ ਅਭਿਸ਼ੇਕ ਦਾਸ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸਦੇ ਕਬਜ਼ੇ ‘ਚੋਂ ਟਾਟਾ 407 ਅਤੇ ਟਾਟਾ 207 ਟੈਂਪੂ ਬਰਾਮਦ ਕੀਤੇ ਹਨ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਮ ਬਾਲਕ ਨੇ ਦੱਸਿਆ ਕਿ ਉਹ ਗਿੱਲ ਰੋਡ ਦਾਣਾ ਮੰਡੀ ਵਿਖੇ ਸ੍ਰੀ ਸੀਮੈਂਟ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਦੁਪਹਿਰ ਵੇਲੇ ਉਹ ਆਪਣੀਆਂ ਗੱਡੀਆਂ ਦੁਕਾਨ ਦੇ ਬਾਹਰ ਖੜ੍ਹੀਆਂ ਕਰ ਕੇ ਘਰ ਚਲਾ ਗਿਆ। ਅਗਲੇ ਦਿਨ ਸਵੇਰੇ ਰਾਮ ਬਾਲਕ ਜਦ ਦੁਕਾਨ ‘ਤੇ ਆਇਆ ਤਾਂ ਉਸਨੇ ਦੇਖਿਆ ਕਿ ਵਾਹਨ ਉੱਥੇ ਨਹੀਂ ਸਨ। ਆਪਣੇ ਜ਼ਰੀਏ ਪੜਤਾਲ ਕਰਨ ‘ਤੇ ਰਾਮ ਬਾਲਕ ਨੂੰ ਪਤਾ ਲੱਗਾ ਕਿ ਅਭਿਸ਼ੇਕ ਦਾਸ ਨੇ ਵਾਹਨ ਚੋਰੀ ਕੀਤੇ ਹਨ। ਰਾਮ ਬਾਲਕ ਨੇ ਇਸਦੀ ਸੂਚਨਾ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਦਿੱਤੀ।
ਇਸ ਮਾਮਲੇ ਵਿਚ ਏਐੱਸਆਈ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਪੜਤਾਲ ਸ਼ੁਰੂ ਕੀਤੀ ਅਤੇ ਤਫ਼ਤੀਸ਼ ਦੇ ਦੌਰਾਨ ਉਸਦੇ ਕਬਜ਼ੇ ‘ਚੋਂ ਦੋ ਵਾਹਨ ਬਰਾਮਦ ਕਰ ਲਏ ਹਨ। ਪੁਲਿਸ ਇਸ ਮਾਮਲੇ ਵਿਚ ਅਗਲੇਰੀ ਪੜਤਾਲ ਕਰਨ ਵਿਚ ਜੁਟ ਗਈ ਹੈ।


