ਸਟਾਫ ਰਿਪੋਰਟਰ, ਰੂਪਨਗਰ : ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਸੂਬਾ ਪੱਧਰੀ ਅਰਥੀ ਫੂਕ ਮੁਜ਼ਾਹਰਾ ਦੇ ਸੱਦੇ ‘ਤੇ ਜ਼ਿਲ੍ਹਾ ਰੂਪਨਗਰ ਵਿੱਚ ਜ਼ਿਲ੍ਹਾ ਇਕਾਈ ਵੱਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਸੀਪੀਐੱਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਥਾਂ ‘ਤੇ ਲਗਾਤਾਰ ਟਾਲ-ਮਟੋਲ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਦੀ ਕੈਬਨਿਟ ਨੇ ਤਿੰਨ ਵਾਰੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਬਿਲ ਪਾਸ ਕਰਨ ਤੋਂ ਬਾਅਦ ਉਸ ਨੂੰ ਲਾਗੂ ਕਰਨ ਦੀ ਬਜਾਏ ਕਮੇਟੀ ਦਾ ਗਠਨ ਕਰ ਦਿੱਤਾ ਹੋਵੇ ਅਤੇ ਜਦੋਂ ਇਸ ਸਬੰਧੀ ਯੂਨੀਅਨ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਇਸ ਝੂਠ ਦੀ ਪੋਲ ਲੋਕਾਂ ਸਾਹਮਣੇ ਖੋਲ੍ਹੀ ਤਾਂ ਪੰਜਾਬ ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਦੀ ਬਦਲੀ ਗੁਰਾਇਆ ਤੋਂ ਧਾਰ ਕਲਾਂ ਪਠਾਨਕੋਟ ਵਿਖੇ ਕਰ ਦਿੱਤੀ।
ਇਸ ਮੌਕੇ ਯੂਨੀਅਨ ਵੱਲੋਂ ਇਹ ਫੈਸਲਾ ਲਿਆ ਗਿਆ ਕਿ 1 ਅਕਤੂਬਰ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਕੌਮੀ ਪੱਧਰੀ ਰੈਲੀ ਵਿੱਚ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਜਾ ਰਹੇ ਹਨ। ਰੈਲੀ ਵਿੱਚ ਜਾਣ ਵਾਲੇ ਮੁਲਾਜ਼ਮ ਆਪਣੇ ਆਪਣੇ ਵ੍ਹੀਕਲਾਂ ਤੇ ਪੰਜਾਬ ਸਰਕਾਰ ਮੁਰਦਾਬਾਦ, ਮੁੱਖ ਮੰਤਰੀ ਪੰਜਾਬ ਮੁਰਦਾਬਾਦ ਤੇ ਪੈਨਸ਼ਨ ਸਕੀਮ ਬਹਾਲ ਕਰੋ ਦੇ ਨਾਅਰਿਆਂ ਵਾਲੇ ਪੋਸਟਰ ਲਗਾ ਕੇ ਜਾਣਗੇ ਤਾਂ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਇਸ ਝੂਠੇ ਵਾਅਦਿਆਂ ਵਾਲੀ ਸਰਕਾਰ ਤੋਂ ਜਾਣੂ ਕਰਵਾਇਆ ਜਾ ਸਕੇ।
ਇਸ ਮੌਕੇ ਵੱਖ-ਵੱਖ ਵਿਭਾਗਾਂ ਤੋਂ ਅਹੁਦੇਦਾਰ ਅਤੇ ਮੁਲਾਜ਼ਮ ਸਾਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ‘ਤੇ ਜ਼ਿਲ੍ਹਾ ਮੀਤ ਪ੍ਰਧਾਨ ਅਮਰਜੀਤ ਸਿੰਘ, ਸਲਾਹਕਾਰ ਮਾਸਟਰ ਕੁਲਵੰਤ ਸਿੰਘ, ਫ਼ੂਡ ਸਪਲਾਈ ਦੇ ਪ੍ਰਧਾਨ ਸੁਨੀਲ ਕੁਮਾਰ, ਇਰੀਗੇਸ਼ਨ ਵਿਭਾਗ ਤੋਂ ਪਿੰ੍ਸ ਰਾਣਾ, ਪੀਡਬਲੂਡੀ ਤੋਂ ਅਮਨਦੀਪ ਸਿੰਘ ਮਨਪ੍ਰਰੀਤ ਸਿੰਘ, ਜਸਵਿੰਦਰ ਕੌਰ, ਕਮਿਸ਼ਨਰ ਦਫ਼ਤਰ ਰੂਪਨਗਰ ਤੋਂ ਦਵਿੰਦਰ ਸਿੰਘ, ਸੰਦੀਪ ਸਿੰਘ, ਰੈਵੀਨਿਊ ਪਟਵਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਅਤੇ ਬਹੁਤ ਸਾਰੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਜ਼ਿਲ੍ਹਾ ਆਈਟੀ ਸੈੱਲ ਇੰਚਾਰਜ ਰਾਹੁਲ ਸ਼ਰਮਾ ਆਦਿ ਹਾਜ਼ਰ ਸਨ।



