ਲੁਧਿਆਣਾ: ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਵੱਲੋਂ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਜਰਖੜ ਸਟੇਡੀਅਮ ਵਿੱਚ ਕਰਵਾਏ ਗਏ ਪਹਿਲੇ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਚ ਪੀ.ਆਈ.ਐਸ. ਮੁਹਾਲੀ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਬੀਤੀ ਦੇਰ ਰਾਤ ਜਰਖੜ ਸਟੇਡੀਅਮ ਦੇ ਐਸਟਰੋਟਰਫ਼ ਮੈਦਾਨ ਤੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਪੀ.ਆਈ.ਐਸ. ਮੁਹਾਲੀ ਨੇ ਐਮ.ਐਸ.ਕੇ ਜਰਖੜ ਨੂੰ 8-2 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ 2-1 ਨਾਲ ਅੱਗੇ ਸੀ। ਪਹਿਲੇ ਅੱਧ ਤੱਕ ਮੁਕਾਬਲਾ ਦੋਵੇਂ ਟੀਮਾਂ ਬਰਾਬਰੀ ‘ਤੇ ਸਨ ਪਰ ਦੂਜੇ ਅੱਧ ਵਿੱਚ ਜਿਵੇਂ ਹੀ ਮਹਿਮਾਨ ਟੀਮ ਨੇ ਹਮਲਾਵਾਰ ਖੇਡ ਦਾ ਰੁਖ ਅਪਣਾਇਆ, ਮੇਜ਼ਬਾਨ ਟੀਮ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ ਤੇ ਮੁਕਾਬਲਾ ਇੱਕਤਰਫ਼ਾ ਹੋ ਗਿਆ।
ਮੈਚ ਦਾ ਪਹਿਲਾ ਗੋਲ ਭਾਵੇਂ ਜਰਖੜ ਅਕਾਦਮੀ ਦੇ ਮਨਪ੍ਰੀਤ ਸਿੰਘ ਨੇ ਕੀਤਾ, ਪਰ ਦੂਜੇ ਅੱਧ ਵਿੱਚ ਮੁਹਾਲੀ ਦੇ ਸ਼ਰਨਜੀਤ ਸਿੰਘ ਤੇ ਰਮਨਦੀਪ ਸਿੰਘ ਨੇ ਜੇਤੂ ਹੈਟ੍ਰਿਕ ਤੋਂ ਇਲਾਵਾ ਦੋ ਗੋਲ ਅੰਗਦ ਸਿੰਘ ਨੇ ਕੀਤੇ। ਇਸ ਤੋਂ ਪਹਿਲਾਂ ਗਰੇਵਾਲ ਅਕਾਦਮੀ ਕਿਲ੍ਹਾ ਰਾਏਪੁਰ ਨੇ ਚੰਡੀਗੜ੍ਹ ਅਕਾਦਮੀ ਨਾਲ 3-3 ਦੀ ਬਰਾਬਰੀ ਤੇ ਖੇਡਦਿਆਂ ਪਨਾਲਟੀ ਛੂਟ ਆਉਟ ਵਿੱਚ ਚੰਡੀਗੜ੍ਹ ਨੂੰ 3-2 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਮੁਹਾਲੀ ਦੇ ਰਮਨਦੀਪ ਸਿੰਘ ਨੂੰ ਮੈਨ ਆਫ਼ ਦਾ ਟੂਰਨਾਮੈਂਟ, ਮੁਹਾਲੀ ਦੇ ਹੀ ਸ਼ਰਨਜੀਤ ਸਿੰਘ ਨੂੰ ਸਰਵੋਤਮ ਸਕੋਰਰ, ਜਰਖੜ ਅਕਾਦਮੀ ਦੇ ਹਰਮਿਲਾਪ ਸਿੰਘ ਨੂੰ ਟੂਰਨਾਮੈਂਟ ਦੇ ਸਰਵੋਤਮ ਗੋਲ ਕੀਪਰ ਦਾ ਐਵਾਰਡ ਮਿਲਿਆ।
ਮੁੱਖ ਮਹਿਮਾਨ ਵਜੋਂ ਪੁੱਜੇ ਭਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਚੈਂਪੀਅਨ ਟੀਮ ਮੁਹਾਲੀ ਨੂੰ ਜੇਤੂ ਟਰਾਫ਼ੀ ਤੇ 51,000 ਰੁਪਏ ਦੀ ਇਨਾਮੀ ਰਾਸ਼ੀ ਉਪ ਜੇਤੂ ਟੀਮ ਜਰਖੜ ਅਕਾਦਮੀ ਨੂੰ 31,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ। ਜਦਕਿ ਫਾਈਨਲ ਸਮਾਰੋਹ ਦੀ ਪ੍ਰਧਾਨਗੀ ਐਸ.ਕੇ. ਸਿੰਘ ਉਬਰਾਏ ਦੁਬਈ ਨੇ ਕੀਤੀ। ਸਿੱਖ ਸਪੋਰਟਸ ਕੌਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ ਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।
ਸਿੱਖੀ ਤੇ ਸਮਾਜ-ਸੇਵੀ ਪੰਜ ਸਖ਼ਸ਼ੀਅਤਾਂ ਦਾ ਸਨਮਾਨ ਸਿੱਖ ਸਪੋਰਟਸ ਕੌਂਸਲ ਵੱਲੋਂ ਸਿੱਖੀ ਖੇਤਰ ਤੇ ਸਮਾਜ ਦੇ ਹੋਰ ਖੇਤਰਾਂ ਵਿੱਚ ਆਪਣੀਆਂ ਵਧੀਆ ਸੇਵਾਵਾਂ ਨਿਭਾਅ ਰਹੀਆਂ ਪੰਜ ਸਖਸ਼ੀਅਤਾਂ ਦਾ ਸਨਮਾਣ ਕੀਤਾ ਗਿਆ। ਇਨ੍ਹਾਂ ਵਿੱਚ ਜਪੁਜੀ ਸਾਹਿਬ ਤੇ ਪੀ.ਐਚ.ਡੀ. ਕਰਨ ਵਾਲੇ ਬੀਬੀ ਰਮਨਦੀਪ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਉੱਘੇ ਮੈਰਾਥਨ ਦੌੜਾਕ ਸਰਬਜੀਤ ਸਿੰਘ, ਸਿੱਖੀ ਤੇ ਪੰਜਾਬ ਮਸਲਿਆਂ ਉੱਤੇ ਲਿਖਣ ਵਾਲੇ ਗੁਰਪ੍ਰੀਤ ਸਿੰਘ ਮੰਡਿਆਣੀ, ਡਾ. ਮੁਕਤੀ ਗਿੱਲ ਪ੍ਰਿੰ. ਖਾਲਸਾ ਕਾਲਜ ਲੁਧਿਆਣਾ, ਰਾਸ਼ਟਰੀ ਐਵਾਰਡ ਜੇਤੂ ਗੁਰਸਿੱਖ ਹਾਕੀ ਕੋਚ ਗੁਰਮਿੰਦਰ ਸਿੰਘ ਅਮਰਗੜ੍ਹ, ਚੰਡੀਗੜ੍ਹ, ਉੱਘੇ ਸਮਾਜ ਸੇਵੀ ਡਾ. ਐਸ.ਪੀ ਸਿੰਘ ਉਬਰਾਏ ਨੂੰ ਵੱਖ-ਵੱਖ ਐਵਾਰਡਾਂ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਨਮਾਨਤ ਕੀਤਾ ਗਿਆ।