ਜਾਗਰਣ ਸੰਵਾਦਦਾਤਾ, ਅੰਬਾਲਾ : (Cylinder Blast in Ambala) ਟਾਂਗਰੀ ਪਾਰ ਨਿਊ ਸ਼ਕਤੀਨਗਰ ‘ਚ ਇਕ ਘਰ ਵਿਚ ਚਾਹ ਬਣਾਉਣ ਦੌਰਾਨ ਸਿਲੰਡਰ ਫਟ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਮਲਬੇ ‘ਚ ਤਬਦੀਲ ਹੋ ਗਿਆ। ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 05 ਗੰਭੀਰ ਰੂਪ ਵਿੱਚ ਝੁਲਸ ਗਏ।
ਮਰਨ ਵਾਲਿਆਂ ‘ਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਖਤੌਲੀ ਦੇ ਰਹਿਣ ਵਾਲੇ ਫਜ਼ਲ ਤੇ ਦਿਲਸ਼ਾਦ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਖ਼ਮੀਆਂ ‘ਚ ਸਲਮਾਨ, ਸ਼ਾਹਨੇਫਰ, ਆਫਤਾਬ, ਮੇਰਠ ਨਿਵਾਸੀ ਅਸ਼ਰਫ ਅਤੇ 16 ਸਾਲਾ ਰਿਆਨ ਸ਼ਾਮਲ ਹਨ।
ਦਿਲਸ਼ਾਦ ਤੇ ਸਲਮਾਨ ਨੂੰ ਗੰਭੀਰ ਹਾਲਤ ‘ਚ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਦਿਲਸ਼ਾਦ ਦੀ ਰਸਤੇ ‘ਚ ਹੀ ਮੌਤ ਹੋ ਗਈ। ਜ਼ਖਮੀ ਆਫਤਾਬ ਨੇ ਦੱਸਿਆ ਕਿ ਉਹ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦੇ ਖਤੌਲੀ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਦਿਲਸ਼ਾਦ ਨੇ 15 ਦਿਨ ਪਹਿਲਾਂ ਟਾਂਗਰੀ ਡੈਮ ਨੇੜੇ ਨਿਊ ਸ਼ਕਤੀਨਗਰ ‘ਚ ਦੋ ਕਮਰੇ ਕਿਰਾਏ ‘ਤੇ ਲਏ ਸਨ। ਸਾਰੇ ਸਕਰੈਪ ਦਾ ਕੰਮ ਕਰਦੇ ਹਨ।
ਬੀੜੀ ਦੱਸੀ ਜਾ ਰਹੀ ਹਾਦਸੇ ਦੀ ਵਜ੍ਹਾ
ਇਸ ਮਾਮਲੇ ‘ਚ ਖਤੌਲੀ ਮੁਜ਼ੱਫਰਨਗਰ ਦੇ ਰਹਿਣ ਵਾਲੇ ਸ਼ਾਹਨਵਾਜ਼ ਨੇ ਪੁਲਿਸ ਨੂੰ ਦੱਸਿਆ ਸੀ ਕਿ ਫਜ਼ਲ, ਦਿਲਸ਼ਾਦ ਤੇ ਸਲਮਾਨ ਉਸ ਦੇ ਭਰਾ ਹਨ ਜਦਕਿ ਰਿਆਨ ਉਸ ਦਾ ਜੀਜਾ ਹੈ। ਰਿਆਨ ਤੇ ਸਲਮਾਨ ਉਸ ਨਾਲ ਡਿਨਰ ਕਰਨ ਤੋਂ ਬਾਅਦ ਫਜ਼ਲ ਦੇ ਕਮਰੇ ‘ਚ ਗਏ ਸਨ। ਫ਼ਜ਼ਲ ਚਾਹ ਬਣਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਫਜ਼ਲ ਚਾਹ ਬਣਾਉਂਦੇ ਸਮੇਂ ਬੀੜੀ ਪੀ ਰਿਹਾ ਸੀ। ਇਸ ਕਾਰਨ ਸਿਲੰਡਰ ਫਟਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਸਥਾਨਕ ਲੋਕਾਂ ਨੇ ਜਾਨ ਦਾਅ ‘ਤੇ ਲਗਾ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ
ਹਾਦਸੇ ‘ਚ ਮਕਾਨ ਪੂਰੀ ਤਰ੍ਹਾਂ ਢਹਿ ਗਿਆ ਪਰ ਕੁਝ ਕੰਧਾਂ ਤੇ ਲੈਂਟਰ ਲਟਕ ਰਹੇ ਸਨ ਜੋ ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਇਸ ਦੇ ਬਾਵਜੂਦ ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਮਲਬੇ ਹੇਠ ਦੱਬੇ ਸਾਰੇ ਮੈਂਬਰਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਛਾਉਣੀ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ।


