ਸੰਜੀਵ ਗੁਪਤਾ, ਜਗਰਾਓਂ: ਜਗਰਾਓਂ ਦੇ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ’ਤੇ ਸਾਰੇ ਧਰਮਾਂ ਦੇ ਲੋਕ ਸੱਜਦਾ ਹੁੰਦੇ ਮੂੰਹ ਮੰਗੀਆਂ ਮੁਰਾਦਾਂ ਪਾ ਰਹੇ ਹਨ। ਇਸ ਪਵਿੱਤਰ ਦਰ ਦਾ ਇਤਿਹਾਸ ਢਾਈ ਸੋ ਸਾਲ ਤੋਂ ਵੀ ਵੱਧ ਪੁਰਾਣਾ ਹੈ। ਜਗਰਾਓਂ ਨੂੰ ਪੀਰ ਬਾਬਾ ਮੋਹਕਮਦੀਨ ਦੀ ਬਦੌਲਤ ਰੌਸ਼ਨੀਆਂ ਦੇ ਸ਼ਹਿਰ ਨਾਲ ਵੀ ਜਾਣਿਆ ਜਾਂਦਾ ਹੈ। ਪੀਰ ਦੀ ਦਰਗਾਹ ਦੀ ਮਾਨਤਾ ਸਦਕਾ ਜਗਰਾਵਾਂ ’ਚ ਹਰ ਵਰ੍ਹੇ ਫਰਵਰੀ ਮਹੀਨੇ ਵਿਚ ਲੱਗਦਾ ਰੌਸ਼ਨੀ ਮੇਲਾ ਵੀ ਸੰਸਾਰ ਪ੍ਰਸਿੱਧ ਹੈ।
ਆਸਥਾ, ਮਾਨਤਾ ਅਤੇ ਸੱਭਿਆਚਾਰ ਦਾ ਪ੍ਰਤੀਕ ਜਗਰਾਵਾਂ ਦਾ ਰੌਸ਼ਨੀ ਮੇਲਾ ਜਿਥੇ ਲੋਕ ਬੋਲੀਆਂ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ ਅਤੇ ਲੋਕ ਬੋਲੀਆਂ ਦੀ ਬੋਲੀ ‘ਆਰੀ ਆਰੀ ਆਰੀ ਵਿਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ’ ਬਹੁਤ ਚਰਚਿਤ ਹੋਈ ਹੈ। ਇਹੀ ਨਹੀਂ ਸਾਹਿਤ ਜਗਤ ਵਿਚ ਰੌਸ਼ਨੀ ਮੇਲੇ ਦੀ ਜਿਥੇ ਵਿਲੱਖਣ ਪਹਿਚਾਣ ਹੈ, ਉਥੇ ਪੰਜਾਬੀ ਫਿਲਮਾਂ ਵਿਚ ਵੀ ਇਸ ਦੀ ਗਾਥਾ ਨੂੰ ਫਿਲਮਾਇਆ ਜਾ ਚੁੱਕ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਪੀਰਾਂ-ਫਕੀਰਾਂ, ਸਾਧੂ ਸੰਤਾਂ ਅਤੇ ਮਹਾਪੁਰਸ਼ਾਂ ਦੀ ਚਰਨ ਛੋਹ ਪਵਿੱਤਰ ਧਰਤੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਰੁਹਾਨੀ ਨੇਕ ਰੂਹਾਂ ਦੇ ਨਾਮ ’ਤੇ ਸਦੀਆਂ ਤੋਂ ਮੇਲੇ ਲੱਗਦੇ ਆ ਰਹੇ ਹਨ। ਪੰਜਾਬ ਦੇ ਇਨ੍ਹਾਂ ਮੇਲਿਆਂ ਦੀ ਕਤਾਰ ’ਚ ਪਹਿਲੇ ਨੰਬਰ ’ਚ ਆਉਂਦਾ ਹੈ ਮੇਲਾ ਰੌਸ਼ਨੀ ਦਾ, ਹੁਣ ਜੇ ਅਸੀ ਰੌਸ਼ਨੀ ਮੇਲੇ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਕਰੀਬ ਢਾਈ ਸੌ ਸਾਲਾਂ ਦੇ ਵੀ ਵੱਧ ਪੁਰਾਣੇ ਇਤਿਹਾਸਕ ਇਸ ਮੇਲੇ ਦਾ ਪਿਛੋਕੜ ਮੁਸਲਮਾਨ ਪੀਰ ਨਾਲ ਜੁੜਿਆਂ ਹੈ, ਪਰ ਆਸਥਾ ਅਤੇ ਧਾਰਮਿਕਤਾ ਦੇ ਰੰਗ ਵਿੱਚ ਰੰਗੇ ਸਾਰੇ ਧਰਮਾਂ ਦੇ ਲੋਕ ਹੀ ਇਸ ਮੇਲੇ ’ਚ ਸਜਦਾ ਹੋਣ ਆਉਂਦੇ ਹਨ।
ਰੌਸ਼ਨੀ ਮੇਲਾ ਸੂਫੀ ਫਕੀਰ ਪੀਰ ਬਾਬਾ ਮੋਹਕਮਦੀਨ ਬਲੀ ਅੱਲਾ (ਨਕਸਬੰਦੀ) ਦੇ ਨਾਲ ਜੁੜਿਆ ਹੈ। ਪ੍ਰਚਲਿਤ ਕਥਾਵਾਂ ਮੁਤਾਬਕ ਬਾਦਸ਼ਾਹ ਜਹਾਗੀਰ ਔਲਾਦ ਦੀ ਇੱਛਾ ਨੂੰ ਲੈ ਕੇ ਬਾਬਾ ਮੋਹਕਮਦੀਨ ਜੀ ਦੇ ਦਰਬਾਰ ’ਚ ਆਏ ਸਨ, ਜਿਨ੍ਹਾ ਦੇ ਆਸੀਰਵਾਦ ਨਾਲ ਬਾਦਸ਼ਾਹ ਜਹਾਗੀਰ ਦੇ ਘਰ ਪੁੱਤਰ ਪੈਦਾ ਹੋਇਆ। ਜਿਸ ਦਾ ਨਾਮ ਮੋਹਕਮਦੀਨ ਜੀ ਦੇ ਕਹਿਣ ’ਤੇ ਸ਼ਾਹਜਹਾਂ ਰੱਖਿਆ ਗਿਆ ਸੀ। ਬਾਦਸ਼ਾਹ ਨੇ ਖੁਸ ਹੋ ਕੇ ਪੀਰ ਦੇ ਕਹਿਣ ਮੁਤਾਬਿਕ ਲੋਕਾਂ ’ਚ ਧਨ ਵੰਡਿਆਂ। ਬਾਦਸ਼ਾਹ ਵੱਲੋਂ ਧਨ ਵੰਡਣ ਦੀ ਖੁਸੀ ’ਚ ਖੀਵੇ ਹੋਈ ਸੰਗਤ ਨੇ ਆਪਣੇ ਘਰਾਂ ’ਚ ਦੇਸੀ ਘਿਉ ਦੇ ਦੀਵੇ ਜਗਾਏ। ਦੀਵਿਆਂ ਦੀ ਰੌਸ਼ਨੀ ਨਾਲ ਪੂਰਾ ਜਗਰਾਓਂ ਰੌਸ਼ਨਾਇਆਂ ਤਾਂ ਉਸੇ ਦਿਨ ਤੋਂ ਹੀ ਜਗਰਾਓਂ ਨੂੰ ਰੌਸ਼ਨੀਆਂ ਦੇ ਸ਼ਹਿਰ ਦਾ ਖਿਤਾਬ ਮਿਲ ਗਿਆ ਅਤੇ ਇਸੇ ਦਿਨ ਤੋਂ ਪੀਰ ਦੀ ਦਰਗਾਹ ’ਤੇ ਰੌਸ਼ਨੀ ਦਾ ਮੇਲਾ ਲੱਗਣ ਦੀ ਪਿਰਤ ਸ਼ੁਰੂ ਹੋਈ।
25, 26 ਤੇ 27 ਫਰਵਰੀ ਨੂੰ ਲੱਗਦਾ ਹੈ ਜਗਰਾਵਾਂ ਦਾ ਰੌਸ਼ਨੀ ਮੇਲਾ
ਜਗਰਾਵਾਂ ਦਾ ਰੌਸ਼ਨੀ ਮੇਲਾ 25, 26 ਅਤੇ 27 ਫਰਵਰੀ ਨੂੰ ਲੱਗਦਾ ਹੈ। ਦਰਗਾਹ ਪ੍ਰਤੀ ਅਥਾਹ ਆਸਥਾ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ’ਤੇ ਸ਼ਰਧਾ ਨਾਲ ਮੰਨਤਾਂ ਮੰਗਣ ਵਾਲੀ ਦੀ ਹਰ ਮੁਰਾਦ ਪੂਰੀ ਹੁੰਦੀ ਹੈ। ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ਸਥਾਨਕ ਕਮਲ ਚੌਕ ਲਾਲਾ ਲਾਜਪਤ ਰਾਏ ਰੋਡ ’ਤੇ ਸਥਿਤ ਹੈ। ਜਿਥੇ ਹਰ ਸਾਲ ਦੇਸ਼ ਦੁਨੀਆਂ ਤੋਂ ਸ਼ਰਧਾਲੂ ਲੱਖਾਂ ਦੀ ਗਿਣਤੀ ਵਿੱਚ ਸੱਜਦਾ ਹੋਣ ਅਤੇ ਮੰਨਤਾਂ ਮੰਗਣ ਆਉਂਦੇ ਹਨ। ਜਿਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੋ ਜਾਂਦੀਆਂ ਹਨ ਉਹ ਨੱਚਦੇ ਗਾੳਂੁਦੇ ਨੰਗੇਂ ਪੈਰੀ ਟੋਲੀਆਂ ਦੀ ਟੋਲੀਆਂ ਬਣਾ ਕੇ ਸੱਜਦਾ ਹੋਣ ਆਉਂਦੇ ਹਨ।



