ਪੱਤਰ ਪੇ੍ਰਰਕ, ਖੰਨਾ : ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਾਬਕਾ ਸੈਨਿਕ ਵੈੱਲਫ਼ੇਅਰ ਐਸੋਸੀਏਸ਼ਨ ਦੇ ਮੈਬਰਾਂ ਦੀ ਮੀਟਿੰਗ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ। ਕੈਪਟਨ ਮਾਜਰੀ ਨੇ ਕਿਹਾ ਕੇਂਦਰ ਸਰਕਾਰ ਨੇ ਅੱਜ ਤਕ ਚੋਣਾਂ ਦੌਰਾਨ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਿਕ ਅੱਜ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ‘ਤੇ ਰੁਲਣ ਲਈ ਮਜ਼ਬੂਰ ਹਨ।

ਉਨ੍ਹਾਂ ਕਿਹਾ ‘ਇੱਕ ਰੈਂਕ ਇਕ ਪੈਨਸ਼ਨ’ ਨੂੰ ਹੱਲ ਕਰਵਾਉਣ ਲਈ 20 ਫਰਵਰੀ ਤੋਂ ਲਗਾਤਾਰ ਦਿੱਲੀ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਕੈਪਟਨ ਮੁਕੰਦ ਸਿੰਘ ਤੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਕਿਹਾ ਪਿਛਲੇ ਲੰਬੇ ਸਮੇਂ ਤੋਂ ਸਾਬਕਾ ਸੈਨਿਕ, ਐੱਮਐੱਸਪੀ, ਅੰਗਹੀਣ ਪੈਨਸ਼ਨ ਤੇ ਵਿਧਵਾ ਪੈਨਸ਼ਨ ‘ਚ ਬੇਸਿਕ ਵਾਧਾ ਮੰਗ ਕਰ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।

ਉਨ੍ਹਾਂ ਕਿਹਾ ਇਸ ਦਾ ਨਤੀਜਾ ਕੇਂਦਰ ਸਰਕਾਰ ਨੂੰ ਆਉਣ ਵਾਲੀਆਂ 2024 ਦੀਆਂ ਚੋਣਾਂ ‘ਚ ਭੁਗਤਣਾ ਪਵੇਗਾ। ਇਸ ਮੌਕੇ ਪਰਮਜੀਤ ਸਿੰਘ, ਰੱਬੀ ਸਿੰਘ, ਸਤਿੰਦਰਪਾਲ ਸਿੰਘ, ਹਰੀਂ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਰਾਮ ਮੋਹਨ, ਮਨਪ੍ਰਰੀਤ ਕੌਰ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।