-ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਇਲਾਕਾ ਵਾਸੀਆਂ ‘ਚ ਰੋਸ

ਬੱਲੂ ਮਹਿਤਾ, ਪੱਟੀ : ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਸ਼ਹਿਰ ਦੇ ਕਤਲੁਈ ਮੰਦਿਰ ਨਜ਼ਦੀਕ ਰਾਹ ਜਾਂਦੀ ਲੜਕੀ ਨੂੰ ਲੁੱਟ ਦਾ ਸ਼ਿਕਾਰ ਬਣਾਇਆ। ਵਾਰਦਾਤ ਦੀ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਰਹੀ ਹੈ। ਉਥੇ ਸੱਤਾਧਾਰੀ ਆਗੂਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਲੋਕ ਕੋਸਦੇ ਦਿਖਾਈ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਰਜੇਸ਼ ਕੁਮਾਰ ਵਾਸੀ ਵਾਰਡ ਨੌਂ ਨੇ ਦੱਸਿਆ ਕਿ ਉਸਦੀ ਲੜਕੀ ਕੋਮਲ ਅੰਮਿ੍ਤਸਰ ਵਿਖੇ ਬਿਊਟੀ ਪਾਰਲਰ ਦਾ ਕੋਰਸ ਕਰਨ ਜਾਂਦੀ ਹੈ।

ਦੁਪਹਿਰ 3 ਵਜੇ ਦੇ ਕਰੀਬ ਜਦੋਂ ਉਹ ਬੱਸ ਅੱਡੇ ਤੋਂ ਘਰ ਜਾ ਰਹੀ ਸੀ ਤਾਂ ਕਤਲੁਈ ਮੰਦਿਰ ਦੇ ਕੋਲੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰੂ ਨਾਨਕ ਕਾਲੋਨੀ ਤੋਂ ਵੀ ਦਿਨ ਦਿਹਾੜੇ ਮੋਟਰ ਸਾਈਕਲ ਸਵਾਰ ਝਪਟਮਾਰਾਂ ਨੇ ਪੜ੍ਹਾਈ ਕਰਕੇ ਵਾਪਸ ਘਰ ਜਾ ਰਹੀਆਂ ਲੜਕੀਆਂ ਤੋਂ ਲੁੱਟ ਖੋਹ ਕੀਤੀ ਸੀ ਪਰ ਅਜੇ ਤਕ ਪੁਲਿਸ ਲੁਟੇਰਿਆਂ ਨੂੰ ਕਾਬੂ ਨਹੀਂ ਕਰ ਸਕੀ, ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋਕ ਆਪਣੀਆਂ ਲੜਕੀਆਂ ਨੂੰ ਇਕੱਲਿਆਂ ਘਰੋਂ ਬਾਹਰ ਭੇਜਣ ਤੋਂ ਵੀ ਡਰ ਰਹੇ ਹਨ।