ਪਿੰ੍ਸ ਸ਼ਰਮਾ, ਲੁਧਿਆਣਾ : ਪੰਜਾਬ ਸਰਕਾਰ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ। ਇਸ ਸਬੰਧੀ ਏਡੀਜੀਪੀ ਟ੍ਰੈਫਿਕ ਏਐੱਸ ਰਾਏ ਨੇ ਜਾਣਕਾਰੀ ਦਿੱਤੀ ਕਿ 10 ਨਵੰਬਰ ਤੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਦੋਸ਼ੀ ਪਾਏ ਗਏ ਵਾਹਨ ਜ਼ਬਤ ਕਰ ਲਏ ਜਾਣਗੇ।

ਕਾਰਵਾਈ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪੁਲਿਸ ਨੂੰ 40 ਲੇਜ਼ਰ ਸਪੀਡ ਗੰਨ ਤੇ 669 ਐਲਕੋਮੀਟਰ ਮਿਲੇ ਹਨ। ਸ਼ਰਾਬ ਪੀ ਕੇ ਆਪਣੀ ਤੇ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਤੇ ਇਹ ਮੁਹਿੰਮ ਸਿਆਸਤਦਾਨਾਂ ਜਾਂ ਉੱਚ ਅਧਿਕਾਰੀਆਂ ਵੱਲੋਂ ਸਿਫ਼ਾਰਸ਼ੀ ਫੋਨ ਕਾਲਾਂ ਜਾਂ ਹੁਕਮਾਂ ਨਾਲ ਪ੍ਰਭਾਵਿਤ ਨਹੀਂ ਹੋਵੇਗੀ, ਸਗੋਂ ਇਸ ਦੀ ਸਿਫ਼ਾਰਸ਼ ਕਰਨ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਪੰਜਾਬ ਸਰਕਾਰ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ‘ਤੇ ਨਕੇਲ ਕੱਸਣ ਲਈ 2.5 ਕਰੋੜ ਰੁਪਏ ਤੋਂ ਵੱਧ ਦੇ ਹਾਈ-ਟੈਕ ਉਪਕਰਨ ਖਰੀਦੇ ਹਨ। ਇਹ ਵਸਤਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਸੌਂਪੀਆਂ ਗਈਆਂ ਹਨ। ਟ੍ਰੈਫਿਕ ਵਿੰਗ ਅਨੁਸਾਰ 10 ਨਵੰਬਰ ਤੋਂ ਪਹਿਲਾਂ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਸੜਕ ਸੁਰੱਖਿਆ ਪੁਲਿਸ ਮੁਲਾਜ਼ਮਾਂ ਦੀ ਟ੍ਰੇਨਿੰਗ ਵੀ ਪੂਰੀ ਹੋ ਚੁੱਕੀ ਹੈ, ਜਿਸ ਨੂੰ ਵੱਖ-ਵੱਖ ਜ਼ਿਲਿ੍ਹਆਂ ਨੂੰ ਵੀ ਅਲਾਟ ਕੀਤਾ ਗਿਆ ਹੈ। ਨਾਕਿਆਂ ‘ਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ 1.61 ਕਰੋੜ ਰੁਪਏ ਦੀਆਂ 40 ਲੇਜ਼ਰ ਸਪੀਡ ਗੰਨਜ਼ ਤੇ ਕਰੀਬ 1 ਕਰੋੜ ਰੁਪਏ ਦੀ ਕੀਮਤ ਦੇ 669 ਐਲਕੋਹਲ ਮੀਟਰ ਖਰੀਦੇ ਹਨ।