ਪੀਟੀਆਈ, ਰਾਮਨਗਰ (ਕਰਨਾਟਕ) : ਮਾਂ ਦੇ ਪਿਆਰ ਦੀਆਂ ਖ਼ਬਰਾਂ ਤਾਂ ਤੁਸੀਂ ਹਰ ਰੋਜ਼ ਪੜ੍ਹਦੇ ਜਾਂ ਸੁਣਦੇ ਹੋਵੋਗੇ ਪਰ ਕਰਨਾਟਕ ਤੋਂ ਇੱਕ ਜ਼ਾਲਮ ਮਾਂ ਦੀ ਕਰਤੂਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਮਾਂ ਨੇ ਮਮਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਮਾਂ ਨੇ ਆਪਣੇ 15 ਮਹੀਨੇ ਦੇ ਬੇਟੇ ਨੂੰ ਰਜਵਾਹੇ ਵਿੱਚ ਸੁੱਟ ਕੇ ਮਾਰ ਦਿੱਤਾ। ਔਰਤ ਨੂੰ ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕਰਨਾਟਕ ‘ਚ ਇਕ ਔਰਤ ਨੂੰ ਆਪਣੇ 15 ਮਹੀਨਿਆਂ ਦੇ ਬੇਟੇ ਨੂੰ ਕਨਵਾ ਰਜਵਾਹੇ ‘ਚ ਸੁੱਟ ਕੇ ਮਾਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ਦੀ ਪਛਾਣ ਭਾਗਿਆਮਾ (21) ਵਜੋਂ ਹੋਈ ਹੈ। ਭਾਗਿਆਮਾ ਆਪਣੇ ਪਤੀ ਤੋਂ ਵੱਖ ਹੋ ਗਈ ਸੀ ਅਤੇ ਚੰਨਾਪਟਨਾ ਤਾਲੁਕ ਦੇ ਬਨਾਗਹੱਲੀ ਵਿੱਚ ਆਪਣੀ ਮਾਂ ਨਾਲ ਰਹਿ ਰਹੀ ਸੀ।
ਔਰਤ ਕੱਪੜੇ ਧੋਣ ਦੇ ਬਹਾਨੇ ਘਰੋਂ ਨਿਕਲੀ
ਇਸ ਮਾਮਲੇ ‘ਤੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ, “ਮੰਗਲਵਾਰ ਸ਼ਾਮ ਨੂੰ ਉਹ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਸਨੇ ਆਪਣੇ ਕੱਪੜੇ ਧੋਣ ਲਈ ਜਾਣਾ ਹੈ। ਫਿਰ ਉਹ ਰੌਲਾ ਪਾਉਂਦੇ ਹੋਏ ਘਰ ਪਰਤੀ ਕਿ ਉਸਦਾ ਪੁੱਤਰ ਦੇਵਰਾਜ ਡੁੱਬ ਗਿਆ ਹੈ।”
ਕਤਲ ਪਿੱਛੇ ਨਾਜਾਇਜ਼ ਸਬੰਧਾਂ ਦਾ ਸ਼ੱਕ
ਇਸ ਸਬੰਧੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਪੁੱਛ-ਗਿੱਛ ਦੌਰਾਨ ਔਰਤ ਨੇ ਮੰਨਿਆ ਕਿ ਉਸ ਨੇ ਬੱਚੇ ਨੂੰ ਰਜਵਾਹੇ ਵਿੱਚ ਸੁੱਟ ਦਿੱਤਾ ਸੀ। ਅਧਿਕਾਰੀ ਨੇ ਕਿਹਾ, “ਕਤਲ ਦੇ ਪਿੱਛੇ ਦੇ ਮਕਸਦ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਪਰ ਨਾਜਾਇਜ਼ ਸਬੰਧਾਂ ਦਾ ਸ਼ੱਕ ਹੈ।”


