ਕਾਨੂੰਨੀ ਪ੍ਰਤੀਨਿਧ, ਸ਼ਿਮਲਾ : ਹਿਮਾਚਲ ਸਥਿਤ ਹਾਈ ਕੋਰਟ ਨੇ ਸਰਦਾਰ ਪਟੇਲ ਯੂਨੀਵਰਸਿਟੀ (ਐੱਸਪੀਯੂ) ਮੰਡੀ ਦੀ ਪ੍ਰੋ. ਵਾਈਸ ਚਾਂਸਲਰ ਪ੍ਰੋ. ਅਨੁਪਮਾ ਸਿੰਘ ਨੂੰ ਵਾਪਸ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ (ਐੱਚਪੀਯੂ) ਸ਼ਿਮਲਾ ਸੱਦਣ ਦੇ ਫ਼ੈਸਲੇ ਸਹੀ ਠਹਿਰਾਇਆ ਹੈ। ਅਦਾਲਤ ਨੇ ਪ੍ਰਾਰਥੀ ਦੀ ਪਟੀਸ਼ਨ ਨੂੰ ਖ਼ਾਰਜ ਕਰਦੇ ਹੋਏ ਕਿਹਾ ਹੈ ਕਿ ਗ਼ੈਰ-ਸਧਾਰਨ ਛੁੱਟੀ ਹੋਵੇ ਜਾਂ ਸਧਾਰਨ, ਕੋਈ ਵੀ ਮੁਲਾਜ਼ਮ ਛੁੱਟੀ ਹਾਸਿਲ ਕਰਨ ਦਾ ਹੱਕ ਨਹੀਂ ਰੱਖਦਾ ਹੁੰਦਾ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਛੁੱਟੀ, ਨੌਕਰੀ ਸ਼ਰਤਾਂ ਦੇ ਤਹਿਤ ਹੁੰਦੀ ਹੈ। ਸੇਵਾਵਾਂ ਲੈਣੀਆਂ ਜ਼ਰੂਰੀ ਹੋਣ ਤਾਂ ਰੁਜ਼ਗਾਰਦਾਤਾ ਕਦੇ ਵੀ ਛੁੱਟੀ ਰੱਦ ਕਰ ਸਕਦੇ ਹੁੰਦੇ ਹਨ ਜਾਂ ਇਸ ਨੂੁੰ ਅਪ੍ਰਵਾਨ ਕਰਨ ਦਾ ਹੱਕ ਰੱਖਦੇ ਹੁੰਦੇ ਹਨ। ਪ੍ਰਾਰਥੀ ਨੇ ਦੋਸ਼ ਲਾਇਆ ਸੀ ਕਿ ਸੂਬੇ ਵਿਚ ਨਵੀਂ ਸਰਕਾਰ ਆਉਣ ਮਗਰੋਂ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਸ ਨੇ ਤਾਕਤਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵੀ ਲਾਏ ਸਨ।
ਪ੍ਰਾਰਥੀ ਦਾ ਦੋਸ਼ ਸੀ ਕਿ ਉਸ ਦੇ ਵਿਰੁੱਧ ਇਹ ਕਾਰਵਾਈ ਮੌਜੂਦਾ ਸਰਕਾਰ ਦੀ ਉਸ ਨੀਤੀ ਦਾ ਹਿੱਸਾ ਹੈ, ਜਿਸ ਦੇ ਤਹਿਤ ਸਰਕਾਰ ਉਸ ਵਰਗੇ ਵਿਅਕਤੀਆਂ ਤੋਂ ਛੁਟਕਾਰਾ ਹਾਸਿਲ ਕਰਨਾ ਚਾਹੁੰਦੀ ਹੈ। ਮਾਮਲੇ ਅਨੁਸਾਰ ਪ੍ਰਾਰਥੀ ਐੱਚਪੀਯੂ ਵਿਚ ਲੋਕ ਪ੍ਰਸ਼ਾਸਨ ਵਿਭਾਗ ਵਿਚ ਪ੍ਰੋਫੈਸਰ ਦੇ ਅਹੁਦੇ ’ਤੇ ਕੰਮ ਕਰ ਰਹੀ ਹੈ ਪਰ ਅੱਜਕਲ੍ਹ ਸਰਦਾਰ ਪਟੇਲ ਯੂਨੀਵਰਸਿਟੀ ਮੰਡੀ ਦੇ ਪ੍ਰੋ. ਵਾਈਸ ਚਾਂਸਲਰ (ਵੀਸੀ) ਵਜੋਂ ਜ਼ਿੰਮੇਵਾਰੀ ਨਿਭਾ ਰਹੀ ਹੈ। ਪ੍ਰਾਰਥੀ ਨੂੰ 20 ਅਪ੍ਰੈਲ 2022 ਨੂੰ ਐੱਸਪੀਯੂ ਦਾ ਪੋ੍ਰ. ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ। ਇਸ ਨਿਯੁਕਤੀ ਮਗਰੋਂ ਪ੍ਰਾਰਥੀ ਨੇ ਐੱਚਪੀਯੂ ਤੋਂ ਤਿੰਨ ਸਾਲਾਂ ਲਈ ਗ਼ੈਰ-ਸਧਾਰਨ ਛੁੱਟੀ ਲਈ ਬਿਨੈ ਕੀਤਾ ਸੀ। ਐੱਚਪੀਯੂ ਦੀ ਉਦੋਂ ਦੀ ਈਸੀ ਨੇ 20 ਜੁਲਾਈ 2022 ਨੂੁੰ ਉਨ੍ਹਾਂ ਨੂੰ ਬਿਨਾਂ ਤਨਖ਼ਾਹ ਤਿੰਨ ਸਾਲਾਂ ਲਈ ਗ਼ੈਰਕ-ਸਧਾਰਨ ਛੁੱਟੀ ਦੇਣ ਦਾ ਫ਼ੈਸਲਾ ਲਿਆ ਸੀ। ਸੂਬੇ ਵਿਚ ਨਵੀਂ ਸਰਕਾਰ ਦੇ ਗਠਨ ਮਗਰੋਂ ਨਵੀਂ ਈਸੀ ਨੇ 6 ਅਪ੍ਰੈਲ, 2023 ਨੂੰ ਪ੍ਰਾਰਥੀ ਨੂੰ ਦਿੱਤੀ ਗਈ ਗ਼ੈਰ-ਸਧਾਰਨ ਛੁੱਟੀਆਂ ਰੱਦ ਕਰ ਕੇ ਵਾਪਸ ਸੱਦ ਲਿਆ ਸੀ।


