ਸਰੀ, ਬੀਸੀ – ਸਿਟੀ ਆਫ਼ ਸਰੀ ਵੱਲੋਂ ਅਪਣਾਈ ਬਹੁ-ਭਾਸ਼ਾਈ ਪਹੁੰਚ ਦਾ ਇੱਕ ਸਾਲ ਪੂਰਾ ਹੋਣ ਤੇ ਮਿਲੀ ਵੱਡੀ ਸਫਲਤਾ ਬਾਰੇ ਰਿਪੋਰਟ ਜਨਤਕ ਕਰਦੇ ਦੱਸਿਆ ਕਿ, ਹੁਣ ਸਿਟੀ ਵਧੇਰੇ ਵਸਨੀਕਾਂ ਨੂੰ ਸ਼ਹਿਰ ਦੀਆਂ ਸੇਵਾਵਾਂ, ਪ੍ਰੋਗਰਾਮਾਂ ਅਤੇ ਜਾਣਕਾਰੀ ਨਾਲ ਜੋੜਨ ਵਿੱਚ ਵੱਡੀ ਤਰੱਕੀ ਕਰ ਰਿਹਾ ਹੈ। ਸਤੰਬਰ 2024 ਵਿੱਚ ਮਿਲੀ ਮਨਜ਼ੂਰੀ ਤੋਂ ਬਾਅਦ, ਸਿਟੀ ਦੀ ਪਹਿਲੀ ਬਹੁ-ਭਾਸ਼ਾਈ ਸੰਚਾਰ ਨੀਤੀ ਨੇ ਬਹੁ-ਸੱਭਿਆਚਾਰਕ ਸਮੂਹਾਂ ਲਈ ਵੱਡੇ ਪੱਧਰ ‘ਤੇ ਪਹੁੰਚ ਤੇ ਮੁਹਿੰਮਾਂ ਦੀ ਅਗਵਾਈ ਕੀਤੀ, ਤਾਂ ਜੋ ਉਨ੍ਹਾਂ ਨੂੰ ਦਰਪੇਸ਼ ਰੁਕਾਵਟਾਂ ਨੂੰ ਘਟਾਇਆ ਜਾ ਸਕੇ ਤੇ ਸਾਂਝੇਦਾਰੀ ਵਧਾਈ ਜਾ ਸਕੇ, ਜਿਸ ਵਿੱਚ ਸ਼ਾਮਲ ਹਨ: ਸਰਕਾਰੀ ਕਮਿਊਨਿਟੀ ਯੋਜਨਾ (Official Community Plan Update) ਬਾਰੇ ਵਧੇਰੇ ਗੱਲਬਾਤ, ਸਿਹਤਮੰਦ ਫੁਰਤੀਲਾ ਬੁਢਾਪਾ ਗਾਈਡ (The Healthy Active Aging Guide) 100 ਤੋਂ ਵੱਧ ਮੀਡੀਆ ਰਿਲੀਜ਼ ਅਤੇ ਬਿਆਨ ਪੰਜਾਬੀ ਵਿੱਚ ਜਾਰੀ ਕੀਤੇ ਗਏ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਆਪਣੀ ਵਿਭਿੰਨਤਾ ਕਰਕੇ ਜਾਣੇ ਜਾਂਦੇ ਸਰੀ ਸ਼ਹਿਰ ਵਿੱਚ ਇਹ ਨੀਤੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੀ। “ਲਗਭਗ ਹਰ ਪੰਜਵੇਂ ਸਰੀ ਨਿਵਾਸੀ ਵੱਲੋਂ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਹੈ,ਬਹੁ-ਭਾਸ਼ਾਈ ਸੰਚਾਰ ਨੀਤੀ ਨੇ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਸਰੀ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਨਾਲ ਜੁੜਨ ਵਿਚ ਤੁਰੰਤ ਪ੍ਰਭਾਵ ਪਾਇਆ ਹੈ। ਜਿਵੇਂ – ਜਿਵੇਂ ਸਰੀ ਦਾ ਵਿਕਾਸ ਅਤੇ ਵਿਭਿੰਨਤਾ ਵਧ ਰਹੀ ਹੈ, ਬਹੁ-ਭਾਸ਼ਾਈ ਸੰਚਾਰ ਵਿੱਚ ਨਿਵੇਸ਼ ਸਾਡੀ ਇੱਕ ਮੁੱਖ ਤਰਜੀਹ ਬਣੀ ਰਹੇਗੀ ਤਾਂ ਜੋ ਸਾਰੇ ਨਿਵਾਸੀ ਸ਼ਹਿਰੀ ਸੇਵਾਵਾਂ ਤੱਕ ਪਹੁੰਚ ਸਕਣ ਅਤੇ ਉਨ੍ਹਾਂ ਵਿੱਚ ਭਾਗੀਦਾਰੀ ਹੋ ਸਕੇ।”
ਸ਼ਹਿਰ ਦੀ ਬਹੁ-ਭਾਸ਼ਾਈ ਨੀਤੀ ਬਾਰੇ ਇਹ ਅੱਪਡੇਟ ਸੋਮਵਾਰ ਨੂੰ ਹੋਈ ਰੈਗੂਲਰ ਕੌਂਸਲ ਮੀਟਿੰਗ ਵਿੱਚ ਪੇਸ਼ ਕੀਤਾ ਗਿਆ, ਜਿਸ ਵਿੱਚ ਨੀਤੀ ਲਾਗੂ ਹੋਣ ਤੋਂ ਬਾਅਦ ਦੀਆਂ ਕਈ ਮੁੱਖ ਪ੍ਰਾਪਤੀਆਂ ਨੂੰ ਸਾਂਝੇ ਕੀਤਾ ਗਿਆ ।
ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜੋਏ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ “ਬੀਤੇ ਸਤੰਬਰ ਵਿੱਚ ਕੌਂਸਲ ਵੱਲੋਂ ਨੀਤੀ ਨੂੰ ਅਪਣਾਉਣ ਤੋਂ ਬਾਅਦ ਮਹੱਤਵਪੂਰਨ ਪ੍ਰਗਤੀ ਹੋਈ ਹੈ”। “ਅਸੀਂ ਆਪਣੇ ਸੋਸ਼ਲ ਮੀਡੀਆ, ਰੇਡੀਉ, ਵੀਡੀਓ ਅਤੇ ਪ੍ਰਿੰਟ ਚੈਨਲਾਂ ਨੂੰ ਵਧਾਇਆ ਤਾਂ ਜੋ ਅਨੁਵਾਦ ਕੀਤੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਸ਼ਹਿਰ ਦੀ
ਜਾਣਕਾਰੀ ਅਤੇ ਸੇਵਾਵਾਂ ਤੱਕ ਬਿਹਤਰ ਪਹੁੰਚ ਨੇ ਸਰੀ ਵਿੱਚ ਵਿਭਿੰਨ ਆਬਾਦੀ ਨਾਲ ਬਿਹਤਰ ਢੰਗ ਨਾਲ ਜੁੜਨ ਵਿੱਚ ਮਦਦ ਕੀਤੀ ਹੈ ਅਤੇ ਭਰੋਸੇ ਨੂੰ ਵਧਾਇਆ ਹੈ।”
ਇਹ ਨੀਤੀ ਜਨਗਣਨਾ ਅੰਕੜਿਆਂ ‘ਤੇ ਆਧਾਰਿਤ ਹੈ ਅਤੇ ਉਨ੍ਹਾਂ ਭਾਸ਼ਾਵਾਂ ਨੂੰ ਤਰਜੀਹ ਦਿੰਦੀ ਹੈ, ਜੋ ਕਿਸੇ ਟਾਊਨ ਸੈਂਟਰ ਜਾਂ ਸ਼ਹਿਰ ਭਰ ਵਿੱਚ ਘੱਟੋ – ਘੱਟ 5% ਵਸਨੀਕਾਂ ਵੱਲੋਂ ਘਰ ਵਿੱਚ ਬੋਲੀ ਜਾਂਦੀਆਂ ਹਨ। ਜਨਗਣਨਾ ਅੰਕੜੇ ਦਰਸਾਉਂਦੇ ਹਨ ਕਿ 18% ਸਰੀ ਨਿਵਾਸੀ ਘਰ ਵਿੱਚ ਪੰਜਾਬੀ ਬੋਲਦੇ ਹਨ। ਇਨ੍ਹਾਂ ਪਹਿਲਕਦਮੀਆਂ ਨੇ ਸ਼ਹਿਰ ਦੀਆਂ ਸੇਵਾਵਾਂ ਅਤੇ ਜਾਣਕਾਰੀ ਤੱਕ ਪਹੁੰਚ ਵਿੱਚ ਸੁਧਾਰ ਕੀਤਾ ਹੈ, ਸ਼ਮੂਲੀਅਤ, ਵਿਸ਼ਵਾਸ ਅਤੇ ਭਾਈਚਾਰੇ ਨਾਲ ਜੁੜੇ ਹੋਣ ਦੀ ਮਜ਼ਬੂਤ ਭਾਵਨਾ ਨੂੰ ਉਤਸ਼ਾਹਿਤ ਕੀਤਾ ਹੈ।
ਪਿਛਲੇ ਸਾਲ ਦੀਆਂ ਬਹੁਭਾਸ਼ਾਈ ਮੁਹਿੰਮਾਂ ਅਤੇ ਪਹਿਲਕਦਮੀਆਂ ਵਿੱਚ ਸ਼ਾਮਲ ਹਨ:
• ਸਰਕਾਰੀ ਕਮਿਊਨਿਟੀ ਯੋਜਨਾ ਬਾਰੇ ਅੱਪਡੇਟ
• ਸਿਹਤਮੰਦ ਫੁਰਤੀਲਾ ਬੁਢਾਪਾ ਗਾਈਡ
• 2025 ਬਜਟ ਸਲਾਹ-ਮਸ਼ਵਰਾ
• ਟੈਕਸ ਮਾਮਲੇ ਮੁਹਿੰਮ
• ਕੂੜਾ ਪ੍ਰਬੰਧਨ / ਗ਼ੈਰਕਾਨੂੰਨੀ ਡੰਪਿੰਗ ਬਾਰੇ ਸਿੱਖਿਆ
• ਭਾਈਚਾਰੇ ਲਈ 2024 ਦੀ ਰਿਪੋਰਟ
• 2024 ਫਾਇਰ ਸਰਵਿਸਿਜ਼ ਸਾਲਾਨਾ ਦੀ ਰਿਪੋਰਟ
• ਬਹੁ-ਭਾਸ਼ਾਈ ਸਾਈਨ
ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
