ਸਰੀ, ਬੀ.ਸੀ. – ਸਰੀ ਸ਼ਹਿਰ ਨੂੰ ਆਪਣੇ ਪਹਿਲੇ ਸਰੀ ਸਪੋਰਟਸ ਹਾਲ ਆਫ਼ ਫੇਮ ਲਈ ਐਡਵਾਈਜ਼ਰੀ ਬੋਰਡ ਦੇ ਮੈਂਬਰਾਂ ਦੀ ਘੋਸ਼ਣਾ ਕਰਨ ਤੇ ਮਾਣ ਹੈ। ਐਡਵਾਈਜ਼ਰੀ ਬੋਰਡ ਹਾਲ ਦੀਆਂ ਨੀਤੀਆਂ, ਪ੍ਰਦਰਸ਼ਨ ਥੀਮ ਅਤੇ ਭਾਈਚਾਰਿਆਂ ਨਾਲ ਸੰਬੰਧਿਤ ਰਣਨੀਤੀਆਂ ਨੂੰ ਰੂਪ ਦੇਣ ਵਿੱਚ ਕੇਂਦਰੀ ਭੂਮਿਕਾ ਨਿਭਾਏਗਾ। ਨਵੇਂ ਨਿਯੁਕਤ ਕੀਤੇ ਗਏ ਮੈਂਬਰਾਂ ਵਿੱਚ: ਫੇਥ ਲੂ, ਗੁਰਪ੍ਰੀਤ ਰਾਏ, ਜੌਨ ਮਾਰਾ, ਕੁਲਦੀਪ ਸਿੰਘ ਸਿੱਧੂ, ਮਾਈਕ ਮੈਕੇ, ਰਾਜਗੋਰਵ ਸ਼ੇਰਗਿੱਲ, ਸਕਾਟ ਐਕਲਸ, ਸਟੀਵਰਟ ਮਸੀ ਅਤੇ ਥਾਮਸ ਹੈਸਟੀ ਸ਼ਾਮਲ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਸਪੋਰਟਸ ਹਾਲ ਆਫ਼ ਫੇਮ ਉਨ੍ਹਾਂ ਕਹਾਣੀਆਂ ਅਤੇ ਕਾਮਯਾਬੀਆਂ ਨੂੰ ਸਨਮਾਨ ਕਰਨ ਦਾ ਇੱਕ ਵਡਮੁੱਲਾ ਤਰੀਕਾ ਹੈ, ਜਿਨ੍ਹਾਂ ਨੇ ਖੇਡਾਂ ਰਾਹੀਂ ਸਦੀਵੀ ਪ੍ਰਭਾਵ ਛੱਡਿਆ ਹੈ”। “ਇਹ ਸਰੀ ਦੀ ਭਾਵਨਾ ਦਾ ਪ੍ਰਤੀਕ ਹੈ, ਜੋ ਵਿਭਿੰਨਤਾ, ਲਚਕੀਲਾਪਣ ਅਤੇ ਕਮਿਊਨਿਟੀ ਮਾਣ ਦੀਆਂ ਡੂੰਘੀਆਂ ਜੜਾਂ ਨੂੰ ਬਿਆਨ ਕਰਦਾ ਹੈ। ਅਸੀਂ ਇਸ ਐਡਵਾਈਜ਼ਰੀ ਬੋਰਡ ਦੀ ਅਗਵਾਈ ਹੇਠ, ਆਪਣੀ ਮਹੱਤਵਪੂਰਨ ਇਸ ਵਿਰਾਸਤ ਨੂੰ ਹਕੀਕਤ ਬਣਦੇ ਦੇਖਣ ਲਈ ਉਤਸੁਕ ਹਾਂ।”
ਕੌਂਸਲਰ ਗੋਰਡਨ ਹੈਪਨਰ ਕੌਂਸਲ ਦੇ ਪ੍ਰਤੀਨਿਧੀ ਵਜੋਂ ਉਸ ਕਮੇਟੀ ਵਿੱਚ ਸੇਵਾ ਨਿਭਾਉਣਗੇ, ਜੋ ਨਾਮਜ਼ਦਗੀਆਂ ਦੀ ਸਮੀਖਿਆ ਕਰਨ ਅਤੇ ਹਾਲ ਆਫ਼ ਫੇਮ ਵਿੱਚ ਸ਼ਾਮਲ ਕਰਨ ਵਾਲਿਆਂ ਦੀ ਚੋਣ ਕਰਨ ਲਈ ਜ਼ਿੰਮੇਵਾਰ ਹੈ।
ਕੌਂਸਲਰ ਹੈਪਨਰ ਨੇ ਕਿਹਾ, “ਉਸ ਪ੍ਰੋਜੈਕਟ ਦਾ ਹਿੱਸਾ ਬਣਨ ਤੇ ਮਾਣ ਹੈ, ਜੋ ਸਰੀ ਦੇ ਖਿਡਾਰੀਆਂ, ਕੋਚਾਂ ਅਤੇ ਕਮਿਊਨਟੀ ਲੀਡਰਾਂ ਨੂੰ ਸਨਮਾਨਿਤ ਕਰਦਾ ਹੈ। ਇਹ ਹਾਲ ਆਫ਼ ਫੇਮ ਨਾ ਸਿਰ ਉਨ੍ਹਾਂ ਲੋਕਾਂ ਦੀਆਂ ਸਫਲਤਾਵਾਂ ਦੇ ਜਸ਼ਨ ਮਨਾਏਗਾ, ਜਿਨ੍ਹਾਂ ਨੇ ਸਰੀ ਦੇ ਅਮੀਰ ਖੇਡ ਇਤਿਹਾਸ ਨੂੰ ਆਕਾਰ ਦੇਣ ਵਿੱਚ ਸਹਾਇਤਾ ਕੀਤੀ ਹੈ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੇਡਾਂ ਅਤੇ ਕਮਿਊਨਿਟੀ ਪ੍ਰਤੀ ਆਪਣਾ ਜਜ਼ਬਾ ਅੱਗੇ ਵਧਾਉਣ ਲਈ ਪ੍ਰੇਰਿਤ ਵੀ ਕਰੇਗਾ।”
ਸ਼ਹਿਰ ਵੱਲੋਂ ਪਹਿਲੀ ਵਾਰ ਸ਼ਾਮਲ ਕੀਤੇ ਜਾਣ ਵਾਲੇ ਮੈਂਬਰਾਂ ਲਈ ਨਾਮਜ਼ਦਗੀਆਂ 31 ਦਸੰਬਰ ਤੱਕ ਸਵੀਕਾਰ ਕੀਤੀਆਂ ਜਾ ਰਹੀਆਂ ਹਨ। ਸ਼੍ਰੇਣੀਆਂ ਵਿੱਚ ਖਿਡਾਰੀ, ਹਾਈ-ਪਰਫਾਰਮੈਂਸ ਐਥਲੀਟ, ਟੀਮ, ਬਿਲਡਰ, ਕੋਚ, ਗੇਮ ਚੇਂਜਰ ਅਤੇ ਕਮਿਊਨਟੀ ਹੀਰੋ ਸ਼ਾਮਲ ਹਨ।
ਅਸਥਾਈ ਪ੍ਰਦਰਸ਼ਨੀਆਂ 2026 ਦੇ ਬਸੰਤ ਵਿੱਚ ਸਰੀ ਦੇ ਅਜਾਇਬ ਘਰ (Museum of Surrey ) ਵਿੱਚ ਸ਼ੁਰੂ ਹੋਣਗੀਆਂ, ਜੋ ਬਾਅਦ ਵਿੱਚ ਚੁਣੀਆਂ ਸਿਵਿਕ ਸਹੂਲਤਾਂ ਵਿੱਚ ਡਿਜੀਟਲ ਕਿਓਸਕ ਦੁਆਰਾ ਵੀ ਲਗਾਈਆਂ ਜਾਣਗੀਆਂ। ਉਦਘਾਟਨੀ ਸਮਾਰੋਹ ਜੂਨ 2026 ਵਿੱਚ ਸਿਟੀ ਹਾਲ ਵਿੱਚ ਆਯੋਜਿਤ ਕੀਤੇ ਜਾਣ ਦੀ ਯੋਜਨਾ ਹੈ।
ਹੋਰ ਜਾਣਕਾਰੀ ਲਈ, surrey.ca/sportshall ‘ਤੇ ਜਾਓ।


