50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ
ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ ਵਾਪਸੀ ਕਰ ਰਿਹਾ ਹੈ। ਇਸ ਸਾਲ ਦਾ ਥੀਮ “ਇੱਕ ਸੰਸਾਰ- ਇੱਕ ਖੇਡ” (One World- One Game) ਹੈ, ਜੋ ਵਿਸ਼ਵ ਦੇ ਵੱਖ-ਵੱਖ ਸੱਭਿਆਚਾਰਾਂ ਦਾ ਜਸ਼ਨ ਮਨਾਉਂਦਾ ਹੈ ਅਤੇ ਖੇਤਰ ਵਿੱਚ ਹੋਣ ਵਾਲੇ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਸਮਾਗਮ ਨੂੰ ਲੈ ਕੇ ਬਣ ਰਹੇ ਉਤਸ਼ਾਹ ਤੋਂ ਪ੍ਰੇਰਿਤ ਹੈ। ਕੋਸਟ ਕੈਪੀਟਲ ਦੀ ਪੇਸ਼ਕਸ਼ ਹੇਠ ਆਯੋਜਿਤ ਇਸ ਮੁਫ਼ਤ ਸਮਾਗਮ ਵਿੱਚ 50 ਤੋਂ ਵੱਧ ਸੱਭਿਆਚਾਰਕ ਪਵੇਲੀਅਨ ਹੋਣਗੇ, ਜਿੱਥੇ ਦੁਨੀਆ ਭਰ ਦੇ ਭੋਜਨ, ਸੰਗੀਤ ਅਤੇ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਫਿਊਜ਼ਨ ਫ਼ੈਸਟੀਵਲ ਸਾਡੇ ਸ਼ਹਿਰ ਵਿੱਚ ਗਰਮੀਆਂ ਦਾ ਇੱਕ ਵੱਡਾ ਅਤੇ ਮਹੱਤਵਪੂਰਨ ਆਕਰਸ਼ਨ ਹੈ, ਜੋ ਸਰੀ ਦੇ ਵਾਸੀਆਂ ਅਤੇ ਸੈਲਾਨੀਆਂ ਲਈ ਸਰੀ ਦੀ ਵਿਭਿੰਨਤਾ ਦੇ ਜਸ਼ਨ ਵਿੱਚ ਇਕੱਠੇ ਹੋਣ ਦਾ ਇੱਕ ਸ਼ਾਨਦਾਰ ਮੌਕਾ ਹੈ। ਇਸ ਸਾਲ ਦਾ ਥੀਮ ‘ਇੱਕ ਸੰਸਾਰ- ਇੱਕ ਖੇਡ’ ਰਾਹੀਂ ਅਸੀਂ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਇਕਜੁੱਟਤਾ ਭਾਵਨਾ ਨੂੰ ਮਨਾਉਂਦੇ ਹੋਏ, ਉਨ੍ਹਾਂ ਸੱਭਿਆਚਾਰਾਂ ਨੂੰ ਵੀ ਉਭਾਰ ਰਹੇ ਹਾਂ, ਜੋ ਸਾਡੇ ਸ਼ਹਿਰ ਨੂੰ ਜੀਵੰਤ ਬਣਾਉਂਦੀਆਂ ਹਨ।”
ਇਸ ਸਾਲ ਦੇ ਮੁੱਖ ਕਲਾਕਾਰਾਂ ਵਿੱਚ ਕੈਨੇਡੀਅਨ ਰੌਕ ਬੈਂਡ 54-40 ਸ਼ਾਮਲ ਹੈ, ਜੋ ਆਪਣੇ ਮਸ਼ਹੂਰ ਗੀਤ “ਆਈ ਗੋ ਬਲਾਈਂਡ”(I Go Blind) ਅਤੇ ਕੈਨੇਡੀਅਨ ਗੀਤਕਾਰ ਹਾਲ ਆਫ਼ ਫੇਮ (Canadian Songwriters Hall of Fame) ਵਿੱਚ ਸ਼ਾਮਲ ਹੋਣ ਲਈ ਜਾਣਿਆ ਜਾਂਦਾ ਹੈ। ਪੰਜਾਬੀ ਪੌਪ ਗਾਇਕ ਕੁਲਵਿੰਦਰ ਬਿੱਲਾ, ਜੋ “ਟਿੱਚ ਬਟਨ” ਅਤੇ “ਪਾਗਲ” ਵਰਗੇ ਪ੍ਰਸਿੱਧ ਗੀਤਾਂ ਲਈ ਮਸ਼ਹੂਰ ਹਨ, ਵੀ ਮੇਲੇ ਵਿੱਚ ਰੌਣਕਾਂ ਲਾਉਣਗੇ। ਇਸ ਤੋਂ ਇਲਾਵਾ ਫਿਓਨ (Fionn), ਜੋ ਜੁੜਵਾ ਭੈਣਾਂ ਦੀ ਜੋੜੀ ਹੈ, ਜਿਨ੍ਹਾਂ ਦਾ ਗੀਤ ਕੈਨੇਡੀਅਨ ਆਲਟਰਨੇਟਿਵ ਰੇਡੀਉ ਅਤੇ ਬਿਲਬੋਰਡ ਕੈਨੇਡਾ ਚਾਰਟਾਂ ‘ਤੇ ਨੰਬਰ 1 ਰਿਹਾ ਹੈ, ਵੀ ਸ਼ਾਮਲ ਹੋਵੇਗੀ। ਦਾ ਫੋਕ ਟਰਬਨੇਟਰਜ਼ (The Folk Turbanators) ਪੰਜਾਬੀ-ਕੈਨੇਡੀਅਨ ਗਰੁੱਪ ਹੈ, ਜੋ ਆਪਣੀਆਂ ਜੋਸ਼ ਭਰੀਆਂ ਲਾਈਵ ਪੇਸ਼ਕਾਰੀਆਂ ਲਈ ਜਾਣਿਆ ਜਾਂਦਾ ਹੈ, ਵੀ ਦਰਸ਼ਕਾਂ ਦਾ ਮਨੋਰੰਜਨ ਕਰੇਗਾ।
ਮੇਅਰ ਲੌਕ ਨੇ ਅੱਗੇ ਕਿਹਾ, “ਮੈਂ ਸਾਰਿਆਂ ਨੂੰ ਹਾਲੈਂਡ ਪਾਰਕ ਵਿੱਚ ਸੰਗੀਤ, ਸੁਆਦਲੇ ਭੋਜਨ ਅਤੇ ਸੱਭਿਆਚਾਰਕ ਤਜ਼ਰਬਿਆਂ ਨਾਲ ਭਰਪੂਰ ਇਸ ਸਵਾਗਤੀ ਵੀਕਐਂਡ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦੀ ਹਾਂ, ਜਿਸਦਾ ਪੂਰਾ ਪਰਿਵਾਰ ਆਨੰਦ ਲੈ ਸਕਦਾ ਹੈ। ਇਹ ਸਮਾਗਮ ਸਾਡੇ ਪ੍ਰਮੁੱਖ ਸਪਾਂਸਰ ਕੋਸਟ ਕੈਪੀਟਲ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ, ਅਤੇ ਮੈਂ ਪਿਛਲੇ 19 ਸਾਲਾਂ ਤੋਂ ਮਿਲ ਰਹੇ ਉਨ੍ਹਾਂ ਦੇ ਲਗਾਤਾਰ ਸਹਿਯੋਗ ਲਈ ਦਿਲੋਂ ਧੰਨਵਾਦ ਕਰਦੀ ਹਾਂ।”
ਹਾਜ਼ਰੀਨ ਅੱਠ ਸਟੇਜਾਂ ‘ਤੇ ਮੁਫ਼ਤ ਲਾਈਵ ਮਨੋਰੰਜਨ ਦਾ ਆਨੰਦ ਲੈ ਸਕਦੇ ਹਨ, ਨਾਲ ਹੀ ਪਰਿਵਾਰਿਕ ਜ਼ੋਨ, ਮੂਲਵਾਸੀ ਪਿੰਡ (Indigenous Village), ਬਾਜ਼ਾਰ, ਡਾਂਸ ਮੁਕਾਬਲੇ ਅਤੇ ਹੋਰ ਕਈ ਗਤੀਵਿਧੀਆਂ ਦਾ ਲੁਤਫ਼ ਲੈ ਸਕਦੇ ਹਨ। ਕਲਚਰਲ ਕੁਕਿੰਗ ਏਰੀਨਾ (Cultural Cooking Arena) ਵਿੱਚ ਸਨਿੱਚਰਵਾਰ ਨੂੰ ਯੂਥ ਕੁਕਿੰਗ ਮੁਕਾਬਲਾ ਹੋਵੇਗਾ ਅਤੇ ਐਤਵਾਰ ਨੂੰ ਲਾਈਵ ਰਸੋਈ ਪ੍ਰਦਰਸ਼ਨ ਕਰਵਾਏ ਜਾਣਗੇ।
ਸਰੀ ਫਿਊਜ਼ਨ ਫ਼ੈਸਟੀਵਲ ਬ੍ਰਿਟਿਸ਼ ਕੋਲੰਬੀਆ ਸੂਬਾ ਸਰਕਾਰ ਦੇ ਵਿੱਤੀ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਾ ਹੈ।
ਹੋਰ ਜਾਣਕਾਰੀ ਲਈ, surreyfusionfestival.ca ‘ਤੇ ਜਾਓ।


