ਸਰੀ, ਬੀ.ਸੀ.-ਅੱਜ ਰਾਤ ਨੂੰ, ਸੋਮਵਾਰ ਦੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਖੇਡ ਸੈਰ-ਸਪਾਟਾ ਸੰਮੇਲਨਾਂ ਦੀ ਮੇਜ਼ਬਾਨੀ ਨੂੰ ਸ਼ਾਮਲ ਕਰਨ ਲਈ ਖੇਡ ਸੈਰ-ਸਪਾਟਾ (Sport Tourism)ਗ੍ਰਾਂਟ ਪ੍ਰੋਗਰਾਮ ਦੀ ਯੋਗਤਾ ‘ਚ ਵਾਧਾ ਕਰਨ ਬਾਰੇ ਵਿਚਾਰ ਕਰੇਗੀ। ਇਹ ਸੰਮੇਲਨ, ਉਦਯੋਗ ਆਗੂਆਂ ਅਤੇ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਸ਼ਹਿਰ ਵੱਲ ਆਕਰਸ਼ਿਤ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ ਅਤੇ ਉੱਚ – ਪੱਧਰੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੇ ਨਵੇਂ ਮੌਕੇ ਪੈਦਾ ਕਰਦੇ ਹਨ।
ਮੇਅਰਬਰੈਂਡਾ ਲੌਕ ਨੇ ਕਿਹਾ, “ਖੇਡ ਸੈਰ ਸਪਾਟਾ ਗ੍ਰਾਂਟ ਪ੍ਰੋਗਰਾਮ ਵਿੱਚ ਵਾਧੇ ਸਿਰਫ਼ ਫੰਡਿੰਗ ਵਧਾਉਣ ਬਾਰੇ ਨਹੀਂ ਹਨ, ਇਹ ਸਥਾਨਕ ਪ੍ਰਤਿਭਾ ਨੂੰ ਉਜਾਗਰ ਕਰਨ, ਉੱਚ-ਯੋਗਤਾ ਵਾਲੇ ਖੇਡ ਸਮਾਗਮਾਂ ਨੂੰ ਆਕਰਸ਼ਿਤ ਕਰਨ ਅਤੇ ਸਾਡੇ ਭਾਈਚਾਰੇ ਦੇ ਆਰਥਿਕ ਵਿਕਾਸ ਨੂੰ ਸਰਗਰਮ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਸਾਡੀ ਸਥਾਨਕ ਆਰਥਿਕਤਾ ਉੱਤੇ ਖੇਡ ਟੂਰਿਜ਼ਮ ਦੇ ਮਹੱਤਵਪੂਰਨ ਅਸਰ ਬਾਰੇ ਕੌਂਸਲ ਜਾਣਦੀ ਹੈ, ਇਸ ਕਰਕੇ ਬੀਤੀ ਅਪ੍ਰੈਲ ਵਿੱਚ ਖੇਡ ਸੈਰ-ਸਪਾਟਾ ਗ੍ਰਾਂਟਾਂ ਲਈ 500,000 ਡਾਲਰ ਦੀ ਵਾਧੂ ਫੰਡਿੰਗ ਨਿਰਧਾਰਿਤ ਕੀਤੀ ਗਈ ਸੀ। ਅੱਜ ਰਾਤ ਕੌਂਸਲ ਕੋਲ ਗ੍ਰਾਂਟਾਂ ਲਈ ਮਾਪਦੰਡਾਂ ਦਾ ਵਿਸਤਾਰ ਕਰਨ ਲਈ ਪ੍ਰਸਤਾਵਿਤ ਨਵੀਆਂ ਜਾਣਕਾਰੀਆਂ ਨਾਲ, ਇੱਕ ਪ੍ਰਮੁੱਖ ਖੇਡ ਸਥਾਨ ਵਜੋਂ ਵਧਦੀ ਸਾਡੀ ਸਾਖ਼ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ।”
ਜੇ ਕੌਂਸਲ ਵਲੋਂ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਖੇਡ ਸੈਰ-ਸਪਾਟਾ ਗ੍ਰਾਂਟ ਲਈ ਯੋਗਤਾ ਵਿੱਚ ਖੇਡ ਟੂਰਿਜ਼ਮ ਕਾਨਫਰੰਨਸ ਅਤੇ ਸਮਾਗਮਾਂ ‘ਤੇ ਹੁੰਦੇ ਖਰਚੇ ਸ਼ਾਮਲ ਹੋਣਗੇ। ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿੱਚ ਪ੍ਰੋਗਰਾਮ ਫੰਡਿੰਗ ਪੱਧਰਾਂ ਵਿੱਚ ਵਾਧਾ ਵੀ ਸ਼ਾਮਲ ਹੈ, ਜਿਸ ਵਿੱਚ ਪ੍ਰਤੀ ਸਮਾਗਮ ਲਈ ਵੱਧ ਤੋਂ ਵੱਧ 15,000 ਡਾਲਰ ਉਪਲਬਧ ਕਰਨਾ ਹੈ ।
ਸਰੀ ਵਿੱਚ ਸਪੋਰਟ ਟੂਰਿਜ਼ਮ ਤੇਜ਼ੀ ਨਾਲ ਵਧ ਰਿਹਾ ਹੈ। 2024 ਵਿੱਚ ਇਸ ਨੇ ਆਰਥਿਕਤਾ ਵਿੱਚ 10,297,377 ਡਾਲਰ ਦਾ ਯੋਗਦਾਨ ਪਾਇਆ ਸੀ , ਜਿਹੜਾ 2022 ਤੋਂ 151 ਪ੍ਰਤੀਸ਼ਤ ਵੱਧ ਸੀ। ਜਿਉਂ – ਜਿਉਂ ਸ਼ਹਿਰ ਖੇਡ ਸੁਵਿਧਾਵਾਂ ਅਤੇ ਸਹੂਲਤਾਂ ਵਿੱਚ ਪੂੰਜੀ ਨਿਵੇਸ਼ ਨੂੰ ਤਰਜੀਹ ਦੇਣੀ ਜਾਰੀ ਰੱਖੇਗਾ, ਤਿਉਂ ਹੀ ਖੇਡ ਮੇਜ਼ਬਾਨੀ ਦੇ ਮੌਕਿਆਂ ਦਾ ਵਿਕਾਸ ਹੋਣਾ ਜਾਰੀ ਰਹੇਗਾ, ਜਿਸ ਨਾਲ ਭਾਈਚਾਰੇ ‘ਤੇ ਵੱਡਾ ਅਤੇ ਵਧੇਰੇ ਮਹੱਤਵਪੂਰਨ ਆਰਥਿਕ ਪ੍ਰਭਾਵ ਪਵੇਗਾ।
ਸਰੀ ਵਿੱਚ ਖੇਡ ਟੂਰਿਜ਼ਮ ਬਾਰੇ ਜਾਣਕਾਰੀ ਲਈ surrey.ca/sportsurrey. ‘ਤੇ ਜਾਓ।