ਦੁਨੀਆਂ ‘ਚ ਵਖਰੀ ਪਛਾਣ ਤੇ ਵਖਰਾ ਇਤਿਹਾਸ ਰਚਣ ਵਾਲੇ ਸਿੱਖਾਂ ਦੀ ਦਿਨੋਂ-ਦਿਨ ਘਟਦੀ ਜਾ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਇਕ ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਅਪਣੀ ਵਿਚਾਰਧਾਰਾ ਬਦਲਣ ਲਈ ਤਸੀਹੇ ਦਿਤੇ ਜਾਂਦੇ ਸਨ। ਉਹ ਜਾਨ ਕੁਰਬਾਨ ਕਰ ਦਿੰਦੇ ਸਨ ਪਰ ਵਿਚਾਰਧਾਰਾ ਨਹੀਂ ਬਦਲਦੇ ਸਨ। ਉਸ ਸਮੇਂ ਦੇ ਸਿੱਖ ਆਗੂਆਂ ਦੀ ਵੀ ਕੋਈ ਦਾਤ ਨਹੀਂ ਦੇ ਸਕਦਾ ਜੋ ਖ਼ੁਦ ਕੁਰਬਾਨ ਹੋ ਗਏ, ਸਿੱਖੀ ਨੂੰ ਖ਼ਤਮ ਨਹੀਂ ਹੋਣ ਦਿਤਾ ਸਗੋਂ ਪ੍ਰਫ਼ੁੱਲਤ ਕੀਤਾ। ਪਰ ਦੂਜੇ ਪਾਸੇ ਅੱਜ ਦੇ ਸਿੱਖ ਆਗੂ, ਜਿਨ੍ਹਾਂ ਦੀ ਅਗਵਾਈ ਵਿਚ ਕਿਸੇ ਦਾ ਕੋਈ ਡਰ ਵੀ ਨਹੀਂ ਫਿਰ ਵੀ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਜਦਕਿ ਅਜੋਕੇ ਦੌਰ ਦੇ ਆਗੂਆਂ ਲਈ ਸਿੱਖ ਪੈਦਾ ਕਰਨੇ ਕੋਈ ਔਖੀ ਗੱਲ ਨਹੀਂ ਸੀ ਪਰ ਇਨ੍ਹਾਂ ਨੇ ਤਾਂ ਸਿਧਾਂਤ ਹੀ ਬਦਲ ਦਿਤੇ। ਭਾਵੇਂ ਇਹ ਹੋਕਾ ਦਿਤਾ ਜਾਂਦਾ ਹੈ ਕਿ ‘ਸਿੱਖ ਦੀ ਕੋਈ ਜਾਤ ਨਹੀਂ ਤੇ ਜਾਤਾਂ ਨੂੰ ਮੰਨਣ ਵਾਲੇ ਸਿੱਖ ਨਹੀਂ’ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਜਾਤੀਵਾਦ ਬ੍ਰਾਹਮਣਵਾਦ ਦੀ ਪਟਾਰੀ ਵਿਚੋਂ ਨਿਕਲਿਆ ਉਹ ਦੋ ਮੂੰਹਾਂ ਸੱਪ ਹੈ ਜੋ ਜ਼ਹਿਰ ਉਗਲਣ ਦੇ ਨਾਲ-ਨਾਲ ਇਨਸਾਨੀਅਤ ਨੂੰ ਨਿਗਲਦਾ ਵੀ ਹੈ।
ਇਸ ਤੋਂ ਇਨਸਾਨਾਂ ਨੂੰ ਬਚਾਉਣ ਅਤੇ ਇਸ ਦਾ ਸਿਰ ਕੁਚਲਣ ਦੀ ਲੜਾਈ ਕ੍ਰਾਂਤੀਕਾਰੀ ਸਿੱਖ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਸੀ। ਬ੍ਰਾਹਮਣਵਾਦ ਦੇ ਦੌਰ ‘ਚ ਦਲਿਤਾਂ ਦੀ ਹਾਲਤ ਕੀੜੇ-ਮਕੌੜਿਆਂ ਵਰਗੀ ਸੀ ਪਰ ਸਿੱਖ ਵਿਚਾਰਧਾਰਾ ਨੇ ਇਨਕਲਾਬ ਲਿਆਂਦਾ ਜਿਸ ਵਿਚ ਦਲਿਤਾਂ ਨੇ ਵੀ ਯੋਗਦਾਨ ਪਾਇਆ। ਇਸ ਦਾ ਸਬੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਦਲਿਤ ਵਰਗ ਨਾਲ ਸਬੰਧਤ ਭਗਤਾਂ ਦੀ ਬਾਣੀ ਤੋਂ ਮਿਲਦਾ ਹੈ। ਬ੍ਰਾਹਮਣਵਾਦ ਦੇ ਦੁਰਕਾਰੇ ਦਲਿਤਾਂ ਨੂੰ ਸਿੱਖ ਪੰਥ ‘ਚ ਬਰਾਬਰੀ ਦਾ ਦਰਜਾ ਮਿਲਿਆ ਤਾਂ ਪੰਥ ਲਈ ਬੇਮਿਸਾਲ ਕੁਰਬਾਨੀਆਂ ਦੇਣ ਵਾਲੇ ਵੀ ਸੱਭ ਤੋਂ ਵੱਧ ਯੋਧੇ ਦਲਿਤ ਵਰਗ ਵਿਚੋਂ ਹੀ ਪੈਦਾ ਹੋਏ। ‘ਦਲਿਤ’ ਗੁਰੂ ਸਾਹਿਬਾਨਾਂ ਵਲੋਂ ਸ਼ੁਰੂ ਕੀਤੇ ਇਨਕਲਾਬ ਦੀ ਲੜਾਈ ‘ਚ ਕੀਤੀ ਹਰ ਪਰਖ ਦੀ ਘੜੀ ‘ਚ ਵੀ ਹਮੇਸ਼ਾ ਖਰੇ ਉਤਰਦੇ ਰਹੇ। ਪੰਥਕ ਮਿਸ਼ਨ ਮੁਤਾਬਕ ਹੁਣ ਤਕ ਸਿੱਖ ਵਿਚਾਰਧਾਰਾ ਵਿਚੋਂ ਜਾਤੀਵਾਦ ਖ਼ਤਮ ਹੋ ਜਾਣਾ ਚਾਹੀਦਾ ਸੀ ਪਰ ਇਸ ਨੇ ਤਾਂ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਜਿਸ ਦਾ ਸੱਭ ਤੋਂ ਵੱਡਾ ਕਾਰਨ ਬਣ ਰਿਹਾ ਹੈ ਅੱਜ ਦਾ ਜੱਟਵਾਦ, ਜੋ ਸਿੱਖ ਸਿਧਾਂਤਾਂ ਤੋਂ ਬਹੁਤ ਦੂਰ ਜਾ ਚੁਕਿਆ ਹੈ ਅਤੇ ਬ੍ਰਾਹਮਣਵਾਦ ਦੀ ਪੈੜ ‘ਚ ਪੈੜ ਰੱਖਣ ਲੱਗ ਪਿਆ ਹੈ। ਗੁਰੂ ਗੋਬਿੰਦ ਸਿੰਘ ਨੇ ਇਕ ਬਾਟੇ ‘ਚ ਅੰਮ੍ਰਿਤ ਛਕਾ ਕੇ ਊਚ-ਨੀਚ ਛੂਤ-ਛਾਤ ਤੇ ਮਾਲਕ ਮਜ਼ਦੂਰ ਦਾ ਰਿਸ਼ਤਾ ਖ਼ਤਮ ਕਰ ਦਿਤਾ ਸੀ ਪਰ ਅੱਜ ਗੁਰਦਵਾਰਿਆਂ ‘ਚ ਖ਼ੁਸ਼ੀ-ਗ਼ਮੀ ਦੇ ਦਿਤੇ ਜਾਂਦੇ ਹੋਕਿਆਂ ‘ਚ ਸਿੱਖ ਦਾ ਬਾਅਦ ‘ਚ ਪਹਿਲਾਂ ਉਸ ਦੀ ਜਾਤ ਦਾ ਜ਼ਿਕਰ ਆਮ ਸੁਣਨ ਨੂੰ ਮਿਲ ਜਾਂਦਾ ਹੈ ਜਿਵੇਂ ਕਿਸੇ ਦੇ ਮੁੰਡੇ ਜਾਂ ਕੁੜੀ ਦੇ ਵਿਆਹ ਦੀ ਸੂਚਨਾ ਬੋਲਣ ਸਮੇਂ ‘ਫ਼ਲਾਣਾ ਸਿੰਘ ਮਜਹਬੀ ਸਿੱਖ, ਫ਼ਲਾਣਾ ਸਿੰਘ ਰਮਦਾਸੀਆ ਸਿੱਖ, ਫ਼ਲਾਣਾ ਸਿੰਘ ਮਹਿਰਾ ਸਿੱੱਖ’। ਕਈ ਬੇਨਤੀਕਰਤਾ ਤਾਂ ਨਾਂ ਦੇ ਪਿੱਛੇ ਸਿੱਖ ਲਾਉਣਾ ਵੀ ਜ਼ਰੂਰੀ ਨਹੀਂ ਸਮਝਦੇ ਸਿਰਫ਼ ‘ਮਜਹਬੀ, ਮਹਿਰਾ, ਰਮਦਾਸੀਆ’ ਆਦਿ ਬੋਲਦੇ ਹਨ। ਜਦੋਂ ਇਹ ਬੇਨਤੀ ਕਿਸੇ ਜੱਟ ਜਾਂ ਹੋਰ ਜਨਰਲ ਵਰਗ ਨਾਲ ਸਬੰਧਤ ਦੀ ਬੋਲਣੀ ਹੋਵੇ ਤਾਂ ਬੋਲਿਆ ਜਾਂਦਾ ਹੈ ‘ਭਾਈ ਸਾਹਿਬ ਭਾਈ ਫ਼ਲਾਣਾ ਸਿੰਘ ਦੀ’। ਕੀ ਇਹ ਗੁਰੂ ਘਰਾਂ ‘ਚ ਬੈਠ ਕੇ ਸਿੱਖ ਸਿਧਾਂਤਾਂ ਦੀ ਉਲੰਘਣਾ ਨਹੀਂ ਹੈ ਜਿਨ੍ਹਾਂ ਨੂੰ ਲਾਗੂ ਕਰਨ ਲਈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਅਪਣੇ ਪ੍ਰਵਾਰ ਤਕ ਵਾਰ ਦਿਤੇ?
ਮੈਂ ਕਿਸੇ ਜਾਤ ਵਰਗ ਨੂੰ ਨਹੀਂ ਮੰਨਦਾ ਫਿਰ ਕਿਸੇ ਵਰਗ ਦਾ ਵਿਰੋਧੀ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਸਿੱਖ ਵਿਚਾਰਧਾਰਾ ਨਾਲ ਜੁੜਿਆ ਹੋਣ ਤੇ ਜੋ ਹੋ ਰਿਹਾ ਹੈ ਉਸ ਦੀ ਇਤਿਹਾਸ ਮੁਤਾਬਕ ਸੱਚਾਈ ਪੇਸ਼ ਕਰ ਰਿਹਾ ਹਾਂ। ਵੱਡੀ ਗਿਣਤੀ ਗੁਰਦਵਾਰਿਆਂ ਤੇ ਬ੍ਰਾਹਮਣਵਾਦੀ ਵਿਚਾਰਧਾਰਾ ਵਿਚੋਂ ਪੈਦਾ ਹੋਏ ਡੇਰਾਵਾਦ ਤੋਂ ਪ੍ਰਭਾਵਤ ਜੱਟਵਾਦ ਦਾ ਕਬਜ਼ਾ ਹੋ ਗਿਆ ਹੈ ਜਿਨ੍ਹਾਂ ਨੇ ਗੁਰੂ ਮਰਿਆਦਾ ਨੂੰ ਛਿੱਕੇ ਟੰਗ ਕੇ ਗੁਰਦਵਾਰਿਆਂ ਨੂੰ ਡੇਰਾਵਾਦ ਦੀ ਮਰਿਆਦਾ ਅਨੁਸਾਰ ਚਲਾਉਣਾ ਸ਼ੁਰੂ ਕਰ ਦਿਤਾ। ਇਸ ਦਾ ਸਿੱਟਾ ਜਾਤੀਆਂ ਦੇ ਅਧਾਰ ਤੇ ਧੜਾ-ਧੜ ਬਣ ਰਹੇ ਗੁਰਦਵਾਰਿਆਂ ਤੋਂ ਮਿਲ ਰਿਹਾ ਹੈ। ਪਿੰਡਾਂ ‘ਚ ਜਾਤਾਂ ਦੇ ਆਧਾਰ ਤੇ ਬਣੇ ਅਲੱਗ-ਅਲੱਗ ਗੁਰਦਵਾਰਿਆਂ ਸਬੰਧੀ ਡੂੰਘਾਈ ਨਾਲ ਪੜਤਾਲ ਕਰਨ ਉਪਰੰਤ ਇਸ ਦਾ ਇਕ ਹੋਰ ਸੱਭ ਤੋਂ ਵੱਡਾ ਕਾਰਨ ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਚਲਾਉਣ ਲਈ ਬਣਾਈਆਂ ਜਾ ਰਹੀਆਂ ਕਮੇਟੀਆਂ ਬਣ ਰਹੀਆਂ ਹਨ। ਕਮੇਟੀ ਦੀ ਚੋਣ ਸਮੇਂ ਜ਼ਿਆਦਾਤਰ ਮੈਂਬਰ ਜੱਟ ਵਰਗ ਦੇ ਹੀ ਚੁਣੇ ਜਾਂਦੇ ਹਨ ਜੋ ਕਮੇਟੀ ਦੇ ਅਹੁਦੇਦਾਰ ਵੀ ਖ਼ੁਦ ਅਪਣੇ ਹੀ ਚੁਣਦੇ ਹਨ। ਕਮੇਟੀ ਵਿਚ ਦਲਿਤ ਵਰਗਾਂ ਦੇ ਜਾਤੀ ਦੇ ਹਿਸਾਬ ਨਾਲ ਇਕ-ਇਕ ਮੈਂਬਰ ਹੀ ਚੁਣਿਆ ਜਾਂਦਾ ਹੈ। ਉਹ ਵੀ ਸਿਰਫ਼ ਖ਼ਾਨਾਪੂਰਤੀ ਹੀ ਕੀਤੀ ਜਾਂਦੀ ਹੈ। ਕਮੇਟੀ ਵਲੋਂ ਕੋਈ ਮਤਾ ਪਾਉਣ ਸਮੇਂ ਉਨ੍ਹਾਂ ਦੀ ਕੋਈ ਰਾਏ ਨਹੀਂ ਲਈ ਜਾਂਦੀ।
‘ਗੁਰੂ ਕੀ ਗੋਲਕ ਗ਼ਰੀਬ ਦਾ ਮੂੰਹ’ ਵਾਲੀ ਕਹਾਵਤ ਵੀ ਸਿਰਫ਼ ਅਖਾਣਾਂ ਵਿਚ ਹੀ ਰਹਿ ਗਈ ਹੈ। ਹਕੀਕਤ ਵਿਚ ਇਨ੍ਹਾਂ ਪ੍ਰਬੰਧਕਾਂ ਵਲੋਂ ਗੁਰਦਵਾਰਿਆਂ ਨੂੰ ਅਪਣੀ ਨਿਜੀ ਜਾਇਦਾਦ ਵਾਂਗ ਵਰਤਿਆ ਜਾ ਰਿਹਾ ਹੈ। ਜੱਟਵਾਦੀਆਂ ਦੇ ਇਸੇ ਪੱਖਪਾਤੀ ਰਵਈਏ ‘ਚੋਂ ਪੈਦਾ ਹੋਈ ਨਫ਼ਰਤ ਵਿਚੋਂ ਇਕ ਵਖਰਾ ਗੁਰਦਵਾਰਾ ਬਣ ਜਾਂਦਾ ਹੈ। ਇਸ ਕਾਰਨ ਹੀ ਸਿੱਖਾਂ ਦਾ ਵੱਡਾ ਹਿੱਸਾ ਰਮਦਾਸੀਆ ਭਾਈਚਾਰਾ ਵੀ ਗੁਰੂ ਗ੍ਰੰਥ ਸਾਹਿਬ ਵਿਚੋਂ ਅਪਣਾ ਗ੍ਰੰਥ ਅਲੱਗ ਬਣਾਉਣ ਦਾ ਦਾਅਵਾ ਕਰ ਚੁਕਿਆ ਹੈ। ਬਰਾਬਰ ਸਨਮਾਨ ਨਾ ਮਿਲਣ ਕਾਰਨ ਹੀ ਸਿੱਖ ਪੰਥ ਲਈ ਸਿਰਮੌਰ ਕੁਰਬਾਨੀਆਂ ਦੇਣ ਵਾਲਾ ਮਜ਼ਹਬੀ ਸਿੱਖ ਭਾਈਚਾਰਾ ਅੱਜ ਪੰਥ ਨਾਲੋਂ ਟੁੱਟ ਕੇ ਡੇਰਿਆਂ ਅਤੇ ਹੋਰ ਧਰਮਾਂ ਦੀ ਸ਼ਰਨ ‘ਚ ਜਾਣ ਲਈ ਮਜਬੂਰ ਹੈ। ਦਲਿਤਾਂ ਲਈ ਬ੍ਰਾਹਮਣਵਾਦ ਵਾਲੀਆਂ ਨੀਤੀਆਂ ਨੂੰ ਦੁਹਰਾਉਂਦੇ ਜੱਟਵਾਦ ਵਲੋਂ ਕੀਤਾ ਜਾਂਦਾ ਜਾਤੀਵਾਦ ਦਾ ਵਿਤਕਰਾ ਸਿੱਖੀ ਸਿਧਾਂਤਾਂ ਦੇ ਸਰਬ ਸਾਂਝੇ ਬੂਟੇ ਲਈ ਸਿਊਂਕ ਬਣ ਚੁਕਿਆ ਹੈ। ਸਿੱਖੀ ਨੂੰ ਬਚਾਉਣ ਲਈ ਇਸ ਉਤੇ ਕਾਬੂ ਪਾਉਣਾ ਸਮੇਂ ਦੀ ਮੁੱਖ ਲੋੜ ਹੈ।-ਗੁਰਵਿੰਦਰ ਸੋਨੂੰ ਤੁੰਗਵਾਲੀ