ਤਰਲੋਚਨ ਸਿੰਘ/ਜੇਕੇ ਬੱਤਾ, ਮੁਲਾਂਪੁਰ : ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਭੜੌਂਜੀਆਂ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਸ਼ਹੀਦ ਨੇ ਅੰਤਿਮ ਦਰਸ਼ਨਾਂ ਵਾਸਤੇ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਲੇ-ਦੁਆਲੇ ਦੇ ਲਗਪਗ 20 ਤੋਂ 25 ਪਿੰਡਾਂ ਦੇ ਲੋਕ ਪੁੱਜੇ। ਸਥਾਨਕ ਪਾਰਟੀਆਂ ਦੇ ਵੱਖੋ-ਵੱਖਰੇ ਆਗੂ ਵੀ ਅੰਤਿਮ ਰਸਮਾਂ ‘ਚ ਸ਼ਾਮਲ ਹੋਏ।

ਬੇਟੇ ਨੇ ਫੌਜ ਦੀ ਵਰਦੀ ਪਾ ਕੇ ਦਿੱਤੀ ਪਿਤਾ ਨੂੰ ਅੰਤਿਮ ਵਿਦਾਈ

ਪਿੰਡ ਵਾਸੀ ਤਿਰੰਗੇ ਝੰਡੇ ਨਾਲ ਆਪਣੇ ਘਰਾਂ ਦੇ ਬਾਹਰ ਖੜ੍ਹੇ ਸਨ। ਸਾਰੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾ ਰਹੇ ਸਨ। ਸ਼ਹੀਦ ਮਨਪ੍ਰੀਤ ਸਿੰਘ ਦੇ ਪੁੱਤਰ ਨੇ ਫੌਜ ਦੀ ਵਰਦੀ ਪਾ ਕੇ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ। ਉਸ ਨੂੰ ਦੇਖ ਕੇ ਅੱਜ ਹਰ ਕਿਸੇ ਦੀਆਂ ਅੱਖਾਂ ਉਦਾਸ ਹਨ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਵੀ ਸ਼ਹੀਦ ਮਨਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਪਹੁੰਚੇ। ਭੈਣਾਂ ਨੇ ਸ਼ਹੀਦ ਹੋਏ ਭਰਾ ਨੂੰ ਰੱਖੜੀ ਭੇਟ ਕਰ ਕੇ ਅੰਤਿਮ ਵਿਦਾਈ ਦਿੱਤੀ।

ਮਾਂ ਦੀ ਵਾਰ-ਵਾਰ ਵਿਗੜ ਰਹੀ ਸਿਹਤ

ਮਨਪ੍ਰੀਤ ਦੇ ਚਾਚਾ ਹਰਮੇਲ ਸਿੰਘ ਨੇ ਦੱਸਿਆ ਕਿ ਸ਼ਹੀਦ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਦੀ ਸਿਹਤ ਵਾਰ-ਵਾਰ ਵਿਗੜ ਰਹੀ ਹੈ, ਜਿਸ ਕਾਰਨ ਡਾਕਟਰ ਨੂੰ ਘਰ ਹੀ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਮਨਪ੍ਰੀਤ ਨੂੰ ਇਨ੍ਹਾਂ ਗਲੀਆਂ ‘ਚ ਸਾਈਕਲ ‘ਤੇ ਸਕੂਲ ਅਤੇ ਕਾਲਜ ਆਉਂਦੇ ਦੇਖਿਆ ਸੀ।

ਮਨਪ੍ਰੀਤ ਦੇ ਨਾਂ ‘ਤੇ ਆਰਮੀ ਸਕੂਲ ਖੋਲ੍ਹਣ ਦੀ ਮੰਗ

ਕਿਸੇ ਨੂੰ ਵੀ ਉਸ ਦੀ ਇੰਨੀ ਉਡੀਕ ਨਹੀਂ ਸੀ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਰਿਵਾਰ ਨੂੰ ਇਹ ਦਿਨ ਦੇਖਣਾ ਪਵੇਗਾ। ਉਨ੍ਹਾਂ ਰੋਂਦੇ ਹੋਏ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪਿੰਡ ਵਿਚ ਕਰਨਲ ਮਨਪ੍ਰੀਤ ਦੇ ਨਾਂ ‘ਤੇ ਆਰਮੀ ਸਕੂਲ ਖੋਲ੍ਹਿਆ ਜਾਵੇ ਤਾਂ ਜੋ ਪਿੰਡ ਦੇ ਵੱਧ ਤੋਂ ਵੱਧ ਨੌਜਵਾਨ ਦੇਸ਼ ਦੇ ਕੰਮ ਆ ਸਕਣ।