ਸਥਾਪਤੀ ਕੋਲ ਬੰਦੇ ਦੇ ਕਤਲ ਦੇ ਕਈ ਔਜ਼ਾਰ ਹੁੰਦੇ ਹਨ। ਇਸ ਕਾਰਜ ਦੀ ਪੂਰਤੀ ਲਈ, ਉਸ ਕੋਲ, ਵੰਨ-ਸੁਵੰਨੇ ਢੰਗ-ਤਰੀਕਿਆਂ ਦੀ ਵੀ ਭਰਮਾਰ ਹੈ। …ਅਤੇ, ਕਤਲ ਸਿਰਫ਼ ਜਿਸਮਾਨੀ ਹੀ ਨਹੀਂ ਹੁੰਦਾ। ਬੰਦੇ ਦੀ ਬੰਦਿਆਈ ਨੂੰ, ਨਿਜ਼ਾਮ ਇਸ ਬਾਰੀਕ-ਬੀਨੀ ਅਤੇ ਕਲਾਤਮਕਤਾ ਨਾਲ ਕਤਲ ਕਰਦਾ ਹੈ ਕਿ ਬੰਦਾ ਨਾ ਜਿਊਂਦਿਆਂ ‘ਚ ਰਹਿੰਦਾ ਹੈ ਅਤੇ ਨਾ ਹੀ ਉਸ ਦਾ ਸ਼ੁਮਾਰ ਮੋਇਆ ਵਿਚ ਹੁੰਦਾ ਹੈ। ਉਹ ਇਕ ਜਿਊਂਦੀ ਲੋਥ ਬਣ ਕੇ ਰਹਿ ਜਾਂਦਾ ਹੈ। ਅਜਿਹੀ ਲੋਥ, ਜਿਸ ਦੀ ਵਿਅਕਤੀਗਤ ਆਜ਼ਾਦੀ, ਸੋਚ, ਅਹਿਸਾਸ, ਭਾਵਨਾਵਾਂ, ਜਜ਼ਬਾਤ ਆਦਿ ਦੀ ਕੀਮਤ ਕਈ ਵਾਰ ਉਸ ਦੇ ਆਪਣਿਆਂ ਸਾਹਮਣੇ ਵੀ ‘ਸ਼ੂਨਯ’ ਬਣ ਕੇ ਰਹਿ ਜਾਂਦੀ ਹੈ। ਉਹ ਆਪਣੇ, ਜਿਨ੍ਹਾਂ ਲਈ ਉਹ ਆਪਣੀ ਤਮਾਮ ਹਯਾਤੀ ਖਰਚ ਕਰ ਦਿੰਦਾ ਹੈ। ਧਰਮ/ਮਜ਼ਹਬ ਇਸ ‘ਮਹਾਨ ਉਦੇਸ਼’ ਦੀ ਪ੍ਰਾਪਤੀ ਲਈ ਸਥਾਪਤੀ ਦੇ ਸਭ ਤੋਂ ਵੱਡੇ ਹੱਥ-ਟੋਕੇ ਵਜੋਂ ਮੋਹਰੀ ਭੂਮਿਕਾ ਨਿਭਾਉਂਦਾ ਨਜ਼ਰ ਆਉਂਦਾ ਹੈ, ਜਿਸ ਦਾ ਇਸਤੇਮਾਲ ਸਥਾਪਤੀ ਵਲੋਂ ਬੰਦੇ ਦੀ ਆਜ਼ਾਦੀ ਨੂੰ ਦਾਇਰਿਆਂ ਤੇ ਕਥਿਤ ਮਰਿਆਦਾਵਾਂ ਵਿਚ ਕੈਦ ਕਰ ਕੇ ਆਪਣੇ ਲੁਕਵੇਂ ਮੁਫਾਦਾਂ ਦੀ ਪੂਰਤੀ ਲਈ ਕਰਨਾ ਹੁੰਦਾ ਹੈ।
ਸਥਾਪਤੀ ਦੀ ਇਸ ਕਰੂਰ ਸਾਜ਼ਿਸ਼ ਦਾ ਸ਼ਿਕਾਰ ਹੋਏ ਬੰਦੇ ਦੀ ਜ਼ਿੰਦਗੀ ‘ਤਮਾਸ਼ਾ’ ਬਣ ਕੇ ਰਹਿ ਜਾਂਦੀ ਹੈ। ਕੁੱਝ ਅਜਿਹੀ ਹੀ ਬਾਤ, ਵਿਲੱਖਣ ਅਤੇ ਹਿੰਮਤੀ ਵਿਸ਼ਿਆਂ ‘ਤੇ ਹੱਥ ਅਜ਼ਮਾਉਣ ਵਾਲੇ ਪਾਕਿਸਤਾਨੀ ਫਿਲਮਸਾਜ਼ ਸਰਮਦ ਖੂਸਟ ਦੀ ਫਿਲਮ ‘ਜ਼ਿੰਦਗੀ ਤਮਾਸ਼ਾ’ ਪਾਉਂਦੀ ਹੈ, ਜਿਹੜੀ ਕਿ ਭਾਵੇਂ ਸਾਲ 2019 ਵਿਚ ਬਣ ਕੇ ਤਿਆਰ ਹੋ ਗਈ ਸੀ ਅਤੇ ਜਿਸ ਨੇ ਕੁੱਝ ਕੌਮਾਂਤਰੀ ਪੁਰਸਕਾਰ ਵੀ ਆਪਣੀ ਝੋਲੀ ਪਾਏ ਪਰ ਆਪਣੇ ਦੇਸ਼ ਪਾਕਿਸਤਾਨ ਵਿਚ ਅਜੇ ਵੀ ਰਸਮੀ ਰਿਲੀਜ਼ ਲਈ ਜਦੋ-ਜਹਿਦ ਵਿਚ ਹੈ। ਇਸ ਸਭ ਤੋਂ ਪਰੇਸ਼ਾਨ ਖੂਸਟ ਨੇ ਆਪਣੀ ਫਿਲਮ ਨੂੰ ਵੀ ‘ਆਜ਼ਾਦ’ ਕਰ ਦਿੱਤਾ, ਉਸ ਨੇ ਆਖ਼ਰ ਇਸ ਫਿਲਮ ਨੂੰ ਯੂ-ਟਿਊਬ ‘ਤੇ ਰਿਲੀਜ਼ ਕਰ ਦਿੱਤਾ।
ਫਿਲਮ ਦਾ ਮੁੱਖ ਕਿਰਦਾਰ ਮੁਹੰਮਦ ਰਾਹਤ ਖਵਾਜਾ (ਆਰਿਫ ਹਸਨ) ਇਕ ਅੱਧਖੜ ਉਮਰ ਦਾ ਵਿਅਕਤੀ ਹੈ, ਜਿਸ ਦਾ ਆਪਣੇ ਦੀਨ ਅਤੇ ਇਮਾਨ ‘ਤੇ ਭਰਪੂਰ ਭਰੋਸਾ ਹੈ। ਲਾਹੌਰ ਸ਼ਹਿਰ ਦਾ ਇਹ ਵਾਸੀ ਪੇਸ਼ੇ ਤੋਂ ਇਕ ਰੀਅਲ ਅਸਟੇਟ ਬ੍ਰੋਕਰ ਹੈ ਅਤੇ ਪੰਜ ਵਕਤ ਦਾ ਨਮਾਜ਼ੀ ਹੈ। ਘਰ, ਮੁਹੱਲੇ ਅਤੇ ਸ਼ਹਿਰ ਵਿਚ ਉਸ ਨੂੰ ਬੜੀ ਇੱਜ਼ਤ ਤੇ ਅਹਿਤਿਰਾਮ ਨਾਲ ਵੇਖਿਆ ਜਾਂਦਾ ਹੈ, ਜਿਸ ਦਾ ਕਾਰਨ ਹਜਰਤ ਮੁਹੰਮਦ ਦੀ ਉਸਤਤ ਵਿਚ ਗਾਈ ਜਾਣ ਵਾਲੀ ਗਾਇਕੀ ਦੀ ਇਕ ਖ਼ਾਸ ਵੰਨਗੀ ‘ਨਾਤ’ ਉੱਪਰ ਉਸ ਦੀ ਮੁਹਾਰਤ ਹੈ। ਸ਼ਹਿਰ ਦੇ ਹਰੇਕ ਧਾਰਮਿਕ ਸਮਾਗਮ ਵਿਚ ਉਸ ਨੂੰ ਉਚੇਚੇ ਤੌਰ ‘ਤੇ ਬੁਲਾਇਆ ਜਾਂਦਾ ਹੈ। ਤਿੰਨ ਵਿਆਹੀਆਂ ਧੀਆਂ ਦਾ ਬਾਪ, ਘਰ ਮੰਜੇ ਨਾਲ ਲੱਗੀ ਬਿਮਾਰ ਪਤਨੀ ਦੀ ਪੂਰੀ ਦਿਆਨਤਦਾਰੀ ਨਾਲ ਸੇਵਾ ਕਰਦਾ ਹੈ। ਉਸ ਲਈ ਰੋਟੀ-ਪਾਣੀ ਦੇ ਆਹਰ ਤੋਂ ਇਲਾਵਾ ਉਸ ਦੇ ਕੱਪੜੇ ਧੋਣਾ ਅਤੇ ਉਸ ਦਾ ਹਰ ਤਰੀਕੇ ਨਾਲ ਖਿਆਲ ਰੱਖਣਾ, ਉਸ ਦੀ ਰੂਟੀਨ ਹੈ। ਆਪਣੀਆਂ ਧੀਆਂ, ਪਤਨੀ ਅਤੇ ਮੁਹੱਲੇ ਆਦਿ ਦੀਆਂ ਨਜ਼ਰਾਂ ਵਿਚ ਉਹ ਇਕ ਮਾਡਲ ਵਿਅਕਤੀ ਹੈ, ਜਿਸ ਵਿਚ ਉਹ ਹਰ ਗੁਣ ਵਿੱਦਮਾਨ ਹੈ ਜੋ ਸਮਾਜ ਦੀਆਂ ਨਜ਼ਰਾਂ ਵਿਚ ਇਕ ਇਮਾਨ ਦੇ ਪੱਕੇ ਬੰਦੇ ਵਿਚ ਹੋਣਾ ਚਾਹੀਦਾ ਹੈ।
ਸਭ ਕੁੱਝ ਠੀਕ ਚਲ ਰਿਹਾ ਹੁੰਦਾ ਹੈ ਕਿ ਮੁੱਖ ਕਿਰਦਾਰ ਰਾਹਤ ਦੀ ਜ਼ਿੰਦਗੀ ਦਾ ਇਕ ਅਹਿਮ ਪਹਿਲੂ ਗੁਆਂਢ ਵਿਚ ਹੋ ਰਹੀ ਸ਼ਾਦੀ ਮੌਕੇ ਸਾਹਮਣੇ ਆਉਂਦਾ ਹੈ। ਬਾਲ ਉਮਰੇ ਉਸ ਨੂੰ ਕੁੜੀਆਂ ਦੇ ਕੱਪੜੇ ਪਾ ਕੇ ਨੱਚਣ ਦਾ ਸ਼ੌਕ ਸੀ ਪਰ ਪਿਤਾ ਦੀ ਝਿੜਕ ਤੇ ਮਾਰ ਦੀ ਵਜ੍ਹਾ ਕਰ ਕੇ ਉਸ ਨੂੰ ਆਪਣਾ ਇਹ ਸ਼ੌਕ ਤਿਆਗਣਾ ਪਿਆ। ਉਸ ਦੇ ਬਚਪਨ ਦੇ ਬੇਲੀਆਂ ਨੂੰ ਇਸ ਗੱਲ ਦਾ ਇਲਮ ਸੀ। ਰਾਹਤ ਦੀ ਸਭ ਤੋਂ ਮਨਪਸੰਦ ਆਦਾਕਾਰਾ ਆਸੀਆ ਬੇਗ਼ਮ ਸੀ, ਜਿਸ ਦੀ 1974 ਵਿੱਚ ਛਾਇਆ ਹੋਈ ਫਿਲਮ ‘ਨੌਕਰ ਵਹੁੱਟੀ ਦਾ’ ਦਾ ਗੀਤ ‘ਜ਼ਿੰਦਗੀ ਤਮਾਸ਼ਾ ਬਣੀ’ ਹਰ ਵੇਲੇ ਉਸ ਦੀ ਜ਼ੁਬਾਨ ‘ਤੇ ਹੁੰਦਾ ਸੀ। ਦੋਸਤਾਂ ਦੇ ਇਸਰਾਰ ‘ਤੇ ਉਹ ਇਸ ਗੀਤ ‘ਤੇ ਆਲਾ-ਦੁਆਲਾ ਭੁੱਲ ਕੇ ਪੂਰੀ ਅਦਾਵਤ ਨਾਲ ਨੱਚਦਾ ਹੈ। ਉਸ ਦੇ ਨਾਚ ਦੀ ਵੀਡੀਓ ਬਣਾ ਕੇ ਕੋਈ ਸੋਸ਼ਲ ਮੀਡਆ ‘ਤੇ ਪਾ ਦਿੰਦਾ ਹੈ; ਜੋ ਵਾਇਰਲ ਹੋ ਜਾਂਦੀ ਹੈ। ਇੱਥੋਂ ਉਸ ਦੀ ਜ਼ਿੰਦਗੀ ਅਜਿਹਾ ਮੋੜ ਮੁੜਦੀ ਹੈ ਕਿ ‘ਤਮਾਸ਼ਾ’ ਬਣ ਕੇ ਰਹਿ ਜਾਂਦੀ ਹੈ। ਇੱਥੇ ਹੀ ਫਿਲਮ ਇਕ ਬਹੁਤ ਵੱਡਾ ਸਵਾਲ ਪੈਦਾ ਕਰਦੀ ਹੈ ਕਿ ਸੂਚਨਾ ਕ੍ਰਾਂਤੀ ਦੇ ਇਸ ਦੌਰ ਵਿਚ ਨਿੱਜਤਾ ਕਿੱਥੇ ਹੈ ਅਤੇ ਇਸ ਨੂੰ ਲੈ ਕੇ ਸਮਾਜਿਕ ਪਹੁੰਚ ਕਿਸ ਤਰ੍ਹਾਂ ਦੀ ਹੈ? ਘਰ, ਪਰਿਵਾਰ, ਸਮਾਜ ਦਾ ਦੋਗਲਾ ਚਿਹਰਾ ਜਿਸ ਕਰੂਰਤਾ ਨਾਲ ਇਸ ਘਟਨਾ ਤੋਂ ਬਾਅਦ ਸਾਹਮਣੇ ਆਉਂਦਾ ਹੈ ਕਿ ਦਰਸ਼ਕ ਆਪਣੇ ਆਲੇ-ਦੁਆਲੇ ਅਜਿਹੇ ਕਿਰਦਾਰਾਂ ਦੀ ਸ਼ਨਾਖ਼ਤ ਕਰਨ ਲਈ ਮਜਬੂਰ ਹੋ ਜਾਂਦਾ ਹੈ। ਉਸ ਦੀ ਹਾਈਅਲੀ ਐਜੂਕੇਟਿਡ ਬੇਟੀ, ਜੋ ਕਿ ਇਕ ਸਥਾਨਕ ਖ਼ਬਰੀਆ ਚੈਨਲ ‘ਚ ਪ੍ਰੋਡਿਊਸਰ ਹੈ ਅਤੇ ਕਥਿਤ ਮਾਡਰਨ ਸਮਾਜ ਵਿਚ ਪੈਰ ਧਰਦੀ ਹੈ, ਸਭ ਤੋਂ ਪਹਿਲਾਂ ਆਪਣੇ ਬਾਪ ਤੋਂ ਮੂੰਹ ਮੋੜਦੀ ਹੈ। ਉਸ ਦਾ ਆਂਢ-ਗੁਆਂਢ, ਸ਼ਰੀਕਾ-ਭਾਈਚਾਰਾ, ਮੁਹੱਲੇਦਾਰ ਸਭ ਦਾ ਨਜ਼ਰੀਆ ਇਕਦਮ ਤਬਦੀਲ ਹੋ ਜਾਂਦਾ ਹੈ; ਜਿਵੇਂ, ਉਸ ਨੇ ਕੋਈ ਗੰਭੀਰ ਜੁਰਮ ਕਰ ਦਿੱਤਾ ਹੋਵੇ। ਇਸ ਸਮੱਸਿਆ ਦੇ ਹੱਲ ਲਈ ਮੌਲਵੀ ਦੇ ਸਾਹਮਣੇ ਮਾਫ਼ੀ ਰਿਕਾਰਡ ਕਰਵਾਉਣ ਦੀ ਤਰਕੀਬ ਆਉਂਦੀ ਹੈ ਤਾਂ ਕਿ ਸੋਸ਼ਲ ਮੀਡੀਆ ‘ਤੇ ਨਸ਼ਰ ਕਰ ਕੇ ਉਸ ਦੇ ਦਾਗ਼ ਧੋਤੇ ਜਾਣ। ਉਹ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਜਦੋਂ ਮੌਲਵੀ ਵਲੋਂ ਇੰਤਹਾ ਹੋ ਜਾਂਦੀ ਹੈ ਤਾਂ ਉਹ ਮੌਲਵੀ ਨੂੰ ਹੀ ਸ਼ੀਸ਼ਾ ਦਿਖਾ ਕੇ ਭਜਾ ਦਿੰਦਾ ਹੈ। ਘਰ, ਬਾਹਰ ਉਸ ਦਾ ਅਜਿਹਾ ਬਾਈਕਾਟ ਹੁੰਦਾ ਹੈ ਕਿ ਉਸ ਨੂੰ ਵਿਆਹ-ਸ਼ਾਦੀ ਤੋਂ ਲੈ ਕੇ ਧਾਰਮਿਕ ਸਮਾਗਮਾਂ ਤੱਕ ਵਿਚੋਂ ਛੇਕ ਦਿੱਤਾ ਜਾਂਦਾ ਹੈ। ਹਰ ਘੜੀ ਉਸ ਦਾ ਸਾਥ ਦੇਣ ਵਾਲੀ ਉਸ ਦੀ ਬਿਮਾਰ ਪਤਨੀ ਵੀ ਇਕ ਦਿਨ ਜਹਾਨੋਂ ਰੁਖ਼ਸਤ ਹੋ ਜਾਂਦੀ ਹੈ ਅਤੇ ਉਹ ਤਮਾਸ਼ਾ ਬਣੀ ਜ਼ਿੰਦਗੀ ਨਾਲ ਅਖ਼ੀਰ ਤਕ ਜੂਝਦਾ ਰਹਿੰਦਾ ਹੈ। ਸਥਾਪਤੀ ਤੇ ਸਮਾਜ ਇਕ ਵਿਅਕਤੀ ਪ੍ਰਤੀ ਕਿੰਨਾ ਕਰੂਰ ਹੋ ਸਕਦਾ ਹੈ ਅਤੇ ਉਸ ਵਿਅਕਤੀ ਦੀ ਜੰਗ ਅਤੇ ਬਿਹਤਰ ਜ਼ਿੰਦਗੀ ਦੀ ਚਾਹਤ ਇਸ ਫ਼ਿਲਮ ਨੂੰ ਪਾਕਿਸਤਾਨੀ ਦੀ ਵਿਸ਼ਵ ਪੱਧਰੀ ਫਿਲਮ ਬਣਾਉਂਦੀ ਹੈ।
ਤੀਜੀ ਪੀੜ੍ਹੀ ਦੀ ਪ੍ਰਤੀਨਿੱਧਤਾ
ਸਿਰਮਦ ਖੂਸਟ ਫਿਲਮਸਾਜ਼ੀ ਵਿਚ ਆਪਣੇ ਖ਼ਾਨਦਾਨ ਦੀ ਤੀਸਰੀ ਪੀੜ੍ਹੀ
ਦੀ ਪ੍ਰਤੀਨਿੱਧਤਾ ਕਰ ਰਿਹਾ ਹੈ। ਬੋਲਡ ਤੇ ਸੰਵੇਦਨਸ਼ੀਲ ਮੁੱਦਿਆਂ ‘ਤੇ ਸਹਿਜਤਾ ਤੇ ਕਲਾਤਮਕਤਾ ਨਾਲ ਫਿਲਮ ਬਣਾਉਣਾ ਉਸ ਦੇ ਘਰਾਣੇ ਦੀ ਖ਼ਾਸੀਅਤ ਹੈ। ਫਿਲਮ ‘ਜ਼ਿੰਦਗੀ ਤਮਾਸ਼ਾ’ ਵੀ ਬੜੇ ਸੰਵੇਦਨਸ਼ੀਲ ਤੇ ਬੋਲਡ ਵਿਸ਼ੇ ਬਣੀ ਇਕ ਕਲਾਤਮਕ ਫਿਲਮ ਹੈ, ਜੋ ਸੋ ਕਾਲਡ ਸੱਭਿਅਕ ਸਮਾਜ ਦੀ ਕਈ ਪੱਖਾਂ ਤੋਂ ਕਲੱਈ ਖੋਲ੍ਹਦੀ ਹੈ। ਵਧੀਆ ਸਟੋਰੀ ਲਾਈਨ, ਸਕ੍ਰੀਨਪਲੇਅ, ਅਦਾਕਾਰੀ ਤੇ ਹਦਾਇਤਕਾਰੀ ਨੇ ਇਸ ਫਿਲਮ ਨੂੰ ਯਾਦ ਰੱਖਣ ਤੇ ਸੋਚਣ ਲਈ ਮਜਬੂਰ ਕਰਨ ਵਾਲੀ ਫਿਲਮ ਬਣਾਇਆ ਹੈ।
– ਰਾਕੇਸ਼ ਆਨੰਦ


