ਸਰੀ, ਬੀ.ਸੀ.- 2025 ਕੈਨੇਡਾ ਕੱਪ ਇੰਟਰਨੈਸ਼ਨਲ ਸੌਫ਼ਟਬਾਲ ਚੈਂਪੀਅਨਸ਼ਿਪ 4 ਤੋਂ 13 ਜੁਲਾਈ ਤੱਕ ਸਰੀ ਦੇ ਸੌਫ਼ਟਬਾਲ ਸਿਟੀ ਵਿਖੇ ਹੋਵੇਗੀ। ਇਸ ਟੂਰਨਾਮੈਂਟ ਵਿੱਚ ਚੋਟੀ ਦੀਆਂ ਰਾਸ਼ਟਰੀ ਟੀਮਾਂ, ਕਾਲਜੀਏਟ ਪ੍ਰੋਗਰਾਮ ਅਤੇ ਉੱਚ-ਪ੍ਰਦਰਸ਼ਨ ਵਾਲੀਆਂ ਨੌਜਵਾਨ ਟੀਮਾਂ ਸਮੇਤ ਦੁਨੀਆਂ ਭਰ ਦੀਆਂ ਮਹਿਲਾ ਐਥਲੀਟ ਸ਼ਾਮਿਲ ਹੋਣਗੀਆਂ। ਕੈਨੇਡਾ ਸੌਫ਼ਟਬਾਲ ਇੱਕ ਵਿਸ਼ਵ-ਪੱਧਰੀ ਮਹਿਲਾ ਸੌਫ਼ਟਬਾਲ ਈਵੈਂਟ ਹੈ, ਜਿਹੜਾ ਪ੍ਰਸ਼ੰਸਕਾਂ ਨੂੰ ਪਰਿਵਾਰ ਅਨੁਕੂਲ ਮਾਹੌਲ ਵਿੱਚ ਉਤਸ਼ਾਹਜਨਕ ਅਤੇ ਉੱਚ-ਪੱਧਰੀ ਖੇਡਾਂ ਦੀ ਪੇਸ਼ਕਸ਼ ਕਰਦਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਇੱਕ ਵਾਰ ਫਿਰ ਕੈਨੇਡਾ ਕੱਪ ਦੀ ਮੇਜ਼ਬਾਨੀ ਕਰਨ ਦਾ ਸਰੀ ਨੂੰ ਮਾਣ ਹੈ, ਇਹ ਇੱਕ ਅਜਿਹਾ ਪ੍ਰਮੁੱਖ ਸਮਾਗਮ ਹੈ, ਜਿਸ ਵਿੱਚ ਦੁਨੀਆਂ ਭਰ ਦੀਆਂ ਮਹਿਲਾ ਐਥਲੀਟਾਂ ਦੀ ਲਾਸਾਨੀ ਪ੍ਰਤਿਭਾ ਅਤੇ ਸਮਰਪਣ ਦਾ ਪ੍ਰਗਟਾਵਾ ਹੁੰਦਾ ਹੈ। ਇਹ ਟੂਰਨਾਮੈਂਟ ਸਾਡੇ ਸ਼ਹਿਰ ਵਿੱਚ ਨਾ ਸਿਰਫ਼ ਮੁਕਾਬਲੇ ਲੈ ਕੇ ਆਉਂਦਾ ਹੈ, ਸਗੋਂ ਸਾਡੇ ਭਾਈਚਾਰੇ ਦੇ ਨੌਜਵਾਨਾਂ ਨੂੰ ਆਪਣੇ ਖੇਡ-ਸੁਪਨਿਆਂ ਨੂੰ ਪੂਰਾ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ। ਖੇਡਾਂ ਦੇ ਯਾਦ ਰੱਖਣ ਯੋਗ ਅਨੁਭਵ ਲਈ ਦੂਰੋਂ-ਨੇੜਿਓਂ ਆ ਰਹੇ ਖਿਡਾਰੀਆਂ, ਪਰਿਵਾਰਾਂ ਅਤੇ ਦਰਸ਼ਕਾਂ ਦਾ ਅਸੀਂ ਸੌਫ਼ਟਬਾਲ ਸਿਟੀ ਵਿੱਚ ਸੁਆਗਤ ਕਰਨ ਦੀ ਤਾਂਘ ‘ਚ ਹਾਂ।”
ਕੈਨੇਡੀਅਨ ਐਮੇਚਿਓਰ ਸਪੋਰਟ ਸੋਸਾਇਟੀ ਵੱਲੋਂ ਆਯੋਜਿਤ ਇਸ ਟੂਰਨਾਮੈਂਟ ਨੂੰ 5000 ਡਾਲਰ ਦੀ ਸਪੋਰਟ ਟੂਰਿਜ਼ਮ ਗਰਾਂਟ ਪ੍ਰਾਪਤ ਹੋਈ ਹੈ ਅਤੇ ਇਹ ਪੋਸਟ-ਸੈਕੰਡਰੀ ਸਪੋਰਟਸ ਸਕਾਲਰਸ਼ਿਪ ਦੀ ਮੰਗ ਰੱਖਣ ਵਾਲੇ ਨੌਜਵਾਨ ਐਥਲੀਟਾਂ ਲਈ ਇੱਕ ਪ੍ਰਮੁੱਖ ਪਲੇਟਫ਼ਾਰਮ ਵਜੋਂ ਕੰਮ ਕਰਦਾ ਹੈ।
ਟਿਕਟਾਂ ਦੇ ਪੈਕੇਜ ਹੁਣ ਵਿਕਰੀ ‘ਤੇ ਹਨ, ਪੂਰੇ ਟੂਰਨਾਮੈਂਟ ਦੇ ਪਾਸ ਉਮਰ ਅਤੇ ਡਿਵੀਜ਼ਨ ਦੇ ਆਧਾਰ ’ਤੇ 45 ਡਾਲਰ ਤੋਂ 198 ਡਾਲਰ ਤੱਕ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦਾਖਲਾ ਮੁਫ਼ਤ ਹੈ ਅਤੇ ਟਿਕਟਾਂ ਰੋਜ਼ਾਨਾ ਵੀ ਲਈਆਂ ਜਾ ਸਕਦੀਆਂ ਹਨ। ਐਕਸਪੋਜ਼ਰ ਇਵੈਂਟਸ (Exposure Events) ਦੇ ਜ਼ਰੀਏ ਟੀਮ ਰਜਿਸਟਰੇਸ਼ਨ ਖੁੱਲ੍ਹੀ ਹੈ ਅਤੇ ਸਾਰੀਆਂ ਡਿਵੀਜ਼ਨਾਂ ਦੇ ਪੂਰੀ ਸਮਰੱਥਾ ਤੱਕ ਭਰਨ ਦੀ ਉਮੀਦ ਹੈ।
ਸ਼ਹਿਰ ਦੀ ਟੂਰਿਜ਼ਮ ਬਾਰੇ ਰਣਨੀਤੀ ਦਾ ਉਦੇਸ਼ ਸਰੀ ਨੂੰ ਸੈਰ-ਸਪਾਟਾ ਉਦਯੋਗ ਵਿੱਚ ਇੱਕ ਮੋਹਰੀ ਵਜੋਂ ਅੱਗੇ ਲਿਆਉਣਾ, ਆਰਥਿਕ ਲਾਭ ਅਤੇ ਖੇਡ ਵਿਕਾਸ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ।
ਸਰੀ ਵਿੱਚ ਸਮਾਗਮਾਂ ਦੀ ਮੇਜ਼ਬਾਨੀ ਬਾਰੇ ਵਧੇਰੇ ਜਾਣਕਾਰੀ ਲਈ, surrey.ca/ sportsurrey ‘ਤੇ ਜਾਓ।