Skip to content
Sunday, October 18, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ

By Admin Published 4 min read

ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ

ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਦੇ ਲਿਵਰਮੋਰ ਸਥਿਤ ਗ੍ਰਹਿ ਵਿਖੇ ਇੱਕ ਮਾਸਿਕ ਸਾਹਿਤਕ ਮਿਲਣੀ ਕਰਵਾਈ ਗਈ। ਇਹ ਮਿਲਣੀ ਜਿੱਥੇ ਕਵਿਤਾ ਦੇ ਅਰਥਾਂ ਅਤੇ ਸਮਾਜਿਕ ਸਰੋਕਾਰਾਂ ‘ਤੇ ਗੰਭੀਰ ਸੰਵਾਦ ਦਾ ਕੇਂਦਰ ਬਣੀ, ਉੱਥੇ ਹੀ ਪ੍ਰਸਿੱਧ ਸਾਹਿਤਕਾਰ ਸੰਤੋਖ ਸਿੰਘ ਮਿਨਹਾਸ ਦਾ ਨਵਾਂ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਅਤੇ ‘ਪੰਜਾਬੀਅਤ’ ਰਸਾਲੇ ਦਾ ਨਵਾਂ ਅੰਕ ਵੀ ਲੋਕ-ਅਰਪਣ ਕੀਤਾ ਗਿਆ।

ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਜਸਵੀਰ ਗਿੱਲ, ਡਾ. ਸੁਖਵਿੰਦਰ ਕੰਬੋਜ, ਕੁਲਵਿੰਦਰ, ਹਰਜਿੰਦਰ ਕੰਗ ਅਤੇ ਪ੍ਰਿਥੀਪਾਲ ਸਿੰਘ ਸੋਹੀ ਸ਼ਾਮਲ ਹੋਏ। ਸਮਾਗਮ ਦੇ ਸ਼ੁਰੂ ਵਿੱਚ ਜਗਜੀਤ ਨੌਸ਼ਹਿਰਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਡਾ. ਜਸਵੀਰ ਸਿੰਘ ਗਿੱਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਆਨਰੇਰੀ ਡਾਕਟਰੇਟ’ ਦੀ ਡਿਗਰੀ ਹਾਸਲ ਕਰਨ ‘ਤੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਮੁਬਾਰਕਬਾਦ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਲਾਜ ਨੀਲਮ ਸੈਣੀ ਨੇ ਬਾਖ਼ੂਬੀ ਨਿਭਾਈ।

ਵਿਚਾਰ-ਚਰਚਾ ਦੇ ਪਹਿਲੇ ਦੌਰ ਵਿੱਚ ਬੁਲਾਰਿਆਂ ਨੇ ਕਵਿਤਾ ਦੀ ਸੂਖ਼ਮਤਾ ਅਤੇ ਇਸ ਦੇ ਮਨੁੱਖੀ ਜੀਵਨ ‘ਤੇ ਪ੍ਰਭਾਵ ਬਾਰੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਜਗਜੀਤ ਨੌਸ਼ਹਿਰਵੀ ਨੇ ਕਿਹਾ ਕਿ ਕਵਿਤਾ ਬਾਕੀ ਸਭ ਕਲਾਵਾਂ ਨਾਲ਼ੋਂ ਸੂਖ਼ਮ ਹੈ। ਸੁਰਜੀਤ ਸਖੀ ਅਨੁਸਾਰ ਕਵਿਤਾ ਦਾ ਮੂਕ ਸ੍ਰੋਤ ਭਾਵਨਾਵਾਂ ਹਨ, ਜਿਸ ਵਿੱਚ ਜੀਵਨ ਦੇ ਰੰਗ ਅਤੇ ਕੁਦਰਤ ਦੀ ਵੰਨ-ਸੁਵੰਨਤਾ ਹੁੰਦੀ ਹੈ। ਹਰਿੰਦਰ ਕੌਰ ਸੋਹੀ ਨੇ ਐਸ. ਐਸ. ਮੀਸ਼ਾ ਦੀ ਕਵਿਤਾ ‘ਚੀਕ ਬੁਲਬੁਲੀ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਵਿਤਾ ਮਨ ਦੀ ਭੜਾਸ ਕੱਢਣ, ਹੌਸਲੇ ਬੁਲੰਦ ਕਰਨ ਅਤੇ ਹਾਕਮ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਜ਼ਰੀਆ ਹੈ।

ਅਮਰਜੀਤ ਕੌਰ ਪੰਨੂੰ ਨੇ ਕਿਹਾ ਕਿ ਕਵਿਤਾ ਦੇ ਅਰਥ ਅੱਖਰਾਂ ਦੇ ਪਿੱਛੇ ਲੁਕੇ ਬਿੰਬਾਂ ਵਿੱਚ ਹੁੰਦੇ ਹਨ, ਜਦਕਿ ਡਾ. ਸੁਖਵਿੰਦਰ ਕੰਬੋਜ ਨੇ ਭਾਵਾਂ ਦੇ ਕਥਾਰਸਿਸ (ਨਿਕਾਸ) ਨੂੰ ਹੀ ਕਵਿਤਾ ਦੱਸਿਆ। ਹਰਜਿੰਦਰ ਕੰਗ ਨੇ ਕਿਹਾ ਕਿ ਕਵਿਤਾ ਮਨੁੱਖ ਨੂੰ ਆਪੇ ਦੇ ਸਨਮੁਖ ਕਰਦੀ ਹੈ ਅਤੇ ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਕਵਿਤਾ ਨੂੰ ਰੂਹ ਨੂੰ ਸਰਸ਼ਾਰ ਕਰਨ ਵਾਲੀ ਵਿਧਾ ਦੱਸਿਆ। ਉਨ੍ਹਾਂ ਮਾਣ ਜਤਾਇਆ ਕਿ ਕੰਗ ਦੀ ਕਵਿਤਾ ਪਾਕਿਸਤਾਨ ਅਤੇ ਕੁਲਵਿੰਦਰ ਦੇ ਸ਼ੇਅਰ ਬਠਿੰਡੇ ਵਿੱਚ ਆਮ ਲੋਕਾਂ ਦੀ ਉਦਾਸੀ ਦੂਰ ਕਰ ਰਹੇ ਹਨ।

ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਕਿਸਾਨ ਮੋਰਚੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਮੰਤਵ ਲਈ ਲਿਖੀ ਕਵਿਤਾ ਲੋਕਾਂ ਦੇ ਮਨਾਂ ਦੀਆਂ ਪਰਤਾਂ ਵਿੱਚ ਲਹਿੰਦੀ ਹੈ। ਕਵਿਤਾ ਦੇ ਵਿਸ਼ਾਲ ਦਾਇਰੇ ‘ਤੇ ਰੌਸ਼ਨੀ ਪਾਉਂਦਿਆਂ ਜਸਵੀਰ ਸਿੰਘ ਧੀਮਾਨ  ਨੇ ਕਿਹਾ ਕਿ ਕਵਿਤਾ ਆਪੇ ਦੀ ਤਲਾਸ਼ ਹੈ, ਅਮਰਜੀਤ ਸਿੰਘ ਜੌਹਲ ਨੇ ਕਿਹਾ ਕਿ ਕਵਿਤਾ ਰੂਹ ਦੀ ਤ੍ਰਿਪਤੀ ਅਤੇ ਲਾਜ ਨੀਲਮ ਸੈਣੀ  ਨੇ ਕਿਹਾ ਕਿ ਮਨੁੱਖ ਨੂੰ ਮਨੁੱਖ ਬਣਾਈ ਰੱਖਣ ਵਾਲੀ ਤਾਕਤ ਹੈ। ਇਸ ਸੰਵਾਦ ਵਿੱਚ ਸੰਤੋਖ ਸਿੰਘ ਮਿਨਹਾਸ, ਪ੍ਰੋ. ਸੁਖਦੇਵ ਸਿੰਘ ਅਤੇ ਅਵਤਾਰ ਗੋਂਦਾਰਾ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ।

ਸਮਾਗਮ ਦੇ ਦੂਜੇ ਦੌਰ ਵਿੱਚ ਪ੍ਰਸਿੱਧ ਗਾਇਕ ਸੁਖਦੇਵ ਸਾਹਿਲ ਨੇ ਆਪਣੀ ਸੁਰਮਈ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਇਸ ਤੋਂ ਬਾਅਦ ਸੰਤੋਖ ਸਿੰਘ ਮਿਨਹਾਸ ਦਾ ਚੌਥਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਅਤੇ ਸੰਤੋਖ ਸਿੰਘ ਮਿਨਹਾਸ ਤੇ ਅਵਤਾਰ ਗੋਂਦਾਰਾ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਰਸਾਲੇ ‘ਪੰਜਾਬੀਅਤ’ ਦਾ ਨਵਾਂ ਅੰਕ ਲੋਕ-ਅਰਪਣ ਕੀਤਾ ਗਿਆ। ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਜਗਜੀਤ ਨੌਸ਼ਹਿਰਵੀ ਨੇ ਕਿਹਾ ਕਿ ਸੰਤੋਖ ਮਿਨਹਾਸ ਇੱਕ ਬਹੁ-ਵਿਧਾਵੀ ਸ਼ਖ਼ਸੀਅਤ (ਕਵੀ, ਵਾਰਤਾਕਾਰ, ਐਡੀਟਰ, ਰੇਡੀਓ-ਟੀਵੀ ਹੋਸਟ) ਹਨ ਅਤੇ ਉਨ੍ਹਾਂ ਦੀ ਇਹ ਕਿਤਾਬ ਪੰਜਾਬੀ ਕਵਿਤਾ ਵਿੱਚ ਇੱਕ ਜ਼ਿਕਰਯੋਗ ਵਾਧਾ ਹੈ।

ਆਖਰੀ ਦੌਰ ਵਿਚ ਇੱਕ ਸ਼ਾਨਦਾਰ ਕਵੀ ਦਰਬਾਰ ਸਜਾਇਆ ਗਿਆ। ਇਸ ਵਿੱਚ ਅਮਰਜੀਤ ਜੌਹਲ, ਅਮਰਜੀਤ ਕੌਰ ਪੰਨੂੰ, ਹਰਿੰਦਰ ਸੋਹੀ, ਸੰਤੋਖ ਸਿੰਘ ਮਿਨਹਾਸ, ਹਰਜਿੰਦਰ ਕੰਗ, ਸੁਰਜੀਤ ਸਖੀ, ਜਗਜੀਤ ਨੌਸ਼ਹਿਰਵੀ, ਜਸਵੀਰ ਸਿੰਘ ਧੀਮਾਨ, ਲਾਜ ਨੀਲਮ ਸੈਣੀ, ਪ੍ਰੋ. ਸੁਰਿੰਦਰ ਸਿੰਘ ਸੀਰਤ, ਕੁਲਵਿੰਦਰ ਅਤੇ ਡਾ. ਜਸਵੀਰ ਸਿੰਘ ਗਿੱਲ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਡਾ. ਗਿੱਲ ਨੇ ਆਪਣੀਆਂ ਹਾਸ-ਰਸ ਕਵਿਤਾਵਾਂ ਨਾਲ ਮਹਿਫਿਲ ਵਿੱਚ ਖੇੜਾ ਬਿਖੇਰ ਦਿੱਤਾ।

ਇਸ ਇਕੱਤਰਤਾ ਵਿੱਚ ਗੁਲਸ਼ਨ ਦਿਆਲ, ਸੋਨੂੰ ਸਾਹਿਲ, ਕੰਵਲਦੀਪ ਕੌਰ, ਬਰਜਿੰਦਰ ਸਿੰਘ, ਜੋਤੀ, ਜੇਅ ਸੰਧੂ, ਮਨਜੀਤ ਕੌਰ ਅਤੇ ਅਭੀਤਾਬ ਸੈਣੀ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ। ਅੰਤ ਵਿੱਚ ਵਿਪਸਾਅ ਦੇ ਪ੍ਰਧਾਨ ਕੁਲਵਿੰਦਰ ਨੇ ਸਮੂਹ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਜਗਜੀਤ ਨੌਸ਼ਹਿਰਵੀ ਤੇ ਰਿੰਮੀ ਸੰਧੂ ਵੱਲੋਂ ਕੀਤੀ ਗਈ ਨਿੱਘੀ ਮਹਿਮਾਨ ਨਿਵਾਜੀ ਲਈ ਸ਼ੁਕਰਾਨਾ ਕਰਦਿਆਂ ਸੰਸਥਾ ਦੇ ਅਗਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਸਾਂਝੀ ਕੀਤੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp