(ਗਿਆਨ ਸਿੰਘ ਕੋਟਲੀ ਵੈਨਕੂਵਰ)
ਕੁਦਰਤ ਦੀ ਕੀਰਤੀ ਦਾ,ਅਪਮਾਨ ਕਰ ਨਾ ਬੰਦੇ ।
ਸੁਹਜਾਂ ਦੇ ਗੁਲਸਤਾਂ ਨੂੰ , ਵੀਰਾਨ ਕਰ ਨਾ ਬੰਦੇ ।
—-
ਦੁਨੀਆਂ ਦੇ ਬਾਗ ਅੰਦਰ, ਮਾਨਵ ਨੇ ਫੁੱਲ ਸਾਰੇ,
ਫੁੱਲਾਂ ਨੂੰ ਤੋੜਨੇ ਦਾ, ਐਲਾਨ ਕਰ ਨਾ ਬੰਦੇ ।
—-
ਕਿਧਰੇ ਹੈ ਧਰਤ ਲੂਹੀ, ਲੂਹਿਆ ਆਕਾਸ਼ ਕਿਧਰੇ ,
ਹਰ ਥਾਂ ਬਾਰੂਦ ਅੱਗ ਦਾ, ਰੱਥਵਾਨ ਕਰ ਨਾ ਬੰਦੇ ।
—–
ਨਗਰੀ ਮਨੁੱਖਤਾ ਦੀ, ਕਿਧਰੇ ਨਾ ਫੂਕ ਦੇਵਣ,
ਹੈਂਕੜ ਤੇ ਹਿਰਸ ਏਨੇ, ਬਲਵਾਨ ਕਰ ਨਾ ਬੰਦੇ ।
—-
ਕੋਈ ਏਸ ਥਾਂ ਹੈ ਮਰਿਆ, ਕੋਈ ਓਸ ਥਾਂ ਹੈ ਮਰਿਆ,
ਬੰਦੇ ਦਾ ਮਰਨ ਏਨਾ, ਆਸਾਨ ਕਰ ਨਾ ਬੰਦੇ ।
—–
ਅੱਖਾਂ ਦੇ ਠੀਕ ਸਾਹਵੇਂ, ਡੁਲ੍ਹਦਾ ਨਾ ਖੂਨ ਤੱਕੇਂ
ਆਪਣਾ ਅਹਿਸਾਸ ਏਨਾ, ਬੇਜਾਨ ਕਰ ਨਾ ਬੰਦੇ ।
—-
ਮਤਲਬ ਨੂੰ ਪੂਜਦਾ ਏਂ, ਹੱਕ ਸੱਚ ਨਾਂ ਪਛਾਣੇ ,
ਕੌਡਾਂ ਤੋਂ ਹੀਰਿਆਂ ਨੂੰ, ਕੁਰਬਾਨ ਕਰ ਨਾ ਬੰਦੇ ।
—–
ਧਰਮਾਂ ਦੇ ਨਾਂ ਤੇ ਧੰਦਾ, ਕਰਮਾਂ ਦੇ ਨਾਂ ਤੇ ਠੱਗੀ,
ਹਰ ਥਾਂ ਮਲੀਨ ਆਪਣਾ, ਈਮਾਨ ਕਰ ਨਾਂ ਬੰਦੇ ।
—–
ਹਰ ਥਾਂ ਜਹੂੂਰ ਰੱਬ ਦਾ, ਹਰ ਸ਼ੈ ਚ’ ਨੂਰ ਉਸਦਾ,
ਉਸ ਨੂੰ ਵੰਗਾਰਨੇ ਦਾ, ਅਭਿਮਾਨ ਕਰ ਨਾ ਬੰਦੇ ।
——
ਕੋਈ ਕਿਸੇ ਦਾ ਦਿਲ ਹੈ, ਕੋਈ ਨੂਰ ਹੈ ਕਿਸੇ ਦਾ,
ਵਸਦੇ ਘਰਾਂ ਦੇ ਜ਼ਖਮੀ, ਅਰਮਾਨ ਕਰ ਨਾਂ ਬੰਦੇ ।
——-
ਉਸਦੀ ਰਜ਼ਾ ਦੇ ਅੰਦਰ, ਸਰਬੱਤ ਦਾ ਭਲਾ ਹੈ ,
ਆਪਣੇ ਲਈ ਕਿਸੇ ਦਾ, ਨੁਕਸਾਨ ਕਰ ਨਾ ਬੰਦੇ ।
——-
ਹਰ ਦਿਲ ਹੈ ਮੂਲ ਮਾਣਕ, ਦੈਵੀ ਅਮੋਲ ਰਚਨਾ,
ਦਿਲ ਤੋੜਨੇ ਦਾ ਕੋਈ, ਸਾਮਾਨ ਕਰ ਨਾ ਬੰਦੇ ḩ
—-
ਦਯਾ ਧਰਮ ਤੇ ਨੇਕੀ, ਇਨਸਾਨ ਦੇ ਨੇ ਗਹਿਣੇ ,
ਬੰਦਿਓਂ ਸ਼ੈਤਾਨ ਬਨਣਾ, ਪਰਵਾਨ ਕਰ ਨਾ ਬੰਦੇ ।
——-
ਮਾਨਵ ਦੇ ਧਰਮ ਸਾਰੇ, ਸਰਬ ਸਾਂਝ ਨੇ ਸਿਖਾਉਂਦੇ ,
ਲਾਲਚ ਲਈ ਵੱਖ ਆਪਣਾ, ਭਗਵਾਨ ਕਰ ਨਾ ਬੰਦੇ ।