ਨਵੀਂ ਦਿੱਲੀ (ਏਜੰਸੀ) : ਹੀਰਾ ਕਾਰੋਬਾਰੀ ਨੀਰਵ ਮੋਦੀ, ਕਿੰਗਫਿਸ਼ਰ ਏਅਰਲਾਈਨਜ਼ ਦੇ ਪ੍ਰਮੋਟਰ ਵਿਜੈ ਮਾਲੀਆ, ਹਥਿਆਰਾਂ ਦੇ ਡੀਲਰ ਸੰਜੈ ਭੰਡਾਰੀ ਸਮੇਤ ਭਾਰਤ ਦੇ ਭਗੌੜਿਆਂ ਨੂੰ ਛੇਤੀ ਹੀ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੀ ਹਵਾਲਗੀ ਦੀ ਪ੍ਰਕਿਰਿਆ ਤੇਜ਼ ਕਰਨ ਲਈ ਸੀਬੀਆਈ, ਈਡੀ ਤੇ ਐੱਨਆਈਏ ਦੇ ਸਬੰਧਤ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਛੇਤੀ ਬ੍ਰਿਟੇਨ ਆਵੇਗੀ। ਲੰਡਨ ਜਾਣ ਵਾਲੀ ਟੀਮ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮਐੱਲਏਟੀ) ਤਹਿਤ ਸੂਚਨਾਵਾਂ ਸਾਂਝੀਆਂ ਕਰਨ ਨੂੰ ਲੈ ਕੇ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਦੁਵੱਲੀ ਚਰਚਾ ਕਰੇਗੀ। ਐੱਮਐੱਲਏਟੀ ’ਤੇ ਦੋਵੇਂ ਦੇਸ਼ਾਂ ਨੇ ਦਸਤਖ਼ਤ ਕੀਤੇ ਹਨ। ਇਸ ਲਈ ਬ੍ਰਿਟੇਨ ਤੇ ਭਾਰਤ ਦੋਵੇਂ ਆਰਥਿਕ ਅਪਰਾਧੀਆਂ ਤੇ ਹੋਰ ਲੋਕਾਂ ਨਾਲ ਜੁੜੀ ਅਪਰਾਧਿਕ ਜਾਂਚ ’ਤੇ ਕਾਨੂੰਨੀ ਰੂਪ ’ਚ ਜਾਣਕਾਰੀ ਸਾਂਝੀ ਕਰਨ ਲਈ ਪਾਬੰਦ ਹਨ। ਐੱਨਆਈਏ ਟੀਮ ਇਸ ਸਮੇਂ ਖ਼ਾਲਿਸਤਾਨੀ ਅੱਤਵਾਦੀਆਂ ਨਾਲ ਜੁੜੇ ਕਈ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਬੈਠਕ ’ਚ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ। ਇਹ ਬੈਠਕ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੀ ਸਖ਼ਤ ਨਿਗਰਾਨੀ ’ਚ ਹੋਵੇਗੀ।

ਜੇ ਸਭ ਕੁਝ ਯੋਜਨਾ ਅਨੁਸਾਰ ਹੋਇਆ ਤਾਂ ਸਾਂਝੀ ਟੀਮ ਇਸ ਮਹੀਨੇ ਕਿਸੇ ਵੀ ਸਮੇਂ ਬ੍ਰਿਟੇਨ ਰਵਾਨਾ ਹੋ ਸਕਦੀ ਹੈ। ਭਗੌੜਿਆਂ ਦੀ ਹਵਾਲਗੀ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਤੋਂ ਇਲਾਵਾ ਟੀਮ ਲੰਡਨ ’ਚ ਭਗੌੜਿਆਂ ਵੱਲੋਂ ਬਣਾਈਆਂ ਜਾਇਦਾਦਾਂ ਬਾਰੇ ਵੀ ਜਾਣਕਾਰੀ ਮੰਗੇਗੀ, ਜਿਸ ਨਾਲ ਉਨ੍ਹਾਂ ਦੇ ਬੈਂਕਿੰਗ ਲੈਣ-ਦੇਣ ਬਾਰੇ ਵਿਸ਼ੇਸ਼ ਜਾਣਕਾਰੀ ਵੀ ਸ਼ਾਮਲ ਹੈ। ਅਧਿਕਾਰੀਆਂ ਅਨੁਸਾਰ ਅਪਰਾਧ ਦੀ ਆਮਦਨ ਨੂੰ ਜ਼ਬਤ ਕਰਨ ਦੇ ਮਕਸਦ ਨਾਲ ਬ੍ਰਿਟੇਨ ਤੇ ਹੋਰ ਦੇਸ਼ਾਂ ’ਚ ਮੁਲਜ਼ਮਾਂ ਦੀਆਂ ਜਾਇਦਾਦਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਸੰਜੇ ਭੰਡਾਰੀ, ਨੀਰਵ ਮੋਦੀ ਤੇ ਵਿਜੈ ਮਾਲੀਆ ਦੀ ਹਵਾਲਗੀ ਦੇ ਮਾਮਲੇ ਬ੍ਰਿਟੇਨ ਦੀਆਂ ਅਦਾਲਤਾਂ ’ਚ ਲਟਕੇ ਹਨ। ਈਡੀ ਨੇ ਪਹਿਲਾਂ ਹੀ ਭਾਰਤ ’ਚ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਮਾਲੀਆ ਤੇ ਨੀਰਵ ਦੀ ਜਾਇਦਾਦ ਵੇਚ ਕੇ ਹਜ਼ਾਰਾਂ ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਇਹ ਰਕਮ ਬੈਂਕਾਂ ਨੂੰ ਉਨ੍ਹਾਂ ਦੀ ਬਕਾਇਆ ਅਦਾਇਗੀ ਲਈ ਵਾਪਸ ਕੀਤੀ ਗਈ ਹੈ।

ਮਾਲੀਆ ਦੀ 5,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬੈਂਕ ਨਾਲ ਧੋਖਾਧੜੀ ਦੇ ਦੋਸ਼ ’ਚ ਕੁਰਕ ਅਤੇ ਜ਼ਬਤ ਕਰ ਲਈ ਗਈ ਹੈ। ਨੀਰਵ ਮੋਦੀ ’ਤੇ ਪੰਜਾਬ ਨੈਸ਼ਨਲ ਬੈਂਕ ਨਾਲ 6,500 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਦੋਸ਼ ਹਨ। ਹਥਿਆਰਾਂ ਦੇ ਵਪਾਰੀ ਵੱਖ-ਵੱਖ ਰੱਖਿਆ ਸੌਦਿਆਂ ਦੀ ਇਨਕਮ ਟੈਕਸ ਵਿਭਾਗ ਤੇ ਈਡੀ ਦੀ ਜਾਂਚ ਤੋਂ ਬਾਅਦ 2016 ’ਚ ਵਿਦੇਸ਼ ਭੱਜ ਗਿਆ ਸੀ। ਈਡੀ ਨੇ ਭਾਰਤ ’ਚ ਭੰਡਾਰੀ ਦੀ 26 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਜ਼ਬਤ ਕਰ ਲਈ ਹੈ। ਮਾਲੀਆ ਤੇ ਮੋਦੀ ਦੇ ਮਾਮਲਿਆਂ ਦੀ ਤਰ੍ਹਾਂ ਵਿਸ਼ੇਸ਼ ਅਦਾਲਤ ਨੇ ਭੰਡਾਰੀ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਦਿੱਤਾ ਹੈ।