ਸੁਸ਼ੀਲ ਕੁਮਾਰ ਸੁਸ਼ੀ, ਲੁਧਿਆਣਾ : ਹਵਸ ‘ਚ ਅੰਨ੍ਹੇ ਹੋਏ 42 ਸਾਲ ਦੇ ਵਿਅਕਤੀ ਨੇ ਵਿਹੜੇ ‘ਚ ਹੀ ਰਹਿੰਦੀ 11 ਸਾਲ ਦੀ ਮਾਸੂਮ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ l ਸੂਚਨਾ ਤੋਂ ਬਾਅਦ ਹਰਕਤ ‘ਚ ਆਈ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮ ਖਿਲਾਫ ਪੋਕਸੋ ਐਕਟ ਤੇ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦੀਆਂ ਧਾਰਾਵਾਂ ਤਹਿਤ ਮੁਲਜ਼ਮ ਅਨੁਰੋਧ ਸੈਣੀ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ ਆਪਣੇ ਕੰਮ ‘ਤੇ ਗਈ ਹੋਈ ਸੀ l ਕਮਰੇ ‘ਚ ਉਸ ਦੀ 11 ਸਾਲ ਦੀ ਲੜਕੀ ਇਕੱਲੀ ਹੀ ਮੌਜੂਦ ਸੀ। ਇਸੇ ਦੌਰਾਨ ਉਸ ਦੀ ਭਰਜਾਈ ਦਾ ਫੋਨ ਆਇਆ ਕਿ ਵਿਹੜੇ ‘ਚ ਹੀ ਰਹਿਣ ਵਾਲਾ ਅਨੁਰੋਧ ਸੈਣੀ ਉਸ ਦੀ ਬੇਟੀ ਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਿਆ ਹੈ ਤੇ ਉਸ ਨਾਲ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ। ਔਰਤ ਤੁਰੰਤ ਆਪਣੇ ਕਮਰੇ ‘ਚ ਪਹੁੰਚੀ ਤੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀl
ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੁਕਰਵਾਰ ਦੁਪਹਿਰ ਤੋਂ ਬਾਅਦ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


