ਸੁਸ਼ੀਲ ਕੁਮਾਰ ਸੁਸ਼ੀ, ਲੁਧਿਆਣਾ
ਰੇਲਵੇ ਸਟੇਸ਼ਨ ਤੋਂ ਚੋਰੀ ਹੋਏ ਤਿੰਨ ਮਹੀਨਿਆਂ ਦੇ ਬੱਚੇ ਨੂੰ ਰੇਲਵੇ ਪੁਲਿਸ ਅਤੇ ਰੇਲਵੇ ਪੋ੍ਟੈਕਸ਼ਨ ਪੁਲਿਸ ਨੇ 20 ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਆਖਿਰਕਾਰ ਬਰਾਮਦ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਬੱਚੇ ਨੂੰ ਚੋਰੀ ਕਰਨ ਵਾਲੇ ਪਤੀ-ਪਤਨੀ ਨੂੰ ਗਿ੍ਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਪੂਰਥਲਾ ਦੇ ਰਹਿਣ ਵਾਲੇ ਜਤਿੰਦਰ ਅਤੇ ਉਸਦੀ ਪਤਨੀ ਪੂਨਮ ਉਰਫ ਪੂਜਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਪਿੱਛੋਂ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਕਈ ਸਾਲਾਂ ਤੋਂ ਪੰਜਾਬ ‘ਚ ਰਹਿ ਰਹੇ ਹਨ। ਜੀਆਰਪੀ ਦੇ ਐੱਸਪੀ ਬਲਰਾਮ ਰਾਣਾ ਨੇ ਦੱਸਿਆ ਬੱਚੇ ਨੂੰ ਸਹੀ ਸਲਾਮਤ ਹਾਲਤ ਵਿੱਚ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜੀਆਰਪੀ ਤੇ ਆਰਪੀਐੱਫ ਨੇ ਸਾਂਝੇ ਤੌਰ ‘ਤੇ ਚਲਾਏ ਆਪਰੇਸ਼ਨ ਦੌਰਾਨ ਬੱਚੇ ਨੂੰ ਬਰਾਮਦ ਕੀਤਾ। ਮੁਲਜ਼ਮ ਜੋੜੇ ਨੂੰ ਹਿਰਾਸਤ ਵਿੱਚ ਲੈਣ ਲਈ ਸਾਂਝੀਆਂ ਟੀਮਾਂ ਨੇ ਉਨਾਂ੍ਹ ਦਾ ਪਿੱਛਾ ਕਰਨ ਲਈ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸਿਟੀ ਖੇਤਰ ਦੇ ਦਰਜਨਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ।
—-
-ਬੱਚਾ ਚੋਰੀ ਕਰ ਕੇ ਆਟੋ ‘ਚ ਸਵਾਰ ਹੋ ਕੇ ਪਹੁੰਚੇ ਬੱਸ ਅੱਡੇ
ਐੱਸਪੀ ਰਾਣਾ ਨੇ ਦੱਸਿਆ ਕਿ ਬੱਚਾ ਚੋਰੀ ਕਰਨ ਤੋਂ ਬਾਅਦ ਮੁਲਜ਼ਮ ਸਟੇਸ਼ਨ ਦੇ ਬਾਹਰੋਂ ਆਟੋ ਲੈ ਕੇ ਬੱਸ ਅੱਡੇ ਪਹੁੰਚ ਗਏ। ਬੱਸ ਅੱਡੇ ਤੋਂ ਉਹ ਜਲੰਧਰ ਬਾਈਪਾਸ ਗਏ ਤੇ ਬੱਸ ਵਿੱਚ ਬੈਠ ਕੇ ਕਪੂਰਥਲਾ ਰਵਾਨਾ ਹੋ ਗਏ। ਸੀਸੀਟੀਵੀ ਫੁਟੇਜ ਤੇ ਹੋਰ ਵਿਗਿਆਨਿਕ ਢੰਗ ਨਾਲ ਮੁਲਜ਼ਮਾਂ ਦਾ ਪਿੱਛਾ ਕਰਦੀ ਹੋਈ ਪੁਲਿਸ ਆਖਰਕਾਰ ਮੁਲਜ਼ਮਾਂ ਤੱਕ ਪਹੁੰਚ ਗਈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਜਤਿੰਦਰ ਨੇ ਮੰਨਿਆ ਕਿ ਉਹ ਜਲੰਧਰ ਬਾਈਪਾਸ ਤੋਂ ਜਲੰਧਰ ਲਈ ਬੱਸ ਲੈ ਕੇ ਗਏ ਸਨ। ਐੱਸਪੀ ਰਾਣਾ ਨੇ ਦੱਸਿਆ ਕਿ ਪੁਲਿਸ ਨੂੰ ਧੋਖਾ ਦੇਣ ਲਈ ਉਹ ਜਲੰਧਰ ਤੋਂ ਕਪੂਰਥਲਾ ਨੂੰ ਇਕ ਹੋਰ ਬੱਸ ਵਿਚ ਸਵਾਰ ਹੋ ਗਏ ਸਨ।
—–
-ਮੁਲਜ਼ਮ ਬਦਲ ਰਹੇ ਹਨ ਬਿਆਨ
ਐਸਪੀ ਰਾਣਾ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਲਗਾਤਾਰ ਆਪਣੇ ਬਿਆਨ ਬਦਲ ਰਹੇ ਸਨ। ਪੂਨਮ ਨੇ ਪੁੱਛ ਗਿੱਛ ਦੇ ਦੌਰਾਨ ਦੱਸਿਆ ਕਿ ਰੇਲਵੇ ਸਟੇਸ਼ਨ ‘ਤੇ ਘੁੰਮਦੇ ਹੋਏ ਉਸ ਦੇ ਪਤੀ ਨੂੰ ਬੱਚਾ ਪਸੰਦ ਆਇਆ ਤੇ ਉਸ ਨੇ ਬੱਚਾ ਚੋਰੀ ਕਰਨ ਦਾ ਮਨ ਬਣਾ ਲਿਆ। ਬਾਅਦ ‘ਚ ਅੌਰਤ ਨੇ ਫਿਰ ਆਪਣਾ ਬਿਆਨ ਬਦਲਿਆ ਤੇ ਕਿਹਾ ਕਿ ਉਹ ਬੱਚੇ ਨੂੰ ਘਰ ਵਿੱਚ ਪਾਲਣਾ ਚਾਹੁੰਦੀ ਸੀ। ਦੋਸ਼ੀ ਜਤਿੰਦਰ ਨੇ ਦੱਸਿਆ ਕਿ ਉਸ ਨੇ ਬੱਚਾ ਇਸ ਲਈ ਚੋਰੀ ਕੀਤਾ ਸੀ, ਕਿਉਂਕਿ ਉਹ ਰੇਲਵੇ ਸਟੇਸ਼ਨ ‘ਤੇ ਇਕੱਲਾ ਪਿਆ ਸੀ ਤੇ ਉਸ ਨੂੰ ਲੱਗਦਾ ਸੀ ਕਿ ਬੱਚਾ ਕਿਸੇ ਨੇ ਛੱਡ ਦਿੱਤਾ ਹੋਵੇਗਾ।
—
-ਚੌੜੇ ਬਾਜ਼ਾਰ ‘ਚ ਖ਼ਰੀਦਦਾਰੀ ਕਰਨ ਆਏ ਸਨ ਮੁਲਜ਼ਮ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਜੋੜਾ ਪਿਛਲੇ ਦਸ ਸਾਲ ਤੋਂ ਕਪੂਰਥਲਾ ਵਿੱਚ ਰਹਿ ਰਿਹਾ ਹੈ। ਜਤਿੰਦਰ ਦਿਹਾੜੀ ਦਾ ਕੰਮ ਕਰਦਾ ਹੈ। ਦੋਵੇਂ ਪਤੀ-ਪਤਨੀ ਬਿਹਾਰ ਜਾਣ ਤੋਂ ਪਹਿਲਾਂ ਖਰੀਦਦਾਰੀ ਕਰਨ ਲਈ ਲੁਧਿਆਣਾ ਆਏ ਸਨ। ਇਸੇ ਦੌਰਾਨ ਉਹਨਾਂ ਨੇ ਬੱਚਾ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ 8-9 ਨਵੰਬਰ ਦੀ ਦਰਮਿਆਨੀ ਰਾਤ ਨੂੰ ਰੇਲਵੇ ਸਟੇਸ਼ਨ ਤੋਂ ਤਿੰਨ ਮਹੀਨੇ ਦਾ ਬੱਚਾ ਚੋਰੀ ਹੋ ਗਿਆ ਸੀ। ਪਰਿਵਾਰ ਬਿਹਾਰ ਤੋਂ ਲੁਧਿਆਣਾ ਆਇਆ ਸੀ ਤੇ ਇੱਥੋਂ ਉਨਾਂ੍ਹ ਨੇ ਜੰਡਿਆਲੀ ਜਾਣਾ ਸੀ। ਬੱਚੇ ਦੀ ਮਾਂ ਸੋਨਮ ਦੇਵੀ ਅਤੇ ਪਿਤਾ ਉਪਿੰਦਰ ਪਟੇਲ ਨੇ ਬੀਤੀ ਰਾਤ ਰੇਲਵੇ ਸਟੇਸ਼ਨ ‘ਤੇ ਪਹੁੰਚ ਕੇ ਆਰਾਮ ਕਰਨ ਲੱਗ ਪਏ, ਜਿਸ ਦੌਰਾਨ ਮੁਲਜ਼ਮਾਂ ਨੇ ਬੱਚਾ ਚੋਰੀ ਕਰ ਲਿਆ ਸੀ।


