ਪਲਵਿੰਦਰ ਢੁੱਡੀਕੇ/ ਸਤਵਿੰਦਰ ਸ਼ਰਮਾ,ਲੁਧਿਆਣਾ: ‘ਮੈਂ ਪੰਜਾਬ ਬੋਲਦਾ ਹਾਂ’ ਨਾਮ ‘ਤੇ ਰੱਖੀ ਸਿਆਸੀ ਡਿਬੇਟ ਵਿਚ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਹਾਲ ਵਿੱਚ ਹਾਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਦੀਆਂ ਕੁਰਸੀਆਂ ਖਾਲੀ ਸਨ। ਸਰਕਾਰ ਵੱਲੋਂ ਐਸਵਾਈਐਲ ਸਮੇਤ ਹੋਰ ਅਹਿਮ ਮੁੱਦਿਆਂ ਤੇ ਖੁੱਲੀ ਬਹਿਸ ਲਈ ਵੱਖ-ਵੱਖ ਰਾਜਨੀਤਿਕ ਦਲਾਂ ਦੇ ਆਗੂਆਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਵਿਰੋਧੀਆਂ ਵੱਲੋਂ ਸਾਂਝੇ ਤੌਰ ਤੇ ਇਸ ਡਿਬੇਟ ਤੋਂ ਕਿਨਾਰਾ ਕਰ ਲਿਆ ਗਿਆ।

ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਸਭ ਤੋਂ ਪਹਿਲਾਂ ਪਾਣੀਆਂ ਦੇ ਮੁੱਦੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਫਿਰ ਟਰਾਂਸਪੋਰਟ ਉਪਰ ਬਾਦਲ ਪਰਿਵਾਰ ਦੇ ਕਬਜ਼ੇ ਨੂੰ ਲੈ ਕੇ ਤਿੱਖੇ ਸਵਾਲ ਦਾਗੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਅੱਜ ਮਹਾ ਡਿਬੇਟ ਦੌਰਾਨ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਦੀ ਥਾਂ ‘ਤੇ ਨਹਿਰ ਦਾ ਨਾਮ ਯਮੁਨਾ ਸਤਲੁਜ ਲਿੰਕ(ਵਾਈਐਸਐਲ) ਰੱਖਿਆ ਜਾਵੇ ਤਾਂ ਜੋ ਯਮੁਨਾ ਤੋਂ ਆਉਣ ਵਾਲਾ ਪਾਣੀ ਹਰਿਆਣਾ ਨੂੰ ਮਿਲ ਸਕੇ ਅਤੇ ਉਸਦਾ ਹਿੱਸਾ ਪੰਜਾਬ ਕੋਲ ਵੀ ਆ ਸਕੇ। ਮੁੱਖ ਮੰਤਰੀ ਨੇ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਐਸ ਵਾਈ ਐਲ ਨਹਿਰ ਬਾਰੇ ਚੁੱਕੇ ਗਏ ਕਦਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਬਹਾਨੇ ਬਣਾ ਕੇ ਬਹਿਸ ਤੋਂ ਭੱਜੇ ਵਿਰੋਧੀ-ਮਾਨ

ਮਹਾਡਿਬੇਟ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਟੈਲੀਕਾਸਟ ਵੇਖਣ ਵਾਲਿਆਂ ਦਾ ਧੰਨਵਾਦ ਕੀਤਾ ਜੋ ਇਸ ਇਤਿਹਾਸਕ ਪਲ ਦੇ ਗਵਾਹ ਬਣੇ ਹਨ।

ਉਨ੍ਹਾਂ ਕਿਹਾ ਕਿ ਰਾਜ ਸੱਤਾ ਵਿੱਚ ਰਹੇ ਲੋਕਾਂ ਨੇ ਅਜਿਹੇ ਫੈਸਲੇ ਕੀਤੇ ਜੋ ਰੋਗਟੇ ਖੜੇ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਕੇਵਲ ਉਨ੍ਹਾਂ ਨਾਲ ਡਿਬੇਟ ਹੈ ਜਿਨ੍ਹਾਂ ਨੇ ਰਾਜ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹਿਸ ਜਿੱਤ ਜਾਂ ਹਾਰ ਨਹੀਂ ਸਗੋਂ ਸੂਖਮ ਮੁੱਦਿਆਂ ‘ਤੇ ਵਿਚਾਰ ਚਰਚਾ ਹੈ। ਉਨ੍ਹਾਂ ਬਹਾਨੇ ਲਾਉਂਦੇ-ਲਾਉਂਦੇ ਵਿਰੋਧੀ ਇਸ ਗੱਲ ‘ਤੇ ਪਹੁੰਚ ਗਏ ਕਿ ਉਹ ਇਸ ਮਹਾਬਹਿਸ ਦਾ ਹਿੱਸਾ ਨਹੀਂ ਬਨਣਗੇ। ਪਹਿਲੀ ਵਾਰ ਹੋਇਆ ਕਿ ਰਾਜ ਕਰਨ ਵਾਲੀਆਂ ਪਾਰਟੀਆਂ ਸੱਤਾ ਤੋਂ ਬਾਹਰ ਹੋਈਆਂ ਅਤੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਕੀ- ਕੀ ਫੈਸਲੇ ਕੀਤੇ। ਐੱਸਵਾਈਐੱਲ ਤੋਂ ਬਹਿਸ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਧੱਕਾ ਪੰਜਾਬ ਨਾਲ ਹੋਇਆ।

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮਹਾਬਹਿਸ, ਇਹ ਨੇਤਾ ਨਹੀਂ ਬਨਣਗੇ ਬਹਿਸ ਦਾ ਹਿੱਸਾ

ਲੁਧਿਆਣਾ ‘ਚ ਹੋਣ ਵਾਲੀ ਮਹਾਡਿਬੇਟ ਵਿੱਚ ਸ਼ਾਮਲ ਹੋਣ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡਿਬੇਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਡਿਬੇਟ ਵਿਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਦਿੱਤਾ ਹੈ। ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿਬੇਟ ਵਿਚ ਸ਼ਾਮਲ ਹੋਣਗੇ।

ਪੀਏਯੂ ਵਿਖੇ ਕਰਵਾਈ ਜਾ ਰਹੀ ਮਹਾਂ ਡਿਬੇਟ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਨਹੀਂ ਹੋਣਗੇ। ਇਹ ਜਾਣਕਾਰੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵੱਲੋਂ ਦਿੱਤੀ ਗਈ ਹੈ। ਪੀਏਯੂ ਵਿਖੇ ਗੱਲਬਾਤ ਕਰਦੇ ਹੋਏ ਧੀਮਾਨ ਨੇ ਦੱਸਿਆ ਕਿ ਇਸ ਸਬੰਧੀ ਬੀਤੀ ਰਾਤ ਹੀ ਫੈਸਲਾ ਕਰ ਲਿਆ ਗਿਆ ਸੀ। ਜਿਕਰਯੋਗ ਹੈ ਕਿ ਜਾਖੜ ਪਿਛਲੇ ਕਈ ਦਿਨ੍ਹਾਂ ਤੋਂ ਇਸ ਮਹਾਂ ਬਹਿਸ ਤੇ ਸਵਾਲ ਉਠਾ ਰਹੇ ਸਨ। ਦੂਸਰੇ ਪਾਸੇ ਸ੍ਰੋਮਣੀ ਅਕਾਲੀ ਦਲ ਵੱਲੋਂ ਇਲਜਾਮ ਲਾਏ ਜਾ ਰਹੇ ਹਨ ਕਿ ਐੱਸਵਾਈਐੱਲ ਮੁੱਦੇ ਤੇ ਸਰਕਾਰ ਸੰਜੀਦਾ ਨਹੀਂ ਹੈ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਹੁੰਚਣ ਦੀ ਸੰਭਾਵਨਾ ਹੈ।

ਪ੍ਰਦਰਸ਼ਨ ਕਰਨ ਲਈ ਪਹੁੰਚੇ ਸਾਬਕਾ ਡੀਐੱਸਪੀ ਬਲਵਿੰਦਰ ਸੇਖੋਂ

ਬਲਵਿੰਦਰ ਸੇਖੋ ਸਾਬਕਾ ਡੀਐਸਪੀ ਅਤੇ ਉਹਨਾਂ ਦੇ ਸਾਥੀ ਪ੍ਰਦਰਸ਼ਨ ਕਰਨ ਲਈ ਪਹੁੰਚੇ ਹੋਏ ਹਨ ਉਨ੍ਹਾਂ ਵੱਲੋਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਿਹੜੀਆਂ ਤਖਤੀਆਂ ਚੁੱਕੀਆਂ ਹੋਈਆਂ ਹਨ ਉਹਨਾਂ ਉੱਪਰ ਨਸ਼ਿਆਂ ਨੂੰ ਲੈ ਕੇ ਚਰਚਾ ਹੋਵੇ, ਬਹਿਸ ਹੋਵੇ ਲਿਖਿਆ ਹੋਇਆ ਹੈ।

ਵੱਖ ਵੱਖ ਨੇਤਾਵਾਂ ਦੀਆਂ ਲਾਈਆਂ ਗਈਆਂ ਹਨ ਕੁਰਸੀਆਂ

ਮਹਾਬਹਿਸ ਵਿੱਚ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੇਤਾ ਪਹੁੰਚਣ ਜਾਂ ਨਾ ਪਰ ਕੁਰਸੀਆਂ ਸਭ ਦੀਆਂ ਲਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਦੇ ਨਾਲ ਨਾਲ ਸੁਨੀਲ ਜਾਖੜ ਦੀ ਕੁਰਸੀ, ਸੁਖਬੀਰ ਬਾਦਲ ਦੀ ਕੁਰਸੀ, ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਕੁਰਸੀ ਸ਼ਾਮਲ ਹੈ। ਕੁਰਸੀਆਂ ਦੇ ਪਿੱਛੇ ਮੈਂ ਪੰਜਾਬ ਬੋਲਦਾ ਹਾਂ ਦਾ ਬੈਨਰ ਲੱਗਾ ਹੋਇਆ ਹੈ।

ਪੀਏਯੂ ਦੇ ਗੇਟ ਨੰਬਰ ਇੱਕ ਦੇ ਬਾਹਰ ਵੱਖ-ਵੱਖ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ ਇੱਕ ਦੇ ਬਾਹਰ ਵੱਖ-ਵੱਖ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਦਰਸ਼ਨ ਕਰਨ ਵਾਲਿਆਂ ਵਿੱਚ ਪੰਜਾਬ ਨਸ਼ਾ ਵਿਰੋਧੀ ਮੰਚ, ਵੱਖ-ਵੱਖ ਅਧਿਆਪਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰੀਸ਼ ਰਾਏ ਢਾਂਡਾ, ਸੇਵਾ ਮੁਕਤ ਡੀਐਸਪੀ ਬਲਵਿੰਦਰ ਸਿੰਘ ਸੇਖੋ, ਕਿਸਾਨਾਂ ਆਦਿ ਸ਼ਾਮਿਲ ਹਨ। ਸਾਰੀਆਂ ਧਿਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ।