ਅੱਜ, ਮੈਂ ਫੈਡਰਲ ਸਰਕਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਅਤੇ ਹੋਰ ਕੋਈ ਵੀ ਗਰੁੱਪ ਜੋ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ, ਧਮਕੀਆਂ ਦੇਣ ਅਤੇ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਹਨ, ਨੂੰ ਕੈਨੇਡੀਅਨ ਕਾਨੂੰਨ ਅਧੀਨ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਅਪੀਲ ਕਰ ਰਹੀ ਹਾਂ। ਭਾਵੇਂ ਇਹ ਸਮੂਹ ਸਥਾਨਕ ਤੌਰ ‘ਤੇ ਜਾਂ ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਕਰਦੇ ਹਨ, ਇਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਨ੍ਹਾਂ ਖ਼ਤਰਨਾਕ ਨੈੱਟਵਰਕਾਂ ਨੂੰ ਖ਼ਤਮ ਕਰਨ ਅਤੇ ਸਾਡੇ ਨਿਵਾਸੀਆਂ ਅਤੇ ਕਾਰੋਬਾਰਾਂ ਦੀ ਰੱਖਿਆ ਕਰਨ ਲਈ ਜ਼ਰੂਰੀ ਸਾਧਨ ਦੇਣ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਸਾਡੀ ਕਮਿਊਨਿਟੀ ਜਿਸ ਤਰਾਂ ਦੀ ਹਿੰਸਾ ਅਤੇ ਧਮਕੀਆਂ ਦਾ ਸਾਹਮਣਾ ਕਰ ਰਹੀ ਹੈ, ਉਹ ਅਸਵੀਕਾਰਯੋਗ ਹੈ। ਅਸੀਂ ਇਨ੍ਹਾਂ ਅਪਰਾਧਿਕ ਸੰਗਠਨਾਂ ਨਾਲ ਜੁੜੇ ਜਬਰੀ ਵਸੂਲੀ, ਹਿੰਸਾ ਦੀਆਂ ਧਮਕੀਆਂ ਅਤੇ ਚੱਲ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਚਿੰਤਾਜਨਕ ਵਾਧਾ ਦੇਖਿਆ ਹੈ। ਅਜਿਹੀਆਂ ਕਾਰਵਾਈਆਂ ਨਾ ਸਿਰਫ਼ ਅਪਰਾਧਿਕ ਹਨ, ਬਲਕਿ ਇਹ ਆਰਥਿਕ ਅੱਤਵਾਦ ਹਨ। ਉਹ ਸਾਡੇ ਜੀਵਨ ਦੀ ਸਥਿਰਤਾ ਨੂੰ ਹਿਲਾ ਰਹੇ ਹਨ ਅਤੇ ਹੁਣ ਅਸੀਂ ਜਨਤਕ ਸੁਰੱਖਿਆ ਸੰਕਟ ਦਾ ਸਾਹਮਣਾ ਕਰ ਰਹੇ ਹਾਂ।
ਇਨ੍ਹਾਂ ਗੈਂਗਾਂ ਨੂੰ ਅੱਤਵਾਦੀ ਸੰਗਠਨ ਐਲਾਨਣ ਨਾਲ ਪੁਲਿਸ ਨੂੰ ਵਧੇਰੇ ਅਧਿਕਾਰ ਮਿਲ ਸਕਣਗੇ, ਜਾਇਦਾਦਾਂ ਜ਼ਬਤ ਕਰ ਸਕੇਗੀ ਅਤੇ ਜਾਂਚ ਨੂੰ ਮਜ਼ਬੂਤ ਕਰ ਸਕੇਗੀ, ਜਿਸ ਨਾਲ ਸਾਡੇ ਸ਼ਹਿਰ ਦੀਆਂ ਸਟਰੀਟ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇਗਾ। ਇਹ ਕਦਮ ਸੱਚਮੁੱਚ ਅਸਰ ਦਿਖਾ ਸਕਦਾ ਹੈ। ਇਹ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਇਨ੍ਹਾਂ ਨੈੱਟਵਰਕਾਂ ਨੂੰ ਖ਼ਤਮ ਕਰਨ, ਗ਼ੈਰਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਹੋਰ ਨੁਕਸਾਨ ਨੂੰ ਰੋਕਣ ਲਈ ਵਿਸਥਾਰਤ ਸ਼ਕਤੀਆਂ ਪ੍ਰਦਾਨ ਕਰੇਗਾ। ਇਹ ਇੱਕ ਸਪੱਸ਼ਟ ਸੰਦੇਸ਼ ਭੇਜਦਾ ਹੈ ਕਿ ਅਜਿਹੀ ਅਪਰਾਧਿਕ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਸਾਡੇ ਵਸਨੀਕਾਂ ਦੀ ਰੱਖਿਆ ਲਈ ਕੈਨੇਡੀਅਨ ਕਾਨੂੰਨ ਦੀ ਪੂਰੀ ਤਾਕਤ ਦੀ ਵਰਤੋਂ ਕੀਤੀ ਜਾਵੇਗੀ।
ਮੈਂ ਨਾਲ ਹੀ ਇਸ ਮਹੱਤਵਪੂਰਨ ਗੱਲ ਉੱਤੇ ਜ਼ੋਰ ਦੇਣਾ ਚਾਹੁੰਦੀ ਹਾਂ: ਸਾਡੀ ਕਮਿਊਨਿਟੀ ਦੇ ਮੈਂਬਰਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਇਨ੍ਹਾਂ ਅਪਰਾਧਾਂ ਦੀ ਰਿਪੋਰਟ ਕਰ ਸਕਣ। ਮੈਨੂੰ ਅਜੇ ਵੀ ਨਿਵਾਸੀਆਂ ਤੋਂ ਕਾਲਾਂ ਆ ਰਹੀਆਂ ਹਨ, ਜੋ ਪੁਲਿਸ ਕੋਲ ਜਾਣ ਤੋਂ ਡਰਦੇ ਹਨ। ਸਾਨੂੰ ਆਪਣੇ – ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਕਿਉਂ ਡਰਦੇ ਹਨ? ਡਰ ਨੂੰ ਕਦੇ ਵੀ ਪੀੜਤਾਂ ਜਾਂ ਗਵਾਹਾਂ ਨੂੰ ਚੁੱਪ ਨਹੀਂ ਕਰਾਉਣਾ ਚਾਹੀਦਾ। ਮੈਂ ਹਰ ਕਿਸੇ ਨੂੰ ਅਪੀਲ ਕਰਦੀ ਹਾਂ ਕਿ ਜੇਕਰ ਤੁਹਾਨੂੰ ਜਬਰ-ਵਸੂਲੀ ਜਾਂ ਧਮਕੀਆਂ ਮਿਲ ਰਹੀਆਂ ਹਨ ਤਾਂ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਤੁਹਾਡੀ ਹਿੰਮਤ ਇਨ੍ਹਾਂ ਨੈੱਟਵਰਕਾਂ ਨੂੰ ਤੋੜਨ ਵਿੱਚ ਪੁਲਿਸ ਦੀ ਮਦਦ ਕਰ ਸਕਦੀ ਹੈ। ਸਾਰੇ ਸਬੂਤ -ਸੁਨੇਹੇ, ਕਾਲ ਲੌਗ, ਵੀਡੀਓ ਸੰਭਾਲੋ ਅਤੇ ਅਧਿਕਾਰੀਆਂ ਨਾਲ ਸਾਂਝੇ ਕਰੋ। ਭੁਗਤਾਨ ਨਾ ਕਰੋ। ਮੇਰਾ ਦਫ਼ਤਰ ਹਮੇਸ਼ਾ ਤੁਹਾਡੀ ਮਦਦ ਲਈ ਤਿਆਰ ਹੈ, ਪਰ ਕਮਿਊਨਿਟੀ ਦੇ ਮੈਂਬਰਾਂ ਨੂੰ ਇਹ ਜ਼ਰੂਰੀ ਕਦਮ ਚੁੱਕਣਾ ਹੋਵੇਗਾ ਅਤੇ ਇਨ੍ਹਾਂ ਅਪਰਾਧਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ।
ਫੈਡਰਲ ਸਰਕਾਰ ਨੂੰ ਮੇਰੀ ਅਪੀਲ ਹੈ: ਕਿਰਪਾ ਕਰਕੇ ਇਹਨਾਂ ਗਰੁੱਪਾਂ ਨੂੰ ਅੱਤਵਾਦੀ ਘੋਸ਼ਿਤ ਕਰੋ। ਸਾਡੀ ਪੁਲਿਸ ਨੂੰ ਉਹ ਸਾਧਨ ਦਿਓ, ਜੋ ਉਨ੍ਹਾਂ ਨੂੰ ਨਿਰਣਾਇਕ ਕਾਰਵਾਈ ਕਰਨ ਲਈ ਲੋੜੀਂਦੇ ਹਨ।
ਪ੍ਰੀਮੀਅਰ ਈਬੀ, ਮੰਤਰੀ ਬੈਗ ਅਤੇ ਅਟਾਰਨੀ ਜਨਰਲ ਸ਼ਰਮਾ: ਤੁਸੀਂ ਸਰੀ ਨੂੰ ਇੱਕ ਵੱਡੀ ਪੁਲਿਸ ਤਬਦੀਲੀ ਦਾ ਭਾਰ ਸਹਿਣ ਕਰਨ ਲਈ ਕਿਹਾ ਸੀ, ਅਤੇ ਸਰੀ ਇਸ ਦਾ ਸਮਰਥਨ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ। ਹੁਣ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਵੀ ਇਹ ਯਕੀਨੀ ਬਣਾਓ ਕਿ ਕਿਸੇ ਵੀ ਤਰਾਂ ਦੀ ਜਨਤਕ ਸੁਰੱਖਿਆ ਦੀ ਘਾਟ ਨਾ ਰਹੇ ਅਤੇ ਸਾਡੇ ਵਾਸੀਆਂ ਦੀ ਹਰ ਪੜਾਅ ਉੱਤੇ ਰੱਖਿਆ ਕੀਤੀ ਜਾਵੇ।
ਸਾਡੇ ਵਸਨੀਕਾਂ ਲਈ: ਡਰ ਕਰਕੇ ਖ਼ਾਮੋਸ਼ ਨਾ ਰਹੋ। ਜੇ ਤੁਹਾਡੇ ਨਾਲ ਜਬਰੀ ਵਸੂਲੀ ਹੋਈ ਹੈ ਜਾਂ ਧਮਕੀ ਆਉਂਦੀ ਹੈ, ਤਾਂ ਇਹ ਰਿਪੋਰਟ ਕਰੋ। ਤੁਹਾਡੀ ਸੁਰੱਖਿਆ ਅਤੇ ਸਾਡੇ ਪੂਰੇ ਸ਼ਹਿਰ ਦੀ ਸੁਰੱਖਿਆ ਇਸ ਉੱਤੇ ਨਿਰਭਰ ਕਰਦੀ ਹੈ।
ਇਕੱਠੇ, ਸਾਵਧਾਨੀ ਅਤੇ ਫ਼ੈਸਲਾਕੁਨ ਕਾਰਵਾਈ ਨਾਲ, ਅਸੀਂ ਮਜ਼ਬੂਤੀ ਨਾਲ ਖੜੇ ਰਹਾਂਗੇ। ਅਸੀਂ ਡਰਾਂਗੇ ਨਹੀਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਸ਼ਹਿਰ ਵਿੱਚ ਹਰ ਪਰਿਵਾਰ, ਹਰ ਕਾਰੋਬਾਰ ਅਤੇ ਹਰ ਨਿਵਾਸੀ ਸੁਰੱਖਿਅਤ ਤਰੀਕੇ ਨਾਲ ਜੀਅ ਸਕੇ, ਕੰਮ ਕਰ ਸਕੇ ਅਤੇ ਘੁੰਮ ਸਕੇ। ਸਾਡੀ ਕਮਿਊਨਿਟੀ ਦੀ ਦੀ ਭਾਵਨਾ ਅਟੁੱਟ ਹੈ, ਅਤੇ ਸਹੀ ਸਹਿਯੋਗ ਨਾਲ, ਅਸੀਂ ਜ਼ਰੂਰ ਕਾਮਯਾਬ ਹੋਵਾਂਗੇ।
ਬਰੈਂਡਾ ਲੌਕ
ਮੇਅਰ, ਸਿਟੀ ਆਫ਼ ਸਰੀ
