ਮੁੰਬਈ :-1993 ‘ਚ ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਸੰਬੰਧ ‘ਚ ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਦੋ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ, ਦੋ ਦੋਸ਼ੀਆਂ ਨੂੰ ਉਮਰ ਕੈਦ, ਜਦਕਿ ਇੱਕ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ।
ਵਿਸ਼ੇਸ਼ ਟਾਡਾ ਅਦਾਲਤ ਨੇ ਧਮਾਕਿਆਂ ‘ਚ ਸਿਧੇ ਤੌਰ ‘ਤੇ ਸ਼ਾਮਲ ਤਾਹਿ ਰ ਮਰਚੈਂਟ ਅਤੇ ਫਿਰੋਜ਼ ਅਬਦੁਲ ਰਾਸ਼ਿਦ ਨੂੰ ਫ਼ਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਹੈ, ਜਦਕਿ ਧਮਾਕਿਆਂ ਦੀ ਸਾਜ਼ਿਸ਼ ਦੇ ਦੋਸ਼ੀ ਠਹਿਰਾਏ ਗਏ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਇਹਨਾਂ ਧਮਾਕਿਆਂ ਲਈ ਹਥਿਆਰ ਸਪਲਾਈ ਕਰਨ ਦੇ ਦੋਸ਼ੀ ਕਰੀਮੁੱਲਾ ਸ਼ੇਖ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਦੋ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ ਅਤੇ ਇੱਕ ਹੋਰ ਦੋਸ਼ੀ ਰਿਆਜ਼ ਸਿਦੀਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਏ ਜਾਣ ਵੇਲੇ ਅਬੂ ਸਲੇਮ ਸਮੇਤ ਸਾਰੇ ਦੋਸ਼ੀ ਅਦਾਲਤ ‘ਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮੁੰਬਈ ‘ਚ ਹੋਏ 13 ਬੰਬ ਧਮਾਕਿਆਂ ‘ਚ 257 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਸਨ। 12 ਮਾਰਚ 1993 ਨੂੰ ਹੋਏ ਇਹਨਾ ਧਮਾਕਿਆਂ ਦੇ ਮਾਮਲੇ ‘ਚ ਅੰਡਰ ਵਰਲਡ ਸਰਗਨਾ ਅਬੂ ਸਲੇਮ ਅਤੇ ਮੁਸਤਫ਼ਾ ਡੋਸਾ ਮੁੱਖ ਦੋਸ਼ੀ ਹਨ।
ਅਦਾਲਤ ਨੇ ਇਸ ਮਾਮਲੇ ‘ਚ ਅਬੂ ਸਲੇਮ ਸਮੇਤ 5 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ, ਜਦਕਿ ਮਾਮਲੇ ਦੇ ਸੱਤਵੇਂ ਦੋਸ਼ੀ ਅਬਦੁਲ ਕਿਊਮ ਨੂੰ ਨਿੱਜੀ ਮੁਚੱਲਕੇ ‘ਤੇ ਬਰੀ ਕਰ ਦਿੱਤਾ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਤਲ ਅਤੇ ਸਾਜ਼ਿਸ਼ ਦੇ ਦੋਸ਼ ‘ਚ ਅੱਬੂ ਸਲੇਮ, ਮੁਸਤਫ਼ਾ ਡੋਸਾ, ਉਸ ਦੇ ਭਰਾ ਮੁਹੰਮਦ ਡੋਸਾ, ਫਿਰੋਜ਼ ਅਬਦੁਲ ਰਾਸ਼ਿਦ, ਤਾਹਿਰ ਮਰਚੈਂਟ ਅਤੇ ਕਰੀਮੁੱਲਾ ਸ਼ੇਖ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਮੁਸਤਫ਼ਾ ਡੋਸਾ ਦੀ ਇਸ ਸਾਲ 28 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਅਦਾਲਤ ਨੇ ਅੱਬੂ ਸਲੇਮ ਨੂੰ ਮੁੰਬਈ ਧਮਾਕੇ ਦੀ ਸਾਜ਼ਿਸ਼ ਦਾ ਦੋਸ਼ੀ ਮੰਨਿਆ ਸੀ। ਅੱਬੂ ਸਲੇਮ ‘ਤੇ ਹਮਲੇ ‘ਚ ਵਰਤੇ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਮੁੰਬਈ ‘ਚ ਲਿਆਉਣ ਦਾ ਦੋਸ਼ ਹੈ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਸਰਕਾਰੀ ਪੱਖ ਨੇ ਆਪਣੇ ਸਾਰੇ ਦੋਸ਼ ਸਾਬਤ ਕਰ ਦਿੱਤੇ ਹਨ। ਫ਼ੈਸਲੇ ਮਗਰੋਂ ਸਰਕਾਰੀ ਵਕੀਲ ਨੇ ਕੇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਧਮਾਕਾਖੇਜ਼ ਸਮੱਗਰੀ ਅੱਬੂ ਸਲੇਮ ਦੀ ਨਿਗਰਾਨੀ ‘ਚ ਮੁੰਬਈ ਲਿਆਂਦੀ ਗਈ ਸੀ।
ਸੀ ਬੀ ਆਈ ਅਨੁਸਾਰ ਮੁੰਬਈ ‘ਚ ਲੜੀਵਾਰ ਧਮਾਕੇ 6 ਦਸੰਬਰ 1992 ਨੂੰ ਅਯੁੱਧਿਆ ‘ਚ ਬਾਬਰੀ ਮਸਜਿਦ ਨੂੰ ਡੇਗ ਦਿੱਤੇ ਜਾਣ ਦਾ ਬਦਲਾ ਲੈਣ ਲਈ ਕੀਤੇ ਗਏ ਸਨ। ਇਹ ਧਮਾਕੇ ਦੁਨੀਆ ਦਾ ਪਹਿਲਾ ਅੱਤਵਾਦੀ ਹਮਲਾ ਸਨ, ਜਿਨ੍ਹਾ ‘ਚ ਦੂਜੀ ਵਿਸ਼ਵ ਜੰਗ ਮਗਰੋਂ ਇੰਨੀ ਵੱਡੀ ਪੱਧਰ ‘ਤੇ ਆਰ ਡੀ ਐਕਸ ਦੀ ਵਰਤੋਂ ਕੀਤੀ ਗਈ ਸੀ।
ਇਸ ਸੰਬੰਧ ‘ਚ 2001 ‘ਚ ਸ਼ੁਰੂ ਹੋਈ ਸੁਣਵਾਈ ਇਸ ਸਾਲ ਮਾਰਚ ਮਹੀਨੇ ਖ਼ਤਮ ਹੋ ਗਈ ਸੀ। ਅਦਾਲਤ ਨੇ 16 ਜੂਨ ਨੂੰ ਅੱਬੂ ਸਲੇਮ ਸਮੇਤ 5 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਇਸ ਕੇਸ ‘ਚ 33 ਦੋਸ਼ੀ ਅਜੇ ਫਰਾਰ ਹਨ, ਜਿਨ੍ਹਾ ‘ਚ ਮੁੱਖ ਸਾਜ਼ਿਸ਼ਕਾਰ ਅਤੇ ਅੰਡਰ ਵਰਲਡ ਸਰਗਨਾ ਦਾਊਦ ਇਬਰਾਹੀਮ, ਉਸ ਦਾ ਭਰਾ ਅਨੀਸ ਇਬਰਾਹੀਮ, ਮੁਸਤਫ਼ਾ, ਦੌਸਾ ਦਾ ਭਰਾ ਮੁਹੰਮਦ ਦੌਸਾ ਅਤੇ ਟਾਈਗਰ ਮੇਮਨ ਸ਼ਾਮਲ ਹਨ।