ਗੋਲਡ ਕੋਸਟ: ਭਾਰਤੀ ਅਥਲੀਟ ਮੁਹੰਮਦ ਅਨਾਸ ਯਾਹੀਆ ਨੇ ਰਾਸ਼ਟਰਮੰਡਲ ਖੇਡਾਂ ਦੇ 400 ਮੀਟਰ ਦੇ ਫਾਈਨਲਜ਼ ਵਿੱਚ ਆਪਣੀ ਥਾਂ ਬਣਾ ਲਈ ਹੈ। ਉੱਡਣੇ ਸਿੱਖ ਮਿਲਖਾ ਸਿੰਘ ਤੋਂ ਬਾਅਦ ਅਜਿਹਾ ਕਰਨ ਵਾਲੇ ਉਹ ਦੂਜੇ ਭਾਰਤੀ ਬਣ ਗਏ ਹਨ। ਆਪਣੇ ਇਸ ਕਾਰਨਾਮੇ ਨਾਲ ਅਨਾਸ ਨੇ ਮਿਲਖਾ ਸਿੰਘ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਮੁਹੰਮਦ ਅਨਾਸ ਯਾਹੀਆ ਨੇ ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਜਾਰੀ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ 400 ਮੀਟਰ ਦੀ ਦੌੜ 45.44 ਸੈਕੰਡ ਵਿੱਚ ਪੂਰੀ ਕਰਦਿਆਂ ਫ਼ਾਈਨਲ ਵਿੱਚ ਭਾਰਤ ਨੂੰ ਥਾਂ ਦਿਵਾਈ ਹੈ।
ਮਿਲਖਾ ਸਿੰਘ ਨੇ 1958 ਵਿੱਚ ਮੈਲਬਰਨ ਵਿੱਚ ਹੋਈਆਂ ਕਾਮਨਵੈਲਥ ਗੇਮਜ਼ ਵਿੱਚ 46.6 ਸੈਕੰਡਜ਼ ਵਿੱਚ 400 ਮੀਟਰ ਦੀ ਦੌੜ ਖ਼ਤਮ ਕਰਦਿਆਂ ਹੋਇਆਂ ਗੋਲਡ ਮੈਡਲ ਜਿੱਤਿਆ ਸੀ। ਉਸ ਸਮੇਂ ਇਸ ਦੌੜ ਨੂੰ 440 ਗਜ਼ ਦੀ ਰੇਸ ਕਿਹਾ ਜਾਂਦਾ ਸੀ।
ਮਿਲਖਾ ਸਿੰਘ ਤੋਂ ਬਾਅਦ ਹੁਣ ਤਕ ਸਿਰਫ ਇੱਕ ਭਾਰਤੀ ਅਥਲੀਟ ਨੇ ਹੀ ਸੋਨ ਤਗ਼ਮਾ ਜਿੱਤਿਆ ਹੈ। 2014 ਵਿੱਚ ਵਿਕਾਸ ਗੌੜਾ ਨੇ ਡਿਸਕਸ ਥ੍ਰੋਅ ਵਿੱਚ ਦੇਸ਼ ਲਈ ਸੋਨ ਤਗ਼ਮਾ ਜਿੱਤਿਆ ਹੈ। ਮੁਹੰਮਦ ਅਨਾਸ ਯਾਹੀਆ ਦੀ 400 ਮੀਟਰ ਦੌੜ ਦੇ ਫਾਈਨਲ ਵਿੱਚ ਦਾਖ਼ਲੇ ਨੇ ਭਾਰਤ ਲਈ ਇੱਕ ਹੋਰ ਗੋਲਡ ਮੈਡਲ ਦੀ ਆਸ ਜਗਾ ਦਿੱਤੀ ਹੈ।